ਦਿੱਲੀ: ਕੋਰੋਨਾ ਕਾਲ ’ਚ ਲੋਕਾਂ ਦੀ ਮਦਦ ਲਈ ਅੱਗੇ ਆਏ ਹੰਸ ਰਾਜ ਹੰਸ, ਲੋੜਵੰਦਾਂ ਨੂੰ ਵੰਡਿਆ ਰਾਸ਼ਨ
Wednesday, May 26, 2021 - 12:49 PM (IST)
ਨਵੀਂ ਦਿੱਲੀ– ਕੋਵਿਡ-19 ਕਾਰਨ ਦਿੱਲੀ ’ਚ ਤਾਲਾਬੰਦੀ ਲੱਗੀ ਹੋਈ ਹੈ। ਅਜਿਹੇ ’ਚ ਉੱਤਰ-ਪੱਛਮ ਲੋਕ ਸਭਾ ਖ਼ੇਤਰ ਦੇ ਸਾਂਸਦ ਅਤੇ ਪਦਮਸ਼੍ਰੀ ਹੰਸ ਰਾਜ ਹੰਸ ਗਰੀਬਾਂ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਏ ਹਨ। ਕੋਰੋਨਾ ਮਹਾਮਾਰੀ ’ਚ ਲੋਕਾਂ ਦੀ ਮਦਦ ਲਈ ਹੰਸ ਰਾਜ ਹੰਸ ਵਲੋਂ ਬਾਦਲੀ ਪਿੰਡ ’ਚ ਮੁਫ਼ਤ ਮੈਡੀਕਲ ਕੈਂਪ ਲਗਾਇਆ ਗਿਆ। ਉਨ੍ਹਾਂ ਵਲੋਂ ਲੋੜਵੰਦ ਕੋਰੋਨਾ ਮਰੀਜ਼ਾਂ ਲਈ ਮੁਫ਼ਤ ਐਂਬੁਲੈਂਸ ਦੀ ਸੇਵਾ ਵੀ ਸ਼ੁਰੂ ਕੀਤੀ ਗਈ ਹੈ।
ਦੱਸ ਦੇਈਏ ਕਿ ਦਿੱਲੀ ਦੇ ਰੋਹਿਣੀ, ਮੁੰਡਕਾ ਅਤੇ ਨਾਗਲੋਈ ਜਾਟ ਵਿਧਾਨ ਸਭਾ ਖ਼ੇਤਰ ’ਚ ਲੋਕਾਂ ਨੂੰ ਰਾਸ਼ਨ ਵੰਡਿਆ ਗਿਆ। ਇਸ ਮੌਕੇ ਰੋਹਿਣੀ ਵਿਧਾਨ ਸਭਾ ਖੇਤਰ ਦੇ ਵਿਧਾਇਕ ਵਿਜੇਂਦਰ ਗੁਪਤਾ, ਸਾਬਕਾ ਵਿਧਾਇਕ ਮਨੋਜ ਸ਼ੌਕਿਨ, ਮੰਡਲ ਪ੍ਰਧਾਨ ਪੰਕਜ ਗੁਪਤਾ, ਮੁੰਡਕਾ ਤੋਂ ਬਾਹਰੀ ਦਿੱਲੀ ਜ਼ਿਲ੍ਹਾ ਦੇ ਮਹਾਮੰਤਰੀ ਦਲਬੀਰ ਮਾਥੁਰ, ਭਾਜਪਾ ਵਰਕਰ ਭਾਈ ਗਜੇਂਦਰ ਸਿੰਘ, ਸੰਜੂ ਰਾਣਾ, ਦੀਪਕ ਸ਼ਰਮਾ ਆਦਿ ਮੌਜੂਦ ਰਹੇ।
ਇਸ ਮੌਕੇ ਵਿਧਾਇਕ ਵਿਜੇਂਦਰ ਗੁਪਤਾ ਨੇ ਦੱਸਿਆ ਕਿ ਜੋ ਰਾਸ਼ਨ ਗਰੀਬ ਅਤੇ ਲੋੜਵੰਦ ਲੋਕਾਂ ਨੂੰ ਵੰਡਿਆ ਜਾ ਰਿਹਾ ਹੈ, ਸਾਂਸਦ ਹੰਸ ਰਾਜ ਹੰਸ ਦੁਆਰਾ ਭੇਜਿਆ ਗਿਆ ਹੈ। ਉਨ੍ਹਾਂ ਕਿਹਾ ਕਿ ਸਾਰਿਆਂ ਨੂੰ ਗਰੀਬ ਅਤੇ ਲੋੜਵੰਦ ਲੋਕਾਂ ਦੀ ਮਦਦ ਲਈ ਅੱਗੇ ਆਉਣਾ ਚਾਹੀਦਾ ਹੈ। ਸ਼ੌਕਿਨ ਨੇ ਸਾਂਸਦ ਹੰਸ ਰਾਜ ਹੰਸ ਦੇ ਕੰਮਾਂ ਦੀ ਸ਼ਲਾਘਾ ਕਰਦੇ ਹੋਏ ਕਿਹਾ ਕਿ ਮੈਂ ਸਾਰਿਆਂ ਨੂੰ ਅਪੀਲ ਕਰਦਾ ਹਾਂ ਕਿ ਇਸ ਮੁਸ਼ਕਿਲ ਘੜੀ ’ਚ ਲੋੜਵੰਦਾਂ ਦੀ ਮਦਦ ਕਰੋ। ਜਿਸ ਨਾਲ ਕਿਸੇ ਵੀ ਮਜ਼ਦੂਰ ਭਰਾ ਨੂੰ ਪਰੇਸ਼ਾਨ ਨਾ ਹੋਣਾ ਪਵੇ।