ਤੇਜ਼ੀ ਨਾਲ ਫੈਲ ਰਿਹਾ ਵਾਇਰਲ ਬੁਖ਼ਾਰ, ਹਸਪਤਾਲਾਂ ''ਚ ਲੱਗੀ ਮਰੀਜ਼ਾਂ ਦੀ ਭੀੜ

Monday, May 05, 2025 - 11:01 AM (IST)

ਤੇਜ਼ੀ ਨਾਲ ਫੈਲ ਰਿਹਾ ਵਾਇਰਲ ਬੁਖ਼ਾਰ, ਹਸਪਤਾਲਾਂ ''ਚ ਲੱਗੀ ਮਰੀਜ਼ਾਂ ਦੀ ਭੀੜ

ਸੋਲਨ- ਵਾਇਰਲ ਬੁਖ਼ਾਰ ਤੇਜ਼ੀ ਨਾਲ ਫੈਲ ਰਿਹਾ ਹੈ। ਮੌਸਮ ਵਿਚ ਬਦਲਾਅ ਦੇ ਚੱਲਦੇ ਵੱਡੀ ਗਿਣਤੀ ਵਿਚ ਲੋਕ ਇਸ ਦੀ ਲਪੇਟ ਵਿਚ ਆ ਰਹੇ ਹਨ। ਵਾਇਰਲ ਬੁਖ਼ਾਰ ਹਿਮਾਚਲ ਪ੍ਰਦੇਸ਼ ਦੇ ਸੋਲਨ ਜ਼ਿਲ੍ਹੇ ਵਿਚ ਫੈਲਿਆ ਹੈ। ਇੱਥੇ ਬੀਤੇ ਇਕ ਹਫ਼ਤੇ ਤੋਂ ਕਰੀਬ 750 ਮਰੀਜ਼ ਖੰਘ, ਜੁਕਾਮ, ਬੁਖ਼ਾਰ, ਸਰੀਰ ਦਰਦ ਅਤੇ ਗਲੇ ਵਿਚ ਖ਼ਰਾਸ਼ ਵਰਗੇ ਲੱਛਣਾਂ ਨਾਲ ਹਸਪਤਾਲ ਪਹੁੰਚੇ ਹਨ। ਡਾਕਟਰਾਂ ਮੁਤਾਬਕ ਮਰੀਜ਼ਾਂ ਨੂੰ ਠੀਕ ਹੋਣ ਵਿਚ ਦੋ ਹਫ਼ਤੇ ਜਾਂ ਉਸ ਤੋਂ ਜ਼ਿਆਦਾ ਸਮਾਂ ਲੱਗ ਰਿਹਾ ਹੈ। ਇਹ ਵਾਇਰਲ ਬੁਖ਼ਾਰ ਖ਼ਾਸ ਕਰ ਕੇ ਬੱਚਿਆਂ, ਬਾਲਗਾਂ ਅਤੇ ਬਜ਼ੁਰਗਾਂ ਨੂੰ ਵਧੇਰੇ ਪ੍ਰਭਾਵਿਤ ਕਰ ਰਿਹਾ ਹੈ। ਵਾਇਰਲ ਬੁਖ਼ਾਰ 102 ਡਿਗਰੀ ਤੋਂ ਵੀ ਉੱਪਰ ਪਹੁੰਚ ਰਿਹਾ ਹੈ ਅਤੇ ਦਵਾਈ ਲੈਣ ਮਗਰੋਂ ਵੀ ਸਿਰਫ਼ ਕੁਝ ਘੰਟਿਆਂ ਲਈ ਰਾਹਤ ਮਿਲ ਰਹੀ ਹੈ।

OPD 'ਚ ਵਧੀ ਮਰੀਜ਼ਾਂ ਦੀ ਗਿਣਤੀ
ਆਮ ਦਿਨਾਂ ਵਿਚ ਖੇਤਰੀ ਹਸਪਤਾਲ ਦੀ ਮੈਡੀਸੀਨ OPD 'ਚ ਜਿੱਥੇ 200 ਤੋਂ 300 ਮਰੀਜ਼ ਆਉਂਦੇ ਸਨ, ਹੁਣ ਇਹ ਗਿਣਤੀ ਵਧ ਕੇ ਰੋਜ਼ਾਨਾ 400 ਤੱਕ ਪਹੁੰਚ ਰਹੀ ਹੈ। ਇਨ੍ਹਾਂ ਵਿਚੋਂ ਲੱਗਭਗ 150 ਮਰੀਜ਼ ਵਾਇਰਲ ਬੁਖ਼ਾਰ ਤੋਂ ਪੀੜਤ ਹਨ। ਨਿੱਜੀ ਕਲੀਨਿਕਾਂ ਵਿਚ ਵੀ ਵਾਇਰਲ ਮਰੀਜ਼ਾਂ ਦੀ ਭੀੜ ਵੇਖਣ ਨੂੰ ਮਿਲ ਰਹੀ ਹੈ। ਸਿਹਤ ਵਿਭਾਗ ਨੇ ਦਵਾਈਆਂ ਦੇ ਢੁਕਵੇਂ ਪ੍ਰਬੰਧਾਂ ਦਾ ਦਾਅਵਾ ਕੀਤਾ ਹੈ।

ਇਹ ਹਨ ਵਾਇਰਲ ਬੁਖ਼ਾਰ ਦੇ ਲੱਛਣ
ਸਿਰ ਦਰਦ
ਗਲੇ ਵਿਚ ਖਰਾਸ਼
ਨੱਕ ਵਗਣਾ
ਸਰੀਰ 'ਚ ਅਕੜਾਅ ਅਤੇ ਦਰਦ
102 ਡਿਗਰੀ ਤੋਂ ਉੱਪਰ ਬੁਖਾਰ
ਅੱਖਾਂ 'ਚੋਂ ਪਾਣੀ ਆਉਣਾ

ਇਹ ਹਨ ਵਾਇਰਲ ਬੁਖ਼ਾਰ ਤੋਂ ਬਚਾਅ ਦੇ ਉਪਾਅ
ਡਾਕਟਰ ਦੀ ਸਲਾਹ ਤੋਂ ਬਿਨਾਂ ਦਵਾਈ ਨਾ ਲਓ
ਠੰਡੀਆਂ ਚੀਜ਼ਾਂ ਤੋਂ ਬਚੋ
ਸਰੀਰ ਨੂੰ ਢੱਕ ਕੇ ਰੱਖੋ
ਧੁੱਪ ਤੋਂ ਆਉਣ ਤੋਂ ਤੁਰੰਤ ਬਾਅਦ ਠੰਡਾ ਪਾਣੀ ਨਾ ਪੀਓ


author

Tanu

Content Editor

Related News