ਸੁੰਨਤ ਦੱਸੇਗੀ ‘ਭਾਈ’ ਜਾਂ ‘ਭਾਈਜਾਨ’, ਭਾਜਪਾ ਵਿਧਾਇਕ ਦਾ ਵਿਵਾਦਿਤ ਬਿਆਨ
Thursday, Nov 14, 2024 - 10:19 PM (IST)
ਬਾਗਪਤ- ਭਾਜਪਾ ਵਿਧਾਇਕ ਨੰਦ ਕਿਸ਼ੋਰ ਨੇ ਚੋਣਾਂ ਦੇ ਮਾਹੌਲ ਵਿਚ ਇਕ ਵੱਡਾ ਵਿਵਾਦਿਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਮੰਦਰ ਵਿਚ ਦਾਖਲ ਹੋਣ ਵਾਲੇ ਹਰ ਵਿਅਕਤੀ ਦੀ ਮਜ਼ਹਬੀ ਪਛਾਣ ਦੀ ਲੋੜ ਹੈ। ਮੰਦਰ ਵਿਚ ਆਉਣ ਵਾਲਿਆਂ ਦਾ ਮਜ਼ਹਬੀ ਟੈਸਟ ਕਰਨ ਅਤੇ ਮੰਤਰ ਪੜ੍ਹਵਾ ਕੇ ‘ਸੁੰਨਤ’ ਦੀ ਜਾਂਚ ਕਰਨ ਦੀ ਵੀ ਗੱਲ ਕਹੀ ਹੈ। ਇਸ ਤੋਂ ਇਹ ਪਤਾ ਚੱਲ ਸਕੇਗਾ ਕਿ ਵਿਅਕਤੀ ‘ਭਾਈ’ ਹੈ ਜਾਂ ‘ਭਾਈਜਾਨ’। ਫਿਲਹਾਲ ਇਹ ਵੀਡੀਓ ਸੋਸ਼ਲ ਮੀਡੀਆ ’ਤੇ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ।
ਦੱਸ ਦੇਈਏ ਕਿ ਭਾਜਪਾ ਵਿਧਾਇਕ ਬੁੱਧਵਾਰ ਰਾਤ ਛਪਰੌਲੀ ਵਿਚ ਇਕ ਵਿਆਹ ਸਮਾਰੋਹ ਵਿਚ ਸ਼ਾਮਲ ਹੋਣ ਲਈ ਗਏ ਸਨ, ਜਿੱਥੇ ਉਨ੍ਹਾਂ ਮੀਡੀਆ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਮੁਸਲਮਾਨ ਵੀ ਹਿੰਦੂ ਦੇਵਤਿਆਂ ਨੂੰ ਮੰਨਦੇ ਹਨ ਅਤੇ ਜਲਦੀ ਹੀ ਮੌਲਵੀ ਵੀ ਜਲਾਭਿਸ਼ੇਕ ਕਰਨਗੇ ਅਤੇ ਭਾਰਤ ਵਿਚ ਸਨਾਤਨ ਧਰਮ ਬੁਲੰਦ ਹੋਵੇਗਾ। ਉਨ੍ਹਾਂ ‘ਥੁੱਕ ਅਤੇ ਪਿਸ਼ਾਬ-ਜੇਹਾਦ’ ਨੂੰ ਵੱਡੀ ਸਾਜ਼ਿਸ਼ ਦੱਸਦਿਆਂ ਕਿਹਾ ਕਿ ਇਸੇ ਕਾਰਨ ਮੁਸਲਿਮ ਧਾਰਮਿਕ ਆਗੂਆਂ ਦੀ ਇਸ ਮੁੱਦੇ ’ਤੇ ਬੋਲਦੀ ਬੰਦ ਰਹਿੰਦੀ ਹੈ।
ਹਿੰਦੂਆਂ ਨੂੰ ਦਰਗਾਹ ’ਤੇ ਨਹੀਂ ਜਾਣਾ ਚਾਹੀਦਾ
ਪ੍ਰਯਾਗਰਾਜ ’ਚ ਹੋਣ ਵਾਲੇ ਮਹਾਕੁੰਭ ’ਚ ਮੁਸਲਮਾਨਾਂ ਨੂੰ ਦੁਕਾਨਾਂ ਨਾ ਲਗਾਉਣ ਦੀਆਂ ਹਦਾਇਤਾਂ ਅਤੇ ਹਿੰਦੂਆਂ ਦੇ ਦਰਗਾਹ ’ਤੇ ਨਾ ਜਾਣ ਸਬੰਧੀ ਸਵਾਲ ’ਤੇ ਪੱਤਰਕਾਰਾਂ ਨਾਲ ਗੱਲ ਕਰਦੇ ਹੋਏ ਭਾਜਪਾ ਵਿਧਾਇਕ ਨੰਦ ਕਿਸ਼ੋਰ ਗੁਰਜਰ ਨੇ ਇਕ ਵਾਰ ਫਿਰ ਵਿਵਾਦਤ ਬਿਆਨ ਦਿੱਤਾ ਹੈ। ਉਨ੍ਹਾਂ ਕਿਹਾ ਹੈ ਕਿ ਹਿੰਦੂਆਂ ਨੂੰ ਦਰਗਾਹ ’ਤੇ ਨਹੀਂ ਜਾਣਾ ਚਾਹੀਦਾ ਕਿਉਂਕਿ ਮਜ਼ਾਰ ਵਿਚ ਜੇਹਾਦੀ ਦਫਨ ਹਨ, ਜਿਨ੍ਹਾਂ ਨੇ ਔਰਤਾਂ ’ਤੇ ਅੱਤਿਆਚਾਰ ਕੀਤੇ ਹਨ।