ਮੁੱਖ ਸਕੱਤਰ ਨੇ ਚੋਣ ਕਮਿਸ਼ਨ ਨਾਲ ਕੀਤੀ ਵਰਚੁਅਲ ਬੈਠਕ, ਬੋਲੇ- ਵਿਧਾਨ ਸਭਾ ਚੋਣਾਂ ਲਈ ਤਿਆਰ ਹੈ ਹਿਮਾਚਲ ਪ੍ਰਦੇਸ਼

Wednesday, Sep 14, 2022 - 04:14 PM (IST)

ਹਮੀਰਪੁਰ (ਵਾਰਤਾ)- ਹਿਮਾਚਲ ਪ੍ਰਦੇਸ਼ ਦੇ ਮੁੱਖ ਸਕੱਤਰ ਆਰ.ਡੀ. ਧੀਮਾਨ ਨੇ ਚੋਣ ਕਮਿਸ਼ਨ ਨਾਲ ਵਰਚੁਅਲ ਬੈਠਕ 'ਚ ਕਿਹਾ ਕਿ ਅਸੀਂ ਇਸ ਸਾਲ ਕਿਸੇ ਵੀ ਸਮੇਂ ਵਿਧਾਨ ਸਭਾ ਚੋਣਾਂ ਕਰਵਾਉਣ ਲਈ ਤਿਆਰ ਹਾਂ। ਇਕ ਅਧਿਕਾਰਤ ਬੁਲਾਰੇ ਨੇ ਬੁੱਧਵਾਰ ਨੂੰ ਦੱਸਿਆ ਕਿ ਚੋਣ ਕਮਿਸ਼ਨ ਨੇ ਮੰਗਲਵਾਰ ਨੂੰ ਗੁਜਰਾਤ ਅਤੇ ਹਿਮਾਚਲ ਪ੍ਰਦੇਸ਼ ਦੇ ਅਧਿਕਾਰੀਆਂ ਨਾਲ ਚੋਣਾਂ ਦੀਆਂ ਤਿਆਰੀਆਂ ਬਾਰੇ ਜਾਣਨ ਲਈ ਵਰਚੁਅਲ ਬੈਠਕ ਕੀਤੀ। ਹਿਮਾਚਲ ਪ੍ਰਦੇਸ਼ 'ਚ ਨਵੰਬਰ 'ਚ ਵਿਧਾਨ ਸਭਾ ਚੋਣਾਂ ਹੋਣ ਵਾਲੀਆਂ ਹਨ। ਇਸ ਤੋਂ 09 ਨਵੰਬਰ 2017 ਨੂੰ ਰਾਜ ਵਿਧਾਨ ਸਭਾ ਚੋਣਾਂ ਹੋਈਆਂ ਸਨ। ਬੁਲਾਰੇ ਨੇ ਦੱਸਿਆ ਕਿ ਚੋਣ ਕਮੇਟੀ ਨੇ ਸੂਬੇ 'ਚ ਕੋਵਿਡ ਦੀ ਸਥਿਤੀ ਬਾਰੇ ਜਾਣਕਾਰੀ ਲਈ ਅਤੇ ਸ਼੍ਰੀ ਧੀਮਾਨ ਨੇ ਕਿਹਾ ਕਿ ਪਿਛਲੇ 15 ਦਿਨਾਂ 'ਚ ਸੂਬੇ ਵਿਚ ਕੋਰੋਨਾ ਸੰਕਰਮਣ ਦੇ ਮਾਮਲਿਆਂ 'ਚ ਕਾਫੀ ਕਮੀ ਆਈ ਹੈ ਅਤੇ ਇਨਫੈਕਸ਼ਨ ਦੀ ਦਰ ਸਿਰਫ਼ ਇਕ ਫੀਸਦੀ ਹੈ।

ਉਨ੍ਹਾਂ ਕਿਹਾ ਕਿ ਮੌਜੂਦਾ ਸਮੇਂ ਸੂਬੇ 'ਚ ਕੋਰੋਨਾ ਦੇ 358 ਸਰਗਰਮ ਮਾਮਲੇ ਹਨ, ਜਿਨ੍ਹਾਂ 'ਚ ਸਿਰਫ਼ 15 ਲੋਕ ਹੀ ਹਸਪਤਾਲ ਵਿਚ ਦਾਖ਼ਲ ਹਨ। ਜਨਜੀਵਨ ਵੀ ਆਮ ਹੋ ਚੁੱਕਿਆ ਹੈ ਅਤੇ ਇਸ ਸਥਿਤੀ ਵਿਚ ਵਿਧਾਨ ਸਭਾ ਚੋਣਾਂ ਕਰਵਾਈਆਂ ਜਾ ਸਕਦੀਆਂ ਹਨ। ਮੁੱਖ ਸਕੱਤਰ ਨੇ ਦੱਸਿਆ ਕਿ ਜ਼ਿਲ੍ਹਾ/ਉਪ ਮੰਡਲ ਅਧਿਕਾਰੀਆਂ ਨੇ ਵੀ ਚੋਣਾਂ ਦੀਆਂ ਸਾਰੀਆਂ ਤਿਆਰੀਆਂ ਕਰ ਲਈਆਂ ਹਨ। ਸੂਤਰਾਂ ਮੁਤਾਬਕ ਸੂਬੇ ਦੀਆਂ ਸਾਰੀਆਂ ਸਿਆਸੀ ਪਾਰਟੀਆਂ ਪਹਿਲਾਂ ਤੋਂ ਹੀ ਚੋਣਾਂ ਲਈ ਤਿਆਰ ਹਨ। ਭਾਜਪਾ, ਕਾਂਗਰਸ ਅਤੇ ਆਮ ਆਦਮੀ ਪਾਰਟੀ ਸਤੰਬਰ ਦੇ ਅਖੀਰਲੇ ਹਫ਼ਤੇ ਜਾਂ ਅਕਤੂਬਰ ਦੇ ਪਹਿਲੇ ਹਫ਼ਤੇ ਆਪਣੇ-ਆਪਣੇ ਉਮੀਦਵਾਰਾਂ ਦੇ ਨਾਵਾਂ ਦਾ ਐਲਾਨ ਕਰ ਸਕਦੀਆਂ ਹਨ। ਪ੍ਰਧਾਨ ਮੰਤਰੀ ਨਰਿੰਦਰ ਮੋਦੀ 24 ਸਤੰਬਰ ਨੂੰ ਮੰਡੀ 'ਚ ਯੂਥ ਰੈਲੀ ਨੂੰ ਸੰਬੋਧਨ ਕਰਨਗੇ। ਭਾਜਪਾ ਦੇ ਰਾਸ਼ਟਰੀ ਪ੍ਰਧਾਨ ਜੇ.ਪੀ. ਨੱਢਾ ਵੀ ਰਾਜ ਦੇ ਚਾਰ ਸੰਸਦੀ ਹਲਕਿਆਂ ਦਾ ਦੌਰਾ ਕਰਨਗੇ ਅਤੇ ਜਨ ਸਭਾ ਨੂੰ ਸੰਬੋਧਨ ਕਰਨਗੇ। 'ਆਪ' ਨੇਤਾਵਾਂ ਨੇ ਹਾਲ ਹੀ 'ਚ ਸੂਬੇ ਦਾ ਦੌਰਾ ਕੀਤਾ ਹੈ ਅਤੇ ਕਾਂਗਰਸ ਦੀ ਸੀਨੀਅਰ ਨੇਤਾ ਪ੍ਰਿਅੰਕਾ ਗਾਂਧੀ ਵੀ ਇਸ ਮਹੀਨੇ ਦੇ ਅੰਤ 'ਚ ਸੂਬੇ ਦਾ ਦੌਰਾ ਕਰੇਗੀ।


DIsha

Content Editor

Related News