ਹਿਜ਼ਬੁਲ ਅੱਤਵਾਦੀ ਇਮਤਿਆਜ਼ ਕਾਂਡੂ ਖ਼ਿਲਾਫ਼ ਰੈੱਡ ਕਾਰਨਰ ਨੋਟਿਸ ਜਾਰੀ
Saturday, Jul 11, 2026 - 07:25 PM (IST)
ਸ਼੍ਰੀਨਗਰ, (ਏਜੰਸੀ)–ਜੰਮੂ-ਕਸ਼ਮੀਰ ਪੁਲਸ ਦੀ ਸੂਬਾ ਜਾਂਚ ਏਜੰਸੀ (ਐੱਸ. ਆਈ. ਏ.) ਨੇ 2013 ਦੇ ਇਕ ਅੱਤਵਾਦੀ ਹਮਲੇ ਦੇ ਮਾਮਲੇ ਵਿਚ ਹਿਜ਼ਬੁਲ ਮੁਜਾਹਿਦੀਨ ਦੇ ਅੱਤਵਾਦੀ ਇਮਤਿਆਜ਼ ਅਹਿਮਦ ਕਾਂਡੂ ਉਰਫ਼ ਫ਼ੈਯਾਜ਼ ਉਰਫ਼ ਸੱਜਾਦ ਵਿਰੁੱਧ ਇੰਟਰਪੋਲ ਦਾ ਰੈੱਡ ਕਾਰਨਰ ਨੋਟਿਸ ਹਾਸਲ ਕੀਤਾ ਹੈ। ਅਧਿਕਾਰੀਆਂ ਨੇ ਕਿਹਾ ਕਿ ਇਹ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲੇ ਦੇ ਤਰਜੂ ਇਲਾਕੇ ਵਿਚ 2013 ਵਿਚ ਹੋਏ ਅੱਤਵਾਦੀ ਹਮਲੇ ਦੀ ਜਾਂਚ ’ਚ ਇਕ ਵੱਡੀ ਸਫ਼ਲਤਾ ਹੈ, ਜਿਸ ਵਿਚ ਜੰਮੂ-ਕਸ਼ਮੀਰ ਪੁਲਸ ਦੇ ਚਾਰ ਜਵਾਨ ਸ਼ਹੀਦ ਹੋ ਗਏ ਸਨ।
ਅਧਿਕਾਰੀਆਂ ਨੇ ਦੱਸਿਆ ਕਿ ਅੱਤਵਾਦ ਖ਼ਿਲਾਫ਼ ਲਗਾਤਾਰ ਜਾਰੀ ਮੁਹਿੰਮ ਵਿਚ ਵੱਡੀ ਸਫ਼ਲਤਾ ਹਾਸਲ ਕਰਦਿਆਂ ਐੱਸ. ਆਈ. ਏ. ਕਸ਼ਮੀਰ ਨੇ ਹਿਜ਼ਬੁਲ ਮੁਜਾਹਿਦੀਨ ਦੇ ਐਲਾਨੇ ਅੱਤਵਾਦੀ ਇਮਤਿਆਜ਼ ਅਹਿਮਦ ਕਾਂਡੂ ਉਰਫ਼ ਫ਼ੈਯਾਜ਼ ਉਰਫ਼ ਸੱਜਾਦ ਖ਼ਿਲਾਫ਼ ਇੰਟਰਪੋਲ ਦਾ ਰੈੱਡ ਕਾਰਨਰ ਨੋਟਿਸ ਹਾਸਲ ਕੀਤਾ ਹੈ। ਉਨ੍ਹਾਂ ਦੱਸਿਆ ਕਿ ਸੋਪੋਰ ਦੇ ਕਰਾਲਟੰਗ ਦਾ ਰਹਿਣ ਵਾਲਾ ਕਾਂਡੂ ਸਾਲ 2010 ਤੋਂ ਪਾਬੰਦੀਸ਼ੁਦਾ ਅੱਤਵਾਦੀ ਸੰਗਠਨ ਹਿਜ਼ਬੁਲ ਮੁਜਾਹਿਦੀਨ ਦਾ ਸਰਗਰਮ ਮੈਂਬਰ ਅਤੇ ਕਮਾਂਡਰ ਰਿਹਾ ਹੈ। ਅੱਤਵਾਦੀ ਗਤੀਵਿਧੀਆਂ ਵਿਚ ਲਗਾਤਾਰ ਸ਼ਾਮਲ ਰਹਿਣ ਕਾਰਨ ਭਾਰਤ ਸਰਕਾਰ ਨੇ ਅਕਤੂਬਰ ਵਿਚ ਉਸ ਨੂੰ ਅੱਤਵਾਦੀ ਐਲਾਨ ਦਿੱਤਾ ਸੀ।
ਇਸ ਮਾਮਲੇ ’ਚ ਹੋਈ ਅੱਤਵਾਦੀ ਕਾਂਡੂ ’ਤੇ ਕਾਰਵਾਈ
26 ਅਪ੍ਰੈਲ, 2013 ਨੂੰ ਸੋਪੋਰ ਦੇ ਹਾਈਗਾਮ ਸਥਿਤ ਪੀਰ ਮੁਹੱਲਾ ਵਿਚ ਅੱਤਵਾਦੀਆਂ ਨੇ ਆਟੋਮੈਟਿਕ ਹਥਿਆਰਾਂ ਨਾਲ ਪੁਲਸ ਪਾਰਟੀ ’ਤੇ ਘਾਤ ਲਗਾ ਕੇ ਹਮਲਾ ਕੀਤਾ ਸੀ। ਇਸ ਹਮਲੇ ਵਿਚ ਜੰਮੂ-ਕਸ਼ਮੀਰ ਪੁਲਸ ਦੇ ਚਾਰ ਜਵਾਨ ਸ਼ਹੀਦ ਹੋ ਗਏ ਸਨ। ਉਸ ਦੌਰ ਵਿਚ ਸੁਰੱਖਿਆ ਬਲਾਂ ’ਤੇ ਹੋਏ ਸਭ ਤੋਂ ਗੰਭੀਰ ਅੱਤਵਾਦੀ ਹਮਲਿਆਂ ਵਿਚੋਂ ਇਹ ਇਕ ਸੀ।
ਸ਼ੁਰੂਆਤ ਵਿਚ ਇਹ ਕੇਸ ਪੁਲਸ ਸਟੇਸ਼ਨ ਤਰਜੂ, ਸੋਪੋਰ ਵਿਚ ਦਰਜ ਹੋਇਆ ਸੀ। 2024 ਵਿਚ ਇਸ ਨੂੰ ਵਿਸਤ੍ਰਿਤ ਜਾਂਚ ਲਈ ਐੱਸ. ਆਈ. ਏ. ਕਸ਼ਮੀਰ ਨੂੰ ਸੌਂਪ ਦਿੱਤਾ ਗਿਆ। ਐੱਸ. ਆਈ. ਏ. ਨੇ ਸਬੂਤਾਂ, ਗਵਾਹਾਂ ਅਤੇ ਪੂਰੀ ਸਾਜ਼ਿਸ਼ ਨੂੰ ਦੁਬਾਰਾ ਜੋੜ ਕੇ ਜਾਂਚ ਕੀਤੀ। ਜੁਲਾਈ 2024 ਵਿਚ ਏਜੰਸੀ ਨੇ ਸਮਰੱਥ ਟ੍ਰਾਇਲ ਕੋਰਟ ਵਿਚ 6 ਮੁਲਜ਼ਮਾਂ ਖ਼ਿਲਾਫ਼ ਚਾਰਜਸ਼ੀਟ ਦਾਖ਼ਲ ਕੀਤੀ, ਜਿਸ ਵਿਚ ਹੋਰ ਧਾਰਾਵਾਂ ਵੀ ਜੋੜੀਆਂ ਗਈਆਂ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
