ਪ੍ਰਿਯੰਕਾ ਦੇ ਅਮਰੀਕਾ ਤੋਂ ਪਰਤਣ ਪਿੱਛੋਂ ਕਾਂਗਰਸ ’ਚ ਹੋਵੇਗਾ ਫੇਰਬਦਲ
Sunday, Aug 15, 2021 - 11:14 AM (IST)
ਨਵੀਂ ਦਿੱਲੀ– ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਦੇ 21 ਅਗਸਤ ਨੂੰ ਅਮਰੀਕਾ ਤੋਂ ਵਾਪਸ ਆਉਣ ਪਿੱਛੋਂ ਪਾਰਟੀ ਵਿਚ ਵੱਡੀ ਪੱਧਰ ’ਤੇ ਫੇਰਬਦਲ ਹੋਣ ਦੀ ਸੰਭਾਵਨਾ ਹੈ। ਗਾਂਧੀ ਪਰਿਵਾਰ ਦੇ ਨੇੜਲੇ ਸੂਤਰਾਂ ਮੁਤਾਬਕ ਪ੍ਰਿਯੰਕਾ ਦੇ ਇਸ ਮਹੀਨੇ ਭਾਰਤ ਤੋਂ ਜਾਣ ਤੋਂ ਪਹਿਲਾਂ ਹੀ ਇਸ ਫੇਰਬਦਲ ਦੇ ਬਲਿਊ ਪ੍ਰਿੰਟ ’ਤੇ ਚਰਚਾ ਕਰ ਲਈ ਗਈ ਸੀ। ਗਾਂਧੀ ਪਰਿਵਾਰ ਨੇ ਚੋਣ ਰਣਨੀਤੀਕਾਰ ਪ੍ਰਸ਼ਾਂਤ ਕਿਸ਼ੋਰ ਨੂੰ ਪਾਰਟੀ ਵਿਚ ਲਿਆਉਣ ਸਬੰਧੀ ਪਹਿਲਾਂ ਤੋਂ ਹੀ ਸਿਧਾਂਤਕ ਤੌਰ ’ਤੇ ਫੈਸਲਾ ਕਰ ਲਿਆ ਹੈ। ਬਲਿਊ ਪ੍ਰਿੰਟ ਨੂੰ ਕਾਂਗਰਸ ਦੀ ਵਰਕਿੰਗ ਕਮੇਟੀ ਵਿਚ ਵੰਡ ਦਿੱਤਾ ਗਿਆ ਹੈ। ਅਜੇ ਇਸ ਬਾਰੇ ਕੋਈ ਅੰਤਿਮ ਫੈਸਲਾ ਨਹੀਂ ਲਿਆ ਗਿਆ ਕਿਉਂਕਿ ਪ੍ਰਿਯੰਕਾ ਵਿਦੇਸ਼ੀ ਦੌਰੇ ’ਤੇ ਹੈ।
ਸੋਨੀਆ ਗਾਂਧੀ 2024 ਦੀਆਂ ਲੋਕ ਸਭਾ ਚੋਣਾਂ ਅਤੇ ਮਾਰਚ 2022 ਤੋਂ ਕਈ ਸੂਬਿਆਂ ਵਿਚ ਹੋਣ ਵਾਲੀਆਂ ਅਸੈਂਬਲੀ ਚੋਣਾਂ ਲਈ ਆਪਣੀ ‘ਵਾਰ ਟੀਮ’ ਬਣਾ ਰਹੀ ਹੈ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਨਵਜੋਤ ਸਿੰਘ ਸਿੱਧੂ ਦਰਮਿਆਨ ਕਿਸੇ ਤਰ੍ਹਾਂ ਦਾ ਕੰਮਕਾਜੀ ਤਾਲਮੇਲ ਬਿਠਾਉਣ ਲਈ ਸੋਨੀਆ ਗਾਂਧੀ ਨੇ ਜਿਸ ਤਰ੍ਹਾਂ ਸਮਾਂ ਦਿੱਤਾ, ਉਹ ਇਸ ਗੱਲ ਦਾ ਸੰਕੇਤ ਹੈ ਕਿ ਤਬਦੀਲੀ ਦੀ ਹਵਾ ਵਗ ਰਹੀ ਹੈ।
ਮੌਜੂਦਾ ਸਮੇਂ ਵਿਚ ਸੋਨੀਆ ਰਾਜਸਥਾਨ ਦੇ ਆਗੂਆਂ ਵਿਚ ਮੇਲ-ਮਿਲਾਪ ਦੇ ਫਾਰਮੂਲੇ ’ਤੇ ਕੰਮ ਕਰ ਰਹੀ ਹੈ। ਮੁੱਖ ਮੰਤਰੀ ਅਸ਼ੋਕ ਗਹਿਲੋਤ ਨੂੰ ਦੱਸ ਦਿੱਤਾ ਗਿਆ ਹੈ ਕਿ ਉਨ੍ਹਾਂ ਨੂੰ ਸਚਿਨ ਪਾਇਲਟ ਦੇ 7 ਹਮਾਇਤੀਆਂ ਨੂੰ ਮੰਤਰੀ ਮੰਡਲ ਵਿਚ ਸ਼ਾਮਲ ਕਰਨਾ ਹੋਵੇਗਾ। ਇਸ ਗੱਲ ਦੀ ਸੰਭਾਵਨਾ ਹੈ ਕਿ ਪਾਇਲਟ ਨੂੰ ਰਾਜਸਥਾਨ ਜਾਂ ਸਰਬ ਭਾਰਤੀ ਕਾਂਗਰਸ ਕਮੇਟੀ ਵਿਚ ਅਹਿਮ ਅਹੁਦਾ ਦਿੱਤਾ ਜਾ ਸਕਦਾ ਹੈ। ਉੱਤਰਾਖੰਡ ਵਿਚ ਹਾਈਕਮਾਨ ਨੇ ਹਰੀਸ਼ ਰਾਵਤ ਨੂੰ ਮੱੁਖ ਮੰਤਰੀ ਦੇ ਅਹੁਦੇ ਦੇ ਉਮੀਦਵਾਰ ਵਜੋਂ ਪੇਸ਼ ਕਰਨ ਦਾ ਫੈਸਲਾ ਕੀਤਾ ਹੈ। ਸੋਨੀਆ ਨੇ ਪਹਿਲਾਂ ਹੀ ਉੱਤਰਾਖੰਡ ਲਈ ਟੀਮ ਦਾ ਐਲਾਨ ਕੀਤਾ ਹੈ ਅਤੇ ਗੋਆ ਇਕਾਈ ਵਿਚ ਵੀ ਜਲਦੀ ਤਬਦੀਲੀ ਹੋਵੇਗੀ।
ਜੇ ਸਭ ਕੁਝ ਯੋਜਨਾ ਮੁਤਾਬਕ ਚੱਲਦਾ ਰਿਹਾ ਤਾਂ ਸਰਬ ਭਾਰਤੀ ਕਾਂਗਰਸ ਕਮੇਟੀ ਦੇ ਸੰਪੂਰਨ ਜਥੇਬੰਦਕ ਢਾਂਚੇ ਵਿਚ ਵੱਡੀ ਤਬਦੀਲੀ ਵੇਖਣ ਨੂੰ ਮਿਲੇਗੀ। ਆਪਣੇ ਸਿਆਸੀ ਸਲਾਹਕਾਰ ਰਹੇ ਅਹਿਮਦ ਪਟੇਲ ਦੇ ਅਚਾਨਕ ਦਿਹਾਂਤ ਪਿੱਛੋਂ ਸੋਨੀਆ ਗਾਂਧੀ ਨੂੰ ਅਜਿਹੇ ਕਿਸੇ ਵਿਅਕਤੀ ਦੀ ਸਖ਼ਤ ਲੋੜ ਹੈ, ਜੋ ਉਨ੍ਹਾਂ ਦੀ ਮਦਦ ਕਰ ਸਕੇ। ਉਨ੍ਹਾਂ ਨਿੱਜੀ ਤੌਰ ’ਤੇ ਪਾਰਟੀ ਦੇ ਪੁਰਾਣੇ ਮੈਂਬਰ ਅਤੇ ਸਾਬਕਾ ਰੇਲ ਮੰਤਰੀ ਪਵਨ ਕੁਮਾਰ ਬਾਂਸਲ ਨੂੰ ਸਰਬ ਭਾਰਤੀ ਕਾਂਗਰਸ ਕਮੇਟੀ ਦਾ ਖਜ਼ਾਨਚੀ ਚੁਣਿਆ ਹੈ। ਪਾਰਟੀ ਵਿਚ ਤਬਦੀਲੀ ਕਾਂਗਰਸ ਦੇ ਮਿਸ਼ਨ 2024 ਦਾ ਹਿੱਸਾ ਹੈ। ਗੁਲਾਮ ਨਬੀ ਆਜ਼ਾਦ ਜਿਨ੍ਹਾਂ ਨਾਲ ਮਤਭੇਦ ਪੈਦਾ ਹੋ ਗਏ ਸਨ, ਮੁੜ ਹਮਾਇਤ ’ਤੇ ਆ ਗਏ ਹਨ ਅਤੇ ਉਹ ਰਾਹੁਲ ਗਾਂਧੀ ਦੇ ਕਸ਼ਮੀਰ ਵਾਦੀ ਦੇ ਤਾਜ਼ਾ ਦੌਰੇ ਦੌਰਾਨ ਉਨ੍ਹਾਂ ਦੇ ਨਾਲ ਸਨ।