ਲਾਲ ਕਿਲਾ ਜਿਥੇ ਪ੍ਰਧਾਨ ਮੰਤਰੀ ਲਹਿਰਾਉਂਦੇ ਹਨ ਝੰਡਾ, ਉਥੋਂ ਮਿਲਿਆ ਬਾਰੂਦ ਦਾ ਅੰਡਰਗਰਾਊਂਡ ਚੈਂਬਰ

Sunday, Jul 22, 2018 - 03:33 AM (IST)

ਨਵੀਂ ਦਿੱਲੀ — ਦੇਸ਼ ਦੀ ਸ਼ਾਨ ਲਾਲ ਕਿਲੇ ਦੀ ਸਫਾਈ ਕਰਦੇ ਸਮੇਂ ਭਾਰਤੀ ਪੁਰਾਤਤਵ ਸਰਵੇਖਣ (ਏ. ਐੱਸ. ਆਈ.)  ਵਿਭਾਗ ਦੇ ਮੁਲਾਜ਼ਮਾਂ ਨੂੰ ਬਾਰੂਦ ਦਾ ਇਕ ਗੁਪਤ ਅੰਡਰਗਰਾਊਂਡ ਚੈਂਬਰ ਮਿਲਿਆ ਹੈ। ਇਹ ਚੈਂਬਰ ਲਾਹੌਰੀ ਗੇਟ ਨੇੜੇ ਸੀ।
ਦੱਸਣਯੋਗ ਹੈ ਕਿ ਲਾਹੌਰੀ ਗੇਟ ਲਾਲ ਕਿਲੇ ਦਾ ਮੁੱਖ ਲਾਂਘਾ ਹੈ ਅਤੇ ਇਥੋਂ ਪ੍ਰਧਾਨ ਮੰਤਰੀ ਆਜ਼ਾਦੀ ਦਿਵਸ ਵਾਲੇ ਦਿਨ ਪੂਰੇ ਦੇਸ਼ ਨੂੰ ਸੰਬੋਧਿਤ ਕਰਦੇ ਹਨ।
ਸੂਤਰਾਂ ਮੁਤਾਬਕ ਲਾਲ  ਇੱਟਾਂ ਨਾਲ ਬਣਿਆ 6 ਮੀਟਰ ਲੰਬਾ, 2 ਮੀਟਰ ਚੌੜਾ ਅਤੇ 3 ਮੀਟਰ ਉੱਚਾ ਅੰਡਾਕਾਰ ਡੱਬੇ ਵਰਗਾ  ਇਹ ਚੈਂਬਰ ਮੂਲ ਰੂਪ ਵਿਚ ਗੋਲਾ ਬਾਰੂਦ ਰੱਖਣ ਲਈ ਵਰਤਿਆ ਜਾਂਦਾ ਸੀ। ਜਦੋਂ ਇਸ ਦਾ ਪਤਾ ਲੱਗਾ ਤਾਂ ਉਸ ਵਿਚ ਭਾਰੀ ਮਾਤਰਾ ਵਿਚ ਚਿਕੜ ਭਰਿਆ ਹੋਇਆ ਸੀ। ਇਸ ਚੈਂਬਰ ਵਿਚੋਂ ਕਿਸੇ ਤਰ੍ਹਾਂ ਦਾ ਕੋਈ ਵਿਸਫੋਟਕ ਪਦਾਰਥ ਜਾਂ ਹਥਿਆਰ ਆਦਿ ਨਹੀਂ ਮਿਲਿਆ। ਪੁਰਾਤਤਵ ਸਰਵੇਖਣ ਵਿਭਾਗ ਦੇ ਅਧਿਕਾਰੀਆਂ ਮੁਤਾਬਕ ਇਹ ਚੈਂਬਰ ਸ਼ਾਇਦ 1857 ਵਿਚ ਬਰਤਾਨਵੀ ਫੌਜ ਵਲੋਂ ਬਣਾਇਆ ਗਿਆ ਹੋਵੇਗਾ। ਪਿਛਲੇ ਸਾਲ ਵੀ ਲਾਲ ਕਿਲਾ ਕੰਪਲੈਕਸ ਅੰਦਰ ਸਥਿਤ ਇਕ ਖੂਹ ਦੀ  ਸਫਾਈ ਦੌਰਾਨ ਬਕਸਿਆਂ ਵਿਚ ਰੱਖਿਆ ਗੋਲੀ ਸਿੱਕਾ ਮਿਲਿਆ ਸੀ। ਇਸ ਵਿਚ 90 ਖਾਲੀ ਅਤੇ 50 ਜ਼ਿੰਦਾ ਕਾਰਤੂਸ ਸਨ। ਮੋਰਟਾਰ ਦੇ 5 ਗੋਲੇ ਵੀ ਮਿਲੇ ਸਨ।


Related News