ਤਾਜ ਮਹਿਲ ਦੀ ਖੂਬਸੂਰਤ ਦੇ ਦੀਵਾਨੇ ਹੋ ਗਏ ਸਨ ਰਤਨ ਟਾਟਾ, ਵਿਜ਼ੀਟਰ ਬੁੱਕ ''ਚ ਲਿਖੀ ਸੀ ਇਹ ਗੱਲ
Thursday, Oct 10, 2024 - 04:52 PM (IST)
ਮੁੰਬਈ- ਉਦਯੋਗ ਜਗਤ ਦਾ ਬੇਤਾਜ ਬਾਦਸ਼ਾਹ ਜਦੋਂ ਤਾਜ ਮਹਿਲ ਪਹੁੰਚਿਆ ਤਾਂ ਉਹ ਤਾਜ ਦੀ ਸੁੰਦਰਤਾ ਦੇਖ ਕੇ ਦੰਗ ਰਹਿ ਗਿਆ। ਆਪਣੇ ਮੈਕਸੀਕਨ ਦੋਸਤ ਨਾਲ ਤਾਜ ਦਾ ਦੌਰਾ ਕਰਨ ਤੋਂ ਬਾਅਦ ਰਤਨ ਟਾਟਾ ਨੇ ਉਥੇ ਵਿਜ਼ੀਟਰ ਬੁੱਕ 'ਚ ਲਿਖਿਆ ਕਿ ਤਾਜ ਮਹਿਲ ਵਾਸਤੂਕਲਾ ਦਾ ਇਕ ਮਹਾਨ ਨਮੂਨਾ ਹੈ। ਅਜਿਹਾ ਨਾ ਪਹਿਲੇ ਕੁਝ ਬਣਿਆ ਹੈ ਅਤੇ ਨਾ ਕਦੇ ਬਣ ਸਕੇਗਾ। ਤਾਜ ਦੀ ਯਾਦ ਨੂੰ ਬਰਕਰਾਰ ਰੱਖਣ ਲਈ ਉਨ੍ਹਾਂ ਨੇ ਡਾਇਨਾ ਬੈਂਚ 'ਤੇ ਬੈਠ ਕੇ ਫੋਟੋ ਵੀ ਖਿਚਵਾਈ। ਰਤਨ ਟਾਟਾ ਤਾਜ ਮਹਿਲ 'ਚ 45 ਮਿੰਟ ਰੁਕੇ ਸਨ।
ਤਾਜ ਮਹਿਲ ਦੇ ਦੌਰੇ ਦੌਰਾਨ ਉਨ੍ਹਾਂ ਨਾਲ ਰਹੇ ਆਈ. ਐੱਮ. ਏ. ਆਗਰਾ ਦੇ ਸਾਬਕਾ ਪ੍ਰਧਾਨ ਡਾ. ਡੀ. ਵੀ. ਸ਼ਰਮਾ ਦੱਸਦੇ ਹਨ ਕਿ ਰਤਨ ਟਾਟਾ ਦੇ ਸ਼ਹਿਰ ਵਿਚ ਆਉਣ ਦੀ ਸੂਚਨਾ 'ਤੇ ਉਹ ਡਾ. ਰੰਜਨਾ ਬਾਂਸਲ ਨਾਲ ਤਾਜ ਮਹਿਲ ਪਹੁੰਚੇ ਸਨ। ਉੱਥੇ ਇਹ ਗੱਲ ਸਾਹਮਣੇ ਆਈ ਕਿ ਉਹ ਆਪਣੇ ਦੋਸਤ ਮੈਕਸੀਕੋ ਦੇ ਮਸ਼ਹੂਰ ਉਦਯੋਗਪਤੀ ਐਮੀਲੀਓ ਡਿਆਜ਼ ਬਰੋਸੋ ਨਾਲ ਆਏ ਸਨ। ਜਦੋਂ ਉਹ ਪਹੁੰਚੇ ਤਾਂ ਉਹ ਤਾਜ ਮਹਿਲ ਵਿਖੇ ਸਖ਼ਤ ਸੁਰੱਖਿਆ ਹੇਠ ਮੁੱਖ ਮਕਬਰੇ ਵੱਲ ਚਮੇਲੀ ਦੇ ਫ਼ਰਸ਼ ਤੋਂ ਲੰਘ ਰਹੇ ਸਨ।
ਰੰਜਨਾ ਬਾਂਸਲ ਨੂੰ ਵੇਖ ਕੇ ਉਨ੍ਹਾਂ ਨੇ ਸਾਨੂੰ ਦੋਵਾਂ ਨੂੰ ਆਪਣੇ ਸੁਰੱਖਿਆ ਘੇਰੇ ਅੰਦਰ ਬੁਲਾ ਲਿਆ। ਸਾਡੀਆਂ ਸ਼ੁਭਕਾਮਨਾਵਾਂ ਦਾ ਜਵਾਬ ਮੁਸਕਰਾ ਕੇ ਦਿੱਤਾ। ਉਹ ਗਾਈਡ ਮੁਕੁਲ ਪੰਡਯਾ ਤੋਂ ਤਾਜ ਮਹਿਲ ਦੇ ਆਰਕੀਟੈਕਟ ਅਤੇ ਸੁੰਦਰਤਾ ਬਾਰੇ ਜਾਣਕਾਰੀ ਲੈਂਦੇ ਹੋਏ ਤੁਰਦੇ ਰਹੇ। ਮੁੱਖ ਮਕਬਰੇ ਵਿਚ ਵੀ ਗਾਈਡ ਤੋਂ ਜਾਣਕਾਰੀਆਂ ਲਈਆਂ। ਕਰੀਬ 45 ਮਿੰਟ ਤਾਜ ਮਹਿਲ ਵਿਚ ਰਹੇ ਅਤੇ ਤਸਵੀਰਾਂ ਵੀ ਖਿਚਵਾਈਆਂ। ਇਸ ਤੋਂ ਬਾਅਦ ਉਨ੍ਹਾਂ ਨੇ ਵਿਜ਼ੀਟਰ ਬੁੱਕ ਵਿਚ ਨੋਟ ਵੀ ਲਿਖਿਆ ਕਿ ਤਾਜ ਮਹਿਲ ਵਾਸਤੂਕਲਾ ਦਾ ਮਹਾਨ ਨਮੂਨਾ ਹੈ।