ਗੋਪੇਸ਼ਵਰ ਮਹਾਦੇਵ ਨੂੰ ਜਲ ਚੜ੍ਹਾ ਕੇ ਵਾਪਸ ਪਰਤ ਰਹੇ ਕਾਂਵੜੀਆਂ ਨਾਲ ਸੜਕ ਹਾਦਸਾ, 3 ਦੀ ਮੌਤ

Monday, Aug 05, 2024 - 11:34 PM (IST)

ਮਥੁਰਾ : ਉੱਤਰ ਪ੍ਰਦੇਸ਼ ਦੇ ਮਥੁਰਾ ਜ਼ਿਲ੍ਹੇ ਦੇ ਸੁਰੀਰ ਥਾਣਾ ਕੋਤਵਾਲੀ ਖੇਤਰ 'ਚ ਸੋਮਵਾਰ ਨੂੰ ਗੋਪੇਸ਼ਵਰ ਮਹਾਦੇਵ ਮੰਦਰ 'ਚ ਜਲ ਚੜ੍ਹਾ ਕੇ ਵਾਪਸ ਪਰਤ ਰਹੇ ਤਿੰਨ ਕਾਂਵੜੀਆਂ ਦੀ ਸੜਕ ਹਾਦਸੇ 'ਚ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ। ਪੁਲਸ ਮੁਤਾਬਕ ਹਾਦਸੇ ਤੋਂ ਬਾਅਦ ਗੁੱਸੇ 'ਚ ਆਏ ਪਿੰਡ ਵਾਸੀ ਵੱਡੀ ਗਿਣਤੀ 'ਚ ਮੌਕੇ 'ਤੇ ਇਕੱਠੇ ਹੋ ਗਏ ਅਤੇ ਹੰਗਾਮਾ ਕਰਨਾ ਸ਼ੁਰੂ ਕਰ ਦਿੱਤਾ। ਸੂਚਨਾ ਮਿਲਣ ਤੋਂ ਬਾਅਦ ਸੀਨੀਅਰ ਅਧਿਕਾਰੀਆਂ ਨੇ ਪੁਲਸ ਫੋਰਸ ਭੇਜ ਕੇ ਕਿਸੇ ਤਰ੍ਹਾਂ ਉਨ੍ਹਾਂ ਨੂੰ ਕਾਬੂ ਕੀਤਾ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ। 

ਇਹ ਵੀ ਪੜ੍ਹੋ : ਬੰਗਲਾਦੇਸ਼ 'ਚ ਹਾਲਾਤ ਵਿਗੜਨ ਤੋਂ ਬਾਅਦ ਮੇਘਾਲਿਆ ਨੇ ਬਾਰਡਰ 'ਤੇ ਲਾਇਆ ਰਾਤ ਦਾ ਕਰਫਿਊ

ਵਧੀਕ ਪੁਲਸ ਸੁਪਰਡੈਂਟ (ਦਿਹਾਤੀ) ਤ੍ਰਿਗੁਣ ​​ਬਿਸੇਨ ਨੇ ਦੱਸਿਆ ਕਿ ਨੌਝੀਲ ਥਾਣਾ ਖੇਤਰ ਦੇ ਰਾਮਨਗਰ ਦੇ ਰਹਿਣ ਵਾਲੇ ਮਾਨਵ (19), ਵੇਦਪ੍ਰਕਾਸ਼ (28) ਅਤੇ ਨਰੇਸ਼ (22) ਵਰਿੰਦਾਵਨ ਦੇ ਗੋਪੇਸ਼ਵਰ ਮਹਾਦੇਵ ਮੰਦਰ ਵਿਚ ਜਲ ਚੜ੍ਹਾਉਣ ਤੋਂ ਬਾਅਦ ਬਾਈਕ ਰਾਹੀਂ ਆਪਣੇ ਪਿੰਡ ਪਰਤ ਰਹੇ ਸਨ। ਬਿਸੇਨ ਮੁਤਾਬਕ, ਸੁਰੀਰ ਕੋਤਵਾਲੀ ਖੇਤਰ ਦੇ ਕਸਬੇ ਦੇ ਨੇੜੇ ਪਹੁੰਚਣ 'ਤੇ ਉਨ੍ਹਾਂ ਦੀ ਬਾਈਕ ਅੱਗੇ ਜਾ ਰਹੇ ਟਰੈਕਟਰ-ਟਰਾਲੀ ਨਾਲ ਟਕਰਾ ਗਈ, ਜਿਸ ਕਾਰਨ ਤਿੰਨਾਂ ਦੀ ਮੌਕੇ 'ਤੇ ਹੀ ਮੌਤ ਹੋ ਗਈ। ਉਨ੍ਹਾਂ ਦੱਸਿਆ ਕਿ ਇਸ ਹਾਦਸੇ ਤੋਂ ਬਾਅਦ ਆਸਪਾਸ ਦੇ ਪਿੰਡ ਵਾਸੀ ਮੌਕੇ 'ਤੇ ਇਕੱਠੇ ਹੋਣੇ ਸ਼ੁਰੂ ਹੋ ਗਏ। ਉਹ ਉਥੇ ਹੰਗਾਮਾ ਕਰਨ ਅਤੇ ਟ੍ਰੈਫਿਕ ਜਾਮ ਕਰਨ ਦੀ ਕੋਸ਼ਿਸ਼ ਕਰ ਰਹੇ ਸਨ, ਉਦੋਂ ਕਈ ਥਾਣਿਆਂ ਦੀ ਪੁਲਸ ਫੋਰਸ ਨੂੰ ਮੌਕੇ 'ਤੇ ਭੇਜਿਆ ਗਿਆ। ਬਿਸੇਨ ਨੇ ਦੱਸਿਆ ਕਿ ਪੁਲਸ ਫੋਰਸ ਨੇ ਸਥਿਤੀ 'ਤੇ ਕਾਬੂ ਪਾਇਆ ਅਤੇ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਦਿੱਤਾ।

ਉਥੇ, ਆਗਰਾ 'ਚ ਤਾਜਗੰਜ ਦੇ ਬਰੌਲੀ ਅਹੀਰ ਇਲਾਕੇ 'ਚ ਇਨਰ ਰਿੰਗ ਰੋਡ 'ਤੇ ਦੋ ਕਾਂਵੜੀਆਂ ਨੂੰ ਇਕ ਤੇਜ਼ ਰਫਤਾਰ ਕਾਰ ਨੇ ਟੱਕਰ ਮਾਰ ਦਿੱਤੀ, ਜਿਸ ਨਾਲ ਦੋਵੇਂ ਜ਼ਖਮੀ ਹੋ ਗਏ। ਇਕ ਪੁਲਸ ਅਧਿਕਾਰੀ ਨੇ ਦੱਸਿਆ ਕਿ ਦੋਵਾਂ ਨੂੰ ਇਲਾਜ ਲਈ ਇਕ ਨਿੱਜੀ ਹਸਪਤਾਲ 'ਚ ਦਾਖਲ ਕਰਵਾਇਆ ਗਿਆ ਹੈ। ਉਨ੍ਹਾਂ ਦੱਸਿਆ ਕਿ ਜਦੋਂ ਕਾਂਵੜ ਤੋੜਿਆ ਗਿਆ ਤਾਂ ਗੁੱਸੇ ਵਿਚ ਆਏ ਕਾਂਵੜੀਆਂ ਨੇ ਕਾਰ ਦੀ ਭੰਨਤੋੜ ਕੀਤੀ, ਜਿਸ ਕਾਰਨ ਕਾਰ ਵਿਚ ਸਵਾਰ ਦੋ ਨੌਜਵਾਨ ਵੀ ਜ਼ਖ਼ਮੀ ਹੋ ਗਏ। ਇਸ ਸਬੰਧੀ ਥਾਣਾ ਤਾਜਗੰਜ ਦੇ ਇੰਚਾਰਜ ਜਸਵੀਰ ਸਿੰਘ ਨੇ ਦੱਸਿਆ ਕਿ ਸੂਚਨਾ ਮਿਲਦੇ ਹੀ ਪੁਲਸ ਨੇ ਮੌਕੇ 'ਤੇ ਪਹੁੰਚ ਕੇ ਮਾਮਲਾ ਸ਼ਾਂਤ ਕੀਤਾ। ਉਨ੍ਹਾਂ ਦੱਸਿਆ ਕਿ ਇਕ ਕਾਂਵੜੀਏ ਦੀ ਹਾਲਤ ਠੀਕ ਹੈ ਜਦਕਿ ਦੂਜੇ ਕਾਂਵੜੀਏ ਦੀ ਹਾਲਤ ਨਾਜ਼ੁਕ ਹੈ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

 


Sandeep Kumar

Content Editor

Related News