ਭਰਤੀ ਘਪਲੇ ਦੀ ਜਾਂਚ ਦੀ ਮੰਗ ਕਰ ਰਹੇ ਬੇਰੋਜ਼ਗਾਰਾਂ ''ਤੇ ਲਾਠੀਚਾਰਜ
Friday, Feb 10, 2023 - 04:45 PM (IST)

ਦੇਹਰਾਦੂਨ- ਉਤਰਾਖੰਡ ਵਿਚ ਸੁਬਾਰਡੀਨੇਟ ਸੇਵਾ ਚੋਣ ਕਮਿਸ਼ਨ ਅਤੇ ਲੋਕ ਸੇਵਾ ਕਮਿਸ਼ਨ ਦੀਆਂ ਵੱਖ-ਵੱਖ ਪ੍ਰੀਖਿਆਵਾਂ ਦੇ ਪ੍ਰਸ਼ਨ ਪੱਤਰ ਲੀਕ ਮਾਮਲਿਆਂ ਦੀ ਸੀ. ਬੀ. ਆਈ. ਜਾਂਚ ਦੀ ਮੰਗ ਨੂੰ ਲੈ ਕੇ ਹਿੰਸਕ ਵਿਖਾਵਾ ਕਰ ਰਹੇ ਲੋਕਾਂ ਨੂੰ ਪੁਲਸ ਨੇ ਲਾਠੀਚਾਰਜ ਕਰ ਕੇ ਹਿਰਾਸਤ ਵਿਚ ਲੈ ਲਿਆ।
ਉਤਰਾਖੰਡ ਬੇਰੋਜ਼ਗਾਰ ਸੰਘ ਵਲੋਂ ਪਿਛਲੇ ਕਈ ਦਿਨਾਂ ਤੋਂ ਗਾਂਧੀ ਪਾਰਕ ਵਿਚ ਭਰਤੀ ਘ ਪਲੇ ਦੀ ਸੀ. ਬੀ. ਆਈ. ਜਾਂਚ ਲਈ ਦਿੱਤਾ ਜਾ ਰਿਹਾ ਧਰਨਾ ਅੱਜ ਹਿੰਸਕ ਹੋ ਗਿਆ। ਜਦਕਿ ਬੁੱਧਵਾਰ ਦੇਰ ਰਾਤ ਧਰਨੇ ’ਤੇ ਬੈਠੇ ਸੰਘ ਦੇ ਪ੍ਰਧਾਨ ਬਾਬੀ ਪੰਵਾਰ ਸਮੇਤ ਅਨੇਕਾਂ ਬੇਰੋਜ਼ਗਾਰ ਨੌਜਵਾਨਾਂ ਨੂੰ ਪੁਲਸ ਜਬਰੀ ਉਠਾ ਕੇ ਅਣਪਛਾਤੀ ਥਾਂ ’ਤੇ ਲੈ ਗਈ। ਜਿਥੋਂ ਸਵੇਰੇ ਵਾਪਸ ਆਉਣ ਤੋਂ ਬਾਅਦ ਕਈ ਹਜ਼ਾਰ ਨੌਜਵਾਨਾਂ ਦੀ ਭੀੜ ਨੇ ਰਾਜਪੁਰ ਰੋਡ ’ਤੇ ਧਰਨਾ ਦੇ ਦਿੱਤਾ।
ਇਸ ਦੌਰਾਨ ਸ਼ਹਿਰ ਦੀ ਟ੍ਰੈਫਿਕ ਵਿਵਸਥਾ ਪੂਰੀ ਤਰ੍ਹਾਂ ਖਰਾਬ ਹੋ ਗਈ। ਤੀਜੇ ਪਹਿਰ ਪੁਲਸ ਨੇ ਇਨ੍ਹਾਂ ਨੂੰ ਸੜਕ ਤੋਂ ਹਟਾਉਣ ਦੀ ਕੋਸ਼ਿਸ਼ ਸ਼ੁਰੂ ਕੀਤੀ ਤਾਂ ਨੌਜਵਾਨਾਂ ਦੀ ਭੀੜ ਵਿਚ ਸ਼ਾਮਲ ਅਣਪਛਾਤੇ ਅਸਮਾਜਿਕ ਤੱਤਾਂ ਨੇ ਪਥਰਾਅ ਸ਼ੁਰੂ ਕਰ ਦਿੱਤਾ। ਇਸ ’ਤੇ ਪੁਲਸ ਨੇ ਲਾਠੀਚਾਰਜ ਕਰਦੇ ਹੋਏ ਸੜਕ ਖਾਲੀ ਕਰਵਾਉਣ ਦੇ ਨਾਲ 100 ਤੋਂ ਨੌਜਵਾਨਾਂ ਨੂੰ ਫੜ੍ਹ ਕੇ ਆਪਣੇ ਵਾਹਨਾਂ ਵਿਚ ਬਿਠਾ ਲਿਆ ਅਤੇ ਅਣਪਛਾਤੇ ਸਥਾਨ ’ਤੇ ਲੈ ਗਏ।
ਦੂਜੇ ਪਾਸੇ ਸੂਤਰਾਂ ਨੇ ਦੱਸਿਆ ਕਿ ਹਿਰਾਸਤ ਵਿਚ ਲਗਭਗ 25 ਲੜਕੀਆਂ ਸਮੇਤ 100 ਤੋਂ ਵੱਧ ਨੌਜਵਾਨ ਸ਼ਾਮਲ ਹਨ, ਜਿਨ੍ਹਾਂ ਨੂੰ ਹਿਮਾਚਲ ਪ੍ਰਦੇਸ਼ ਸੀਮਾ ਵੱਲ ਲਿਜਾਇਆ ਗਿਆ। ਇਸ ਦੌਰਾਨ ਮੁੱਖ ਮੰਤਰੀ ਪੁਸ਼ਕਰ ਸਿੰਘ ਧਾਮੀ ਨੇ ਇਕ ਬਿਆਨ ਵਿਚ ਕਿਹਾ ਹੈ ਕਿ ਸਾਡੀ ਸਰਕਾਰ ਸੂਬੇ ਦੇ ਨੌਜਵਾਨਾਂ ਦੇ ਹਿੱਤਾਂ ਦੀ ਰੱਖਿਆ ਲਈ ਪੂਰੀ ਤਰ੍ਹਾਂ ਚੌਕਸ ਹੈ। ਪਹਿਲਾਂ ਵਾਂਗ ਅਸੀਂ ਕਿਸੇ ਵੀ ਭਰਤੀ ਘਪਲੇ ਨੂੰ ਨਾ ਤਾਂ ਦਬਾਇਆ ਹੈ ਅਤੇ ਨਾ ਲੁਕਾਇਆ ਹੈ। ਜਿੰਨੇ ਵੀ ਮਾਮਲੇ ਸਾਹਮਣੇ ਆਏ, ਅਸੀਂ ਉਨ੍ਹਾਂ ਦੀ ਜਾਂਚ ਕਰਵਾ ਕੇ ਜਿੰਨੇ ਵੀ ਦੋਸ਼ੀ ਹਨ, ਸਾਰਿਆਂ ਨੂੰ ਜੇਲ ਭੇਜਿਆ ਹੈ। ਸਾਡੀ ਸਰਕਾਰ ਨੇ ਇਹ ਪਹਿਲਾਂ ਹੀ ਤੈਅ ਕਰ ਲਿਆ ਸੀ ਕਿ ਭਰਤੀ ਪ੍ਰੀਖਿਆਵਾਂ ਵਿਚ ਨਕਲ ਨੂੰ ਰੋਕਣ ਲਈ ਸਖਤ ਕਾਨੂੰਨ ਬਣਾਵਾਂਗੇ।