ਗਣਤੰਤਰ ਦਿਵਸ ਹਿੰਸਾ : ‘19 ਗ੍ਰਿਫਤਾਰ, 25 ਮਾਮਲੇ ਦਰਜ, ਕੇਂਦਰ ਨੇ ਹਾਈਕੋਰਟ ਵਿਚ ਦਿੱਤੀ ਜਾਣਕਾਰੀ’
Thursday, Feb 25, 2021 - 10:53 AM (IST)
ਨਵੀਂ ਦਿੱਲੀ (ਨਵੋਦਿਆ ਟਾਈਮਜ਼)– ਗਣਤੰਤਰ ਦਿਵਸ ’ਤੇ ਟਰੈਕਟਰ ਪਰੇਡ ਦੌਰਾਨ ਹੋਈ ਹਿੰਸਾ ਦੇ ਮਾਮਲੇ ਵਿਚ ਹੁਣ ਤੱਕ 19 ਲੋਕਾਂ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਅਤੇ 25 ਮਾਮਲੇ ਦਰਜ ਹੋਏ ਹਨ। ਬੁੱਧਵਾਰ ਨੂੰ ਦਿੱਲੀ ਹਾਈਕੋਰਟ ਵਿਚ ਕੇਂਦਰ ਸਰਕਾਰ ਵਲੋਂ ਇਹ ਜਾਣਕਾਰੀ ਦਿੱਤੀ ਗਈ। ਕੇਂਦਰ ਸਰਕਾਰ ਵਲੋਂ ਐਡੀਸ਼ਨਲ ਸਾਲਿਸਟਰ ਜਨਰਲ ਚੇਤਨ ਸ਼ਰਮਾ ਅਤੇ ਸਥਾਈ ਬੁਲਾਰੇ ਅਜੇ ਦਿੱਗਪਾਲ ਨੇ ਦੱਸਿਆ ਕਿ 50 ਲੋਕਾਂ ਨੂੰ ਹਿਰਾਸਤ ਵਿਚ ਲਿਆ ਗਿਆ ਹੈ ਅਤੇ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ। ਉਨ੍ਹਾ ਨੇ ਕਿਹਾ ਕਿ ਲਾਲ ਕਿਲੇ ’ਤੇ ਸੁਰੱਖਿਆ ਲਈ ਢੁੱਕਵੀਂ ਗਿਣਤੀ ’ਚ ਸੁਰੱਖਿਆ ਬਲਾਂ ਨੂੰ ਤਾਇਨਾਤ ਕੀਤਾ ਗਿਆ ਹੈ।
ਇਹ ਵੀ ਪੜ੍ਹੋ : ਮਹਾਪੰਚਾਇਤਾਂ ’ਤੇ ਫਿਰ ਤਕਰਾਰ, ਕਈ ਸੰਗਠਨਾਂ ਦੀ ਨਸੀਹਤ-ਬਾਰਡਰ ’ਤੇ ਵਧਾਈਏ ਗਿਣਤੀ
ਵਰਣਨਯੋਗ ਹੈ ਕਿ 26 ਜਨਵਰੀ ਨੂੰ ਖੇਤੀ ਕਾਨੂੰਨਾਂ ਦੇ ਵਿਰੋਧ ’ਚ ਕਿਸਾਨਾਂ ਨੇ ਟਰੈਕਟਰ ਪਰੇਡ ਕੱਢੀ ਸੀ, ਜਿਸ ’ਤੇ ਬਾਅਦ ਵਿਚ ਹਿੰਸਕ ਰੂਪ ਅਖ਼ਤਿਆਰ ਕਰਨ ਦਾ ਦੋਸ਼ ਹੈ। ਮੁੱਖ ਜੱਜ ਡੀ. ਐੱਨ. ਪਟੇਲ ਅਤੇ ਜੱਜ ਜਸਮੀਤ ਸਿੰਘ ਦੀ ਬੈਂਚ ਨੇ ਪੁੱਛਿਆ ਕਿ ਕੀ ਅਜਿਹੀ ਕੋਈ ਅਰਜ਼ੀ ਸੁਪਰੀਮ ਕੋਰਟ ਵਿਚ ਵੀ ਦਿੱਤੀ ਗਈ ਹੈ ਜਾਂ ਉਸ ’ਤੇ ਸੁਣਵਾਈ ਪੈਂਡਿੰਗ ਹੈ ਜਾਂ ਕੋਰਟ ਨੇ ਉਸ ਦਾ ਨਿਪਟਾਰਾ ਕੀਤਾ ਹੈ। ਦਿੱਲੀ ਨਿਵਾਸੀ ਧਨੰਜੇ ਜੈਨ ਦੀ ਪਟੀਸ਼ਨ ਨੂੰ ਸੂਚੀਬੱਧ ਕਰਦਿਆਂ ਕੋਰਟ ਨੇ ਕੇਂਦਰ ਸਰਕਾਰ ਨੂੰ ਆਖਿਆ ਕਿ ਜੇ ਸੁਪਰੀਮ ਕੋਰਟ ਵਿਚ ਅਜਿਹਾ ਕੋਈ ਮਾਮਲਾ ਹੈ, ਉਸ ਦੀ ਜਾਣਕਾਰੀ ਕੋਰਟ ਨੂੰ ਦਿੱਤੀ ਜਾਵੇ। ਅਰਜ਼ੀ ਵਿਚ ਬੇਨਤੀ ਕੀਤੀ ਗਈ ਹੈ ਕਿ ਕਿਸਾਨ ਅੰਦੋਲਨ ਦੇ ਨਾਂ ’ਤੇ ਧਰਨਾ ਦੇ ਰਹੇ ਲੋਕਾਂ ਨੂੰ ਹਟਾਇਆ ਜਾਵੇ ਅਤੇ ਉਥੇ ਸਾਰੀਆਂ ਸੜਕਾਂ ਅਤੇ ਜਨਤਕ ਸਥਾਨ ਖਾਲੀ ਕਰਵਾਏ ਜਾਣ। ਅਪੀਲਕਰਤਾ ਨੇ ਦਿੱਲੀ ਪੁਲਸ ਕਮਿਸ਼ਨਰ ਨੂੰ ਤੁਰੰਤ ਅਹੁਦੇ ਤੋਂ ਹਟਾਉਣ ਅਤੇ ਗਣਤੰਤਰ ਦਿਵਸ ’ਤੇ ਲਾਲ ਕਿਲੇ ਦੀ ਘਟਨਾ ਦੇ ਸਬੰਧ ’ਚ ਆਪਣੀ ਡਿਊਟੀ ਕਥਿਤ ਰੂਪ ਨਾਲ ਪੂਰੀ ਨਾ ਕਰ ਸਕਣ ਵਾਲੇ ਪੁਲਸ ਅਧਿਕਾਰੀਆਂ ਨੂੰ ਸਜ਼ਾ ਦੇਣ ਦੀ ਬੇਨਤੀ ਵੀ ਕੀਤੀ।
ਇਹ ਵੀ ਪੜ੍ਹੋ : ਦਿੱਲੀ ਪੁਲਸ ਨੇ ਦੱਸਿਆ ਗਾਜ਼ੀਪੁਰ 'ਤੇ ਧਰਨਾ ਸਥਾਨ ਖ਼ਾਲੀ ਕਰਨ ਲਈ ਲੱਗੇ ਪੋਸਟਰਾਂ ਦਾ ਸੱਚ