BP, ਸਟ੍ਰੋਕ, ਦਿਲ ਤੇ ਗੁਰਦੇ ਦੀਆਂ ਬੀਮਾਰੀਆਂ ਦਾ ਵਧਿਆ ਖਤਰਾ! ਭਾਰਤੀਆਂ ਦੀ ਇਹ ਆਦਤ ਬਣ ਰਹੀ ਜਾਨ ਦਾ ਖੌਅ

Sunday, Jul 13, 2025 - 10:00 PM (IST)

BP, ਸਟ੍ਰੋਕ, ਦਿਲ ਤੇ ਗੁਰਦੇ ਦੀਆਂ ਬੀਮਾਰੀਆਂ ਦਾ ਵਧਿਆ ਖਤਰਾ! ਭਾਰਤੀਆਂ ਦੀ ਇਹ ਆਦਤ ਬਣ ਰਹੀ ਜਾਨ ਦਾ ਖੌਅ

ਨਵੀਂ ਦਿੱਲੀ-ਭਾਰਤੀਆਂ ਵੱਲੋਂ ਲੂਣ ਦੀ ਮਿੱਥੀ ਹੱਦ ਤੋਂ ਵੱਧ ਵਰਤੋਂ ਦੇਸ਼ ’ਚ ਇਕ ਖਾਮੋਸ਼ ਮਹਾਮਾਰੀ ਦਾ ਰੂਪ ਧਾਰਨ ਕਰ ਰਹੀ ਹੈ। ਇਸ ਨਾਲ ਲੋਕਾਂ ’ਚ ਹਾਈ ਬਲੱਡ ਪ੍ਰੈਸ਼ਰ, ਸਟ੍ਰੋਕ, ਦਿਲ ਅਤੇ ਗੁਰਦੇ ਦੀਆਂ ਬੀਮਾਰੀਆਂ ਦਾ ਖਤਰਾ ਵਧ ਰਿਹਾ ਹੈ। ਇਹ ਜਾਣਕਾਰੀ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ. ਸੀ. ਐੱਮ. ਆਰ.) ਦੇ ਨੈਸ਼ਨਲ ਇੰਸਟੀਚਿਊਟ ਆਫ਼ ਐਪੀਡੈਮਿਓਲੋਜੀ ਦੇ ਵਿਗਿਆਨੀਆਂ ਨੇ ਦਿੱਤੀ ਹੈ। ਵਿਗਿਆਨੀਆਂ ਨੇ ਇਸ ਸਮੱਸਿਆ ਨੂੰ ਹੱਲ ਕਰਨ ਲਈ ਕਮਿਊਨਿਟੀ-ਆਧਾਰਿਤ ਲੂਣ ਘਟਾਉਣ ਦਾ ਇਕ ਅਧਿਐਨ ਸ਼ੁਰੂ ਕੀਤਾ ਹੈ। ਉਹ ਘੱਟ ਸੋਡੀਅਮ ਵਾਲੇ ਲੂਣ ਦੇ ਬਦਲਾਂ ’ਤੇ ਧਿਆਨ ਕੇਂਦਰਿਤ ਕਰ ਰਹੇ ਹਨ।

ਵਿਸ਼ਵ ਸਿਹਤ ਸੰਗਠਨ ਨੇ ਪ੍ਰਤੀ ਵਿਅਕਤੀ ਰੋਜ਼ਾਨਾ 5 ਗ੍ਰਾਮ ਤੋਂ ਘੱਟ ਲੂਣ ਦੀ ਵਰਤੋਂ ਕਰਨ ਦੀ ਸਿਫਾਰਸ਼ ਕੀਤੀ ਹੈ ਪਰ ਅਧਿਐਨਾਂ ਤੋਂ ਪਤਾ ਲੱਗਦਾ ਹੈ ਕਿ ਸ਼ਹਿਰਾਂ ’ਚ ਰਹਿਣ ਵਾਲੇ ਭਾਰਤੀ ਲਗਭਗ 9.2 ਗ੍ਰਾਮ ਲੂਣ ਹਰ ਰੋਜ਼ ਖਾਂਦੇ ਹਨ। ਪੇਂਡੂ ਖੇਤਰਾਂ ’ਚ ਇਹ ਲਗਭਗ 5.6 ਗ੍ਰਾਮ ਹੈ। ਇਸ ਤਰ੍ਹਾਂ ਪੂਰੇ ਦੇਸ਼ ’ਚ ਲੂਣ ਦੀ ਵਰਤੋਂ ਸਿਫ਼ਾਰਸ਼ ਕੀਤੀ ਮਾਤਰਾ ਤੋਂ ਵੱਧ ਹੈ।

ਨੈਸ਼ਨਲ ਇੰਸਟੀਚਿਊਟ ਆਫ਼ ਐਪੀਡੈਮੀਓਲੋਜੀ ਦੇ ਸੀਨੀਅਰ ਵਿਗਿਆਨੀ ਤੇ ਅਧਿਐਨ ਦੇ ਮੁੱਖ ਜਾਂਚਕਰਤਾ ਡਾ. ਸ਼ਰਨ ਮੁਰਲੀ ਨੇ ਕਿਹਾ ਕਿ ਇਸ ਸਥਿਤੀ ਨੂੰ ਬਦਲਣ ਦੀ ਇਕ ਉਮੀਦ ਘੱਟ ਸੋਡੀਅਮ ਵਾਲਾ ਲੂਣ ਹੈ। ਇਹ ਲੂਣ ਦਾ ਇਕ ਰੂਪ ਹੈ ਜਿਸ ’ਚ ਸੋਡੀਅਮ ਕਲੋਰਾਈਡ ਦੇ ਇਕ ਹਿੱਸੇ ਨੂੰ ਪੋਟਾਸ਼ੀਅਮ ਜਾਂ ਮੈਗਨੀਸ਼ੀਅਮ ਲੂਣ ਨਾਲ ਬਦਲਿਆ ਜਾਂਦਾ ਹੈ। ਸੋਡੀਅਮ ਦੀ ਘੱਟ ਵਰਤੋਂ ਬਲੱਡ ਪ੍ਰੈਸ਼ਰ ਨੂੰ ਘਟਾਉਣ ’ਚ ਮਦਦ ਕਰਦੀ ਹੈ। ਨਾਲ ਹੀ ਦਿਲ ਦੀ ਸਿਹਤ ’ਚ ਵੀ ਸੁਧਾਰ ਕਰਦੀ ਹੈ।

ਇਸ ਤਰ੍ਹਾਂ ਘੱਟ ਸੋਡੀਅਮ ਵਾਲੇ ਬਦਲ ਇਕ ਵਧੀਆ ਬਦਲ ਬਣ ਜਾਂਦੇ ਹਨ, ਖਾਸ ਕਰ ਕੇ ਹਾਈਪਰਟੈਨਸ਼ਨ ਵਾਲੇ ਮਰੀਜ਼ਾਂ ਲਈ।


author

Hardeep Kumar

Content Editor

Related News