ਤੇਜ਼ ਰਫਤਾਰ ਬੱਸ 'ਚ REEL ਬਣਾਉਂਦੇ ਡਰਾਇਵਰ ਨੇ ਪਲਟਾ 'ਤੀ ਬੱਸ, 6 ਦੀ ਮੌਤ

Monday, Oct 07, 2024 - 03:22 PM (IST)

ਅੰਬਾਜੀ : ਗੁਜਰਾਤ ਦੇ ਅੰਬਾਜੀ ਵਿੱਚ ਸੋਮਵਾਰ ਸਵੇਰੇ ਇੱਕ ਭਿਆਨਕ ਸੜਕ ਹਾਦਸਾ ਵਾਪਰਿਆ। ਇਸ 'ਚ 6 ਲੋਕਾਂ ਦੀ ਮੌਤ ਹੋ ਗਈ। 35 ਤੋਂ ਵੱਧ ਜ਼ਖ਼ਮੀ ਹੋ ਗਏ। ਇਹ ਹਾਦਸਾ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ। ਦੋਸ਼ ਹੈ ਕਿ ਉਹ ਸ਼ਰਾਬ ਪੀ ਕੇ ਚੱਲਦੀ ਬੱਸ 'ਚ ਆਪਣੇ ਮੋਬਾਈਲ 'ਤੇ ਰੀਲ ਬਣਾ ਰਿਹਾ ਸੀ। ਇਸੇ ਦੌਰਾਨ ਬੱਸ ਬੇਕਾਬੂ ਹੋ ਕੇ ਰੇਲਿੰਗ ਨਾਲ ਟਕਰਾ ਕੇ ਪਲਟ ਗਈ। ਫਿਲਹਾਲ ਡਰਾਈਵਰ ਫਰਾਰ ਹੈ। ਉਸ ਦੀ ਭਾਲ ਜਾਰੀ ਹੈ।

ਗੁਜਰਾਤ ਦੇ ਮਸ਼ਹੂਰ ਤੀਰਥ ਸਥਾਨ ਅੰਬਾਜੀ ਵਿੱਚ ਸੋਮਵਾਰ ਸਵੇਰੇ ਇੱਕ ਬੱਸ ਹਾਦਸੇ ਵਿੱਚ 6  ਲੋਕਾਂ ਦੀ ਮੌਤ ਹੋ ਗਈ। ਜਦਕਿ ਇਸ 'ਚ 35 ਤੋਂ ਵੱਧ ਲੋਕ ਜ਼ਖਮੀ ਹੋਏ ਹਨ। ਬੱਸ ਵਿੱਚ ਕੁੱਲ 50 ਯਾਤਰੀ ਸਵਾਰ ਸਨ। ਇਹ ਹਾਦਸਾ ਵੇਲੇ ਹੋਇਆ ਜਦੋਂ ਬੱਸ ਅੰਬਾਜੀ ਦੇ ਤ੍ਰਿਸ਼ੂਲੀਆ ਘਾਟ 'ਤੇ ਪਹੁੰਚੀ ਸੀ। ਅਚਾਨਕ ਬੱਸ ਬੇਕਾਬੂ ਹੋ ਕੇ ਘਾਟੀ ਦੀ ਰੇਲਿੰਗ ਨਾਲ ਜਾ ਟਕਰਾਈ ਅਤੇ ਪਲਟ ਗਈ। ਹਾਦਸੇ ਤੋਂ ਤੁਰੰਤ ਬਾਅਦ ਮੌਕੇ 'ਤੇ ਚੀਕ-ਚੀਹਾੜਾ ਮੱਚ ਗਿਆ। 

ਜ਼ਖਮੀਆਂ ਨੂੰ ਤੁਰੰਤ ਪਾਲਨਪੁਰ ਅਤੇ ਅੰਬਾਜੀ ਦੇ ਸਿਵਲ ਹਸਪਤਾਲਾਂ 'ਚ ਦਾਖਲ ਕਰਵਾਇਆ ਗਿਆ। 35 ਵਿੱਚੋਂ 6 ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਲੋੜ ਪੈਣ 'ਤੇ ਉਨ੍ਹਾਂ ਨੂੰ ਕਿਸੇ ਹੋਰ ਹਸਪਤਾਲ 'ਚ ਰੈਫਰ ਕੀਤਾ ਜਾਵੇਗਾ। ਇੱਕ ਯਾਤਰੀ ਨੇ ਦੱਸਿਆ- ਇਹ ਹਾਦਸਾ ਡਰਾਈਵਰ ਦੀ ਲਾਪਰਵਾਹੀ ਕਾਰਨ ਵਾਪਰਿਆ ਹੈ। ਉਹ ਚੱਲਦੀ ਬੱਸ ਵਿੱਚ ਰੀਲ ਬਣਾ ਰਿਹਾ ਸੀ। ਲੋਕਾਂ ਨੇ ਉਸ ਨੂੰ ਅਜਿਹਾ ਕਰਨ ਤੋਂ ਵੀ ਵਰਜਿਆ। ਪਰ ਡਰਾਈਵਰ ਨਹੀਂ ਮੰਨਿਆ ਤੇ ਉਹ ਰੀਲ ਬਣਾਉਂਦਾ ਰਿਹਾ। ਇਸ ਦੇ ਨਾਲ ਹੀ ਬੱਸ ਦੀ ਰਫ਼ਤਾਰ ਵੀ ਤੇਜ਼ ਸੀ।

ਡਰਾਈਵਰ ਹੋ ਗਿਆ ਫਰਾਰ

ਯਾਤਰੀ ਨੇ ਦੱਸਿਆ- ਇਸ ਦੌਰਾਨ ਘਾਟ 'ਤੇ ਹਨੂੰਮਾਨ ਮੰਦਰ ਦੇ ਕੋਲ ਰੇਲਿੰਗ ਨਾਲ ਟਕਰਾ ਕੇ ਬੱਸ ਪਲਟ ਗਈ। ਘਟਨਾ ਤੋਂ ਤੁਰੰਤ ਬਾਅਦ ਡਰਾਈਵਰ ਮੌਕੇ ਤੋਂ ਫਰਾਰ ਹੋ ਗਿਆ। ਉਸ ਨੂੰ ਫੜਨ ਦੀ ਕੋਸ਼ਿਸ਼ ਕੀਤੀ ਗਈ ਪਰ ਉਹ ਨਹੀਂ ਫੜ ਹੋਇਆ। ਦੂਜੇ ਪਾਸੇ ਹੋਰ ਸਵਾਰੀਆਂ ਦਾ ਵੀ ਕਹਿਣਾ ਹੈ ਕਿ ਡਰਾਈਵਰ ਨੇ ਸ਼ਰਾਬ ਪੀਤੀ ਹੋਈ ਸੀ। ਉਹ ਸ਼ਰਾਬ ਦੇ ਨਸ਼ੇ 'ਚ ਤੇਜ਼ ਰਫਤਾਰ ਨਾਲ ਬੱਸ ਚਲਾ ਰਿਹਾ ਸੀ। ਫਿਰ ਅਚਾਨਕ ਉਸ ਨੇ ਆਪਣਾ ਮੋਬਾਈਲ ਕੱਢ ਲਿਆ ਅਤੇ ਰੀਲ ਬਣਾਉਣੀ ਸ਼ੁਰੂ ਕਰ ਦਿੱਤੀ। ਫਿਰ ਇਹ ਹਾਦਸਾ ਹੋਇਆ। ਜੇਕਰ ਡਰਾਈਵਰ ਨੂੰ ਜਲਦੀ ਗ੍ਰਿਫਤਾਰ ਕਰ ਲਿਆ ਜਾਂਦਾ ਹੈ ਅਤੇ ਉਸ ਦੀ ਮੈਡੀਕਲ ਜਾਂਚ ਕਰਵਾਈ ਜਾ ਸਕਦੀ ਹੈ ਤਾਂ ਪਤਾ ਲੱਗੇਗਾ ਕਿ ਉਹ ਸ਼ਰਾਬ ਦੇ ਨਸ਼ੇ 'ਚ ਸੀ ਜਾਂ ਨਹੀਂ।

ਪੁਲਸ ਨੇ ਕੀਤਾ ਪਰਚਾ ਦਰਜ਼

ਪੁਲਸ ਨੇ ਸਵਾਰੀਆਂ ਦੇ ਬਿਆਨ ਲੈ ਕੇ ਡਰਾਈਵਰ ਖਿਲਾਫ ਮਾਮਲਾ ਦਰਜ ਕਰ ਲਿਆ ਹੈ। ਫਿਲਹਾਲ ਉਸ ਦੀ ਭਾਲ ਕੀਤੀ ਜਾ ਰਹੀ ਹੈ। ਪੁਲਸ ਨੇ ਦੱਸਿਆ- ਹਾਦਸੇ ਦਾ ਸ਼ਿਕਾਰ ਹੋਏ ਜ਼ਿਆਦਾਤਰ ਸ਼ਰਧਾਲੂ ਖੇੜਾ ਜ਼ਿਲੇ ਦੇ ਕਠਲਾਲ ਪਿੰਡ ਦੇ ਰਹਿਣ ਵਾਲੇ ਹਨ। ਹਾਦਸੇ ਦੀ ਸੂਚਨਾ ਮਿਲਦੇ ਹੀ ਨੇੜਲੇ ਪਿੰਡ ਦੇ ਲੋਕ ਜ਼ਖਮੀਆਂ ਦੀ ਮਦਦ ਲਈ ਪਹੁੰਚ ਗਏ। ਲੋਕਾਂ ਨੇ ਜ਼ਖਮੀਆਂ ਨੂੰ ਨਿੱਜੀ ਵਾਹਨਾਂ 'ਚ ਅੰਬਾਜੀ ਦੇ ਹਸਪਤਾਲ 'ਚ ਦਾਖਲ ਕਰਵਾਇਆ। ਮਾਮਲੇ ਦੀ ਜਾਂਚ ਚੱਲ ਰਹੀ ਹੈ।


DILSHER

Content Editor

Related News