ਹਿੰਦੀ ਸਾਹਿਤ ਜਗਤ ਨੂੰ ਵੱਡਾ ਘਾਟਾ: ਉੱਘੇ ਲੇਖਕ ਅਤੇ ਗਿਆਨਪੀਠ ਜੇਤੂ ਵਿਨੋਦ ਕੁਮਾਰ ਸ਼ੁਕਲ ਦਾ ਦਿਹਾਂਤ
Tuesday, Dec 23, 2025 - 06:05 PM (IST)
ਨੈਸ਼ਨਲ ਡੈਸਕ : ਹਿੰਦੀ ਸਾਹਿਤ ਦੇ ਉੱਘੇ ਕਵੀ ਤੇ ਕਥਾਕਾਰ ਵਿਨੋਦ ਕੁਮਾਰ ਸ਼ੁਕਲ ਦਾ ਸੋਮਵਾਰ ਨੂੰ ਦਿਹਾਂਤ ਹੋ ਗਿਆ। 89 ਸਾਲਾ ਸ਼ੁਕਲ ਨੇ ਰਾਏਪੁਰ ਸਥਿਤ ਆਲ ਇੰਡੀਆ ਇੰਸਟੀਚਿਊਟ ਆਫ ਮੈਡੀਕਲ ਸਾਇੰਸਜ਼ (AIIMS) ਵਿੱਚ ਆਖਰੀ ਸਾਹ ਲਏ। ਉਹ ਪਿਛਲੇ ਕੁਝ ਸਮੇਂ ਤੋਂ ਬਿਮਾਰ ਚੱਲ ਰਹੇ ਸਨ ਅਤੇ ਹਸਪਤਾਲ ਵਿੱਚ ਜ਼ੇਰੇ ਇਲਾਜ ਸਨ। ਜ਼ਿਕਰਯੋਗ ਹੈ ਕਿ ਬੀਤੇ ਮਹੀਨੇ ਹੀ ਉਨ੍ਹਾਂ ਨੂੰ ਹਿੰਦੀ ਸਾਹਿਤ ਦੇ ਸਰਵਉੱਚ ਸਨਮਾਨ ਗਿਆਨਪੀਠ ਪੁਰਸਕਾਰ ਨਾਲ ਨਿਵਾਜਿਆ ਗਿਆ ਸੀ।
ਖੇਤੀਬਾੜੀ ਵਿਗਿਆਨ ਤੋਂ ਸਾਹਿਤਕ ਸਫ਼ਰ ਤੱਕ
1 ਜਨਵਰੀ 1937 ਨੂੰ ਛੱਤੀਸਗੜ੍ਹ ਦੇ ਰਾਜਨਾਂਦਗਾਂਵ ਵਿੱਚ ਜਨਮੇ ਵਿਨੋਦ ਕੁਮਾਰ ਸ਼ੁਕਲ ਨੇ ਖੇਤੀਬਾੜੀ ਵਿਗਿਆਨ ਦੀ ਸਿੱਖਿਆ ਪ੍ਰਾਪਤ ਕੀਤੀ ਸੀ। ਮਿੱਟੀ ਅਤੇ ਹਰਿਆਲੀ ਪ੍ਰਤੀ ਉਨ੍ਹਾਂ ਦਾ ਮੋਹ ਉਨ੍ਹਾਂ ਦੀਆਂ ਰਚਨਾਵਾਂ ਦਾ ਮੁੱਖ ਆਧਾਰ ਬਣਿਆ। ਉਨ੍ਹਾਂ ਨੂੰ ਇੱਕ ਅਜਿਹੇ ਲੇਖਕ ਵਜੋਂ ਜਾਣਿਆ ਜਾਂਦਾ ਸੀ ਜੋ ਬਹੁਤ ਘੱਟ ਬੋਲਦੇ ਸਨ, ਪਰ ਉਨ੍ਹਾਂ ਦੀਆਂ ਰਚਨਾਵਾਂ ਪਾਠਕਾਂ ਦੇ ਮਨਾਂ ਵਿੱਚ ਡੂੰਘੀ ਛਾਪ ਛੱਡਦੀਆਂ ਸਨ।
'ਨੌਕਰ ਕੀ ਕਮੀਜ਼' ਵਰਗੀਆਂ ਕਾਲਜਈ ਰਚਨਾਵਾਂ
ਵਿਨੋਦ ਕੁਮਾਰ ਸ਼ੁਕਲ ਨੇ ਆਪਣੀ ਸਾਹਿਤਕ ਯਾਤਰਾ 'ਲਗਭਗ ਜੈਹਿੰਦ' ਕਵਿਤਾ ਸੰਗ੍ਰਹਿ ਨਾਲ ਸ਼ੁਰੂ ਕੀਤੀ ਸੀ। ਉਨ੍ਹਾਂ ਦੇ ਨਾਵਲ 'ਨੌਕਰ ਕੀ ਕਮੀਜ਼' ਅਤੇ 'ਦੀਵਾਰ ਮੇਂ ਏਕ ਖਿੜਕੀ ਰਹਿਤੀ ਥੀ' ਨੇ ਗੱਦ ਦੇ ਖੇਤਰ ਵਿੱਚ ਸੁਹਜ-ਬੋਧ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਉਨ੍ਹਾਂ ਦੀਆਂ ਹੋਰ ਪ੍ਰਮੁੱਖ ਰਚਨਾਵਾਂ ਵਿੱਚ 'ਸਬ ਕੁਝ ਹੋਨਾ ਬਚਾ ਰਹੇਗਾ', 'ਆਕਾਸ਼ ਧਰਤੀ ਕੋ ਖਟਖਟਾਤਾ ਹੈ' ਅਤੇ 'ਪੇੜ ਪਰ ਕਮਰਾ' ਸ਼ਾਮਲ ਹਨ, ਜੋ ਮਨੁੱਖੀ ਜੀਵਨ ਦੀਆਂ ਗਹਿਰਾਈਆਂ ਨੂੰ ਬੜੀ ਸਾਦਗੀ ਨਾਲ ਪੇਸ਼ ਕਰਦੀਆਂ ਹਨ। ਸ਼ੁਕਲ ਜੀ ਨੂੰ ਉਨ੍ਹਾਂ ਦੀ ਸ਼ਾਨਦਾਰ ਲੇਖਣੀ ਲਈ ਦੇਸ਼ ਦੇ ਕਈ ਵੱਕਾਰੀ ਸਨਮਾਨਾਂ ਨਾਲ ਸਨਮਾਨਿਤ ਕੀਤਾ ਗਿਆ ਸੀ। ਇਨ੍ਹਾਂ ਵਿੱਚ ਗਿਆਨਪੀਠ ਪੁਰਸਕਾਰ ਤੋਂ ਇਲਾਵਾ ਸਾਹਿਤ ਅਕਾਦਮੀ ਪੁਰਸਕਾਰ, ਗਜਾਨਨ ਮਾਧਵ ਮੁਕਤੀਬੋਧ ਫੈਲੋਸ਼ਿਪ, ਸ਼ਿਖਰ ਸਨਮਾਨ, ਰਾਸ਼ਟਰੀ ਮੈਥਿਲੀਸ਼ਰਣ ਗੁਪਤ ਸਨਮਾਨ ਅਤੇ ਰਘੁਵੀਰ ਸਹਾਏ ਸਮ੍ਰਿਤੀ ਪੁਰਸਕਾਰ ਸ਼ਾਮਲ ਹਨ। ਉਨ੍ਹਾਂ ਦਾ ਜਾਣਾ ਹਿੰਦੀ ਸਾਹਿਤ ਲਈ ਇੱਕ ਨਾ ਪੂਰਿਆ ਜਾਣ ਵਾਲਾ ਘਾਟਾ ਹੈ।
