ਨਵੇਂ ਚੁਣੇ ਸੰਸਦ ਮੈਂਬਰਾਂ ਲਈ ਸੰਸਦ ਭਵਨ ਕੰਪਲੈਕਸ ’ਚ ਖੁੱਲ੍ਹਿਆ ਰਜਿਸਟ੍ਰੇਸ਼ਨ ਕਾਊਂਟਰ
Wednesday, Jun 05, 2024 - 05:38 PM (IST)
ਨਵੀਂ ਦਿੱਲੀ, (ਅਨਸ)- ਨਵੇਂ ਚੁਣੇ ਸੰਸਦ ਮੈਂਬਰਾਂ ਲਈ ਸੰਸਦ ਕੰਪਲੈਕਸ ’ਚ ਮੰਗਲਵਾਰ ਦੁਪਹਿਰ 2 ਵਜੇ ਤੋਂ ਰਜਿਸਟ੍ਰੇਸ਼ਨ ਕਾਊਂਟਰ ਖੋਲ੍ਹ ਦਿੱਤੇ ਗਏ। ਵੋਟਾਂ ਦੀ ਗਿਣਤੀ ਸ਼ੁਰੂ ਹੋਣ ਤੋਂ ਬਾਅਦ ਲੋਕ ਸਭਾ ਸਕੱਤਰੇਤ ਨੇ ਕਿਹਾ ਕਿ ਰਜਿਸਟ੍ਰੇਸ਼ਨ ਕਾਊਂਟਰ 5 ਤੋਂ 14 ਜੂਨ ਤੱਕ ਸਵੇਰੇ 10 ਤੋਂ ਸ਼ਾਮ 8 ਵਜੇ ਤੱਕ ਖੁੱਲ੍ਹੇ ਰਹਿਣਗੇ। ਕਾਗਜ਼ੀ ਕੰਮ ਨੂੰ ਘੱਟ ਕਰਨ ਅਤੇ ਮੈਂਬਰਾਂ ਲਈ ਰਸਮੀ ਕਾਰਵਾਈਆਂ ਨੂੰ ਸੁਚਾਰੂ ਬਣਾਉਣ ਲਈ ਰਜਿਸਟ੍ਰੇਸ਼ਨ ਪ੍ਰਕਿਰਿਆ ਇਕ ਆਨਲਾਈਨ ਏਕੀਕ੍ਰਿਤ ਸਾਫਟਵੇਅਰ ਐਪਲੀਕੇਸ਼ਨ ਰਾਹੀਂ ਕੀਤੀ ਜਾਵੇਗੀ। ਮੈਂਬਰਾਂ ਨੂੰ ਵੱਖ-ਵੱਖ ਸ਼ਾਖਾਵਾਂ ’ਚ ਕਈ ਕਾਗਜ਼ਾਂ ’ਤੇ ਦਸਤਖਤ ਕਰਨ ਦੀ ਲੋੜ ਨਹੀਂ ਹੋਵੇਗੀ, ਜਿਸ ਨਾਲ ਕਾਫੀ ਸਮਾਂ ਬਚੇਗਾ। ਪਹਿਲਾਂ ਨਵੇਂ ਚੁਣੇ ਮੈਂਬਰਾਂ ਦੀ ਰਜਿਸਟ੍ਰੇਸ਼ਨ ਪੁਰਾਣੇ ਸੰਸਦ ਭਵਨ (ਹੁਣ ਸੰਵਿਧਾਨ ਸਦਨ) ਵਿਚ ਹੁੰਦੀ ਸੀ। ਇਸ ਵਾਰ ਸਕੱਤਰੇਤ ਨੇ ਸੰਸਦ ਭਵਨ ਦੀ ਅਨੈਕਸੀ ਵਿਚ ਅਜਿਹੀ ਵਿਵਸਥਾ ਕੀਤਾ ਹੈ।
ਇਕ ਟੀਮ ਨੂੰ ਮੰਗਲਵਾਰ ਨੂੰ ਚੋਣ ਕਮਿਸ਼ਨ ਦੀ ਵੈੱਬਸਾਈਟ ’ਤੇ ਨਜ਼ਰ ਰੱਖਣ ਅਤੇ ਅਸਲ ਸਮੇਂ ’ਚ ਚੁਣੇ ਉਮੀਦਵਾਰਾਂ ਦੇ ਸੰਪਰਕ ਵੇਰਵੇ ਦਰਜ ਕਰਨ ਦਾ ਕੰਮ ਸੌਂਪਿਆ ਗਿਆ ਹੈ। ਸਾਫਟਵੇਅਰ ਐਪਲੀਕੇਸ਼ਨ ਦੀ ਵਰਤੋਂ ਕਰਨ ਵਾਲੀ ਟੀਮ ਇਹ ਪਤਾ ਕਰੇਗੀ ਕਿ ਚੁਣਿਆ ਹੋਇਆ ਉਮੀਦਵਾਰ ਨਵਾਂ ਸੰਸਦ ਮੈਂਬਰ ਹੈ ਜਾਂ ਦੁਬਾਰਾ ਚੁਣਿਆ ਹੋਇਆ ਹੈ। ਉਨ੍ਹਾਂ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਨੂੰ ਵੈਸਟਰਨ ਕੋਰਟ ਅਨੈਕਸੀ, ਜਾਂ ਰਾਜ ਭਵਨਾਂ ’ਚ ਅਸਥਾਈ ਰਿਹਾਇਸ਼ ਪ੍ਰਦਾਨ ਕੀਤੀ ਜਾ ਰਹੀ ਹੈ, ਜਿਨ੍ਹਾਂ ਕੋਲ ਰਾਸ਼ਟਰੀ ਰਾਜਧਾਨੀ ’ਚ ਪਹਿਲਾਂ ਤੋਂ ਸਰਕਾਰੀ ਰਿਹਾਇਸ਼ ਨਹੀਂ ਹੈ।