ਪੋਲਿੰਗ ਬੂਥ ’ਤੇ ਸੈਲਫੀ ਤੇ ਵੀਡੀਓ ਰਿਕਾਰਡਿੰਗ ਕਰਨ ’ਤੇ ਖੋਹਿਆ ਜਾ ਸਕਦੈ ਤੁਹਾਡਾ ਮੋਬਾਇਲ, ਹੋ ਸਕਦੀ ਹੈ ਜੇਲ
Tuesday, May 21, 2024 - 10:49 PM (IST)
ਨਵੀਂ ਦਿੱਲੀ- ਲੋਕ ਸਭਾ ਚੋਣਾਂ ਦੀ ਵੋਟਿੰਗ ਦੌਰਾਨ ਲਿਆ ਗਿਆ ਇੱਕ ਵੀਡੀਓ ਸੋਸ਼ਲ ਮੀਡੀਆ ’ਤੇ ਵਾਇਰਲ ਹੋਇਆ ਹੈ। ਇਸ ਵੀਡੀਓ ਵਿੱਚ ਇੱਕ ਵਿਅਕਤੀ ਮੋਬਾਈਲ ਫੋਨ ਲੈ ਕੇ ਪੋਲਿੰਗ ਬੂਥ ਦੇ ਅੰਦਰ ਪਹੁੰਚਦਾ ਹੈ ਅਤੇ ਵੋਟਿੰਗ ਦੌਰਾਨ ਵੀਡੀਓ ਰਿਕਾਰਡ ਕਰਦਾ ਹੈ। ਪੁਲਸ ਨੇ ਇਸ ਮਾਮਲੇ ’ਚ ਕਾਰਵਾਈ ਕਰਦੇ ਹੋਏ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਹੈ। ਚੋਣ ਕਮਿਸ਼ਨ ਕੋਲ ਅਜਿਹੀਆਂ ਸਾਰੀਆਂ ਸ਼ਕਤੀਆਂ ਹਨ, ਜੋ ਨਿਯਮਾਂ ਦੀ ਉਲੰਘਣਾ ਕਰਨ ’ਤੇ ਦੋਸ਼ੀ ਤੋਂ ਵੋਟ ਦਾ ਅਧਿਕਾਰ ਖੋਹ ਸਕਦਾ ਹੈ।
ਲੋਕ ਪ੍ਰਤੀਨਿਧਤਾ ਐਕਟ, 1951 ਦੀ ਧਾਰਾ 128 ਵੋਟਿੰਗ ਦੀ ਗੁਪਤਤਾ ਨੂੰ ਕਾਇਮ ਰੱਖਣ ਨੂੰ ਯਕੀਨੀ ਬਣਾਉਂਦਾ ਹੈ। ਪੋਲਿੰਗ ਸਟੇਸ਼ਨ ’ਤੇ ਕਿਸੇ ਵੀ ਚੋਣ ਅਧਿਕਾਰੀ, ਕਲਰਕ ਜਾਂ ਕਿਸੇ ਹੋਰ ਵਿਅਕਤੀ ਨੂੰ ਸਪੱਸ਼ਟ ਤੌਰ ’ਤੇ ਇਹ ਦੱਸਣ ਦੀ ਮਨਾਹੀ ਹੈ ਕਿ ਕਿਸ ਵੋਟਰ ਨੇ ਕਿਸ ਨੂੰ ਵੋਟ ਪਾਈ ਹੈ। ਜੇਕਰ ਕੋਈ ਵੋਟਰ ਆਪਣੀ ਵੋਟ ਦਾ ਖੁਲਾਸਾ ਅਜਿਹੇ ਤਰੀਕੇ ਨਾਲ ਕਰਦਾ ਹੈ ਜਿਸ ਨਾਲ ਬੈਲਟ ਦੀ ਗੁਪਤਤਾ ਦੀ ਉਲੰਘਣਾ ਹੁੰਦੀ ਹੈ, ਤਾਂ ਇਸ ਨੂੰ ਸਜ਼ਾਯੋਗ ਅਪਰਾਧ ਮੰਨਿਆ ਜਾਂਦਾ ਹੈ। ਕੋਈ ਵੀ ਵਿਅਕਤੀ ਧਾਰਾ 128 ਦੀ ਉਲੰਘਣਾ ਕਰਦਾ ਪਾਇਆ ਗਿਆ ਤਾਂ ਉਸ ਨੂੰ 3 ਮਹੀਨੇ ਤੱਕ ਦੀ ਕੈਦ ਜਾਂ ਜੁਰਮਾਨਾ ਜਾਂ ਦੋਵੇਂ ਹੋ ਸਕਦੇ ਹਨ। ਇਸ ਤੋਂ ਇਲਾਵਾ, ਚੋਣ ਨਿਯਮ, 1961 ਦੇ ਨਿਯਮ 39 ਅਤੇ 49 ਐਮ ਪੋਲਿੰਗ ਸਟੇਸ਼ਨ ਦੇ ਅੰਦਰ ਗੁਪਤਤਾ ਬਣਾਈ ਰੱਖਣ ਦੀ ਲੋੜ ’ਤੇ ਜ਼ੋਰ ਦਿੰਦੇ ਹਨ।