ਵਿਧਾਇਕ ਸੂਰਜਾਖੇੜਾ ’ਤੇ ਜਬਰ-ਜ਼ਿਨਾਹ ਦਾ ਕੇਸ ਦਰਜ, ਅਸਤੀਫ਼ਾ ਸੌਂਪਿਆ
Friday, Aug 30, 2024 - 09:57 AM (IST)
ਜੀਂਦ (ਸੰਜੀਵ ਨੈਨ)- ਹਰਿਆਣਾ ਦੇ ਜੀਂਦ ਜ਼ਿਲ੍ਹੇ ਦੀ ਨਰਵਾਣਾ ਸੀਟ ਤੋਂ ਵਿਧਾਇਕ ਰਾਮ ਨਿਵਾਸ ਸੂਰਜਾਖੇੜਾ ਖ਼ਿਲਾਫ਼ ਇਕ ਔਰਤ ਨੇ ਜਬਰ-ਜ਼ਿਨਾਹ ਦਾ ਦੋਸ਼ ਲਾਉਂਦੇ ਹੋਏ ਜੀਂਦ ਮਹਿਲਾ ਥਾਣੇ ’ਚ ਐੱਫ.ਆਈ.ਆਰ. ਦਰਜ ਕਰਵਾਈ ਹੈ। ਹਾਈਪ੍ਰੋਫਾਈਲ ਮਾਮਲਾ ਹੋਣ ਕਾਰਨ ਪੁਲਸ ਦੇ ਅਧਿਕਾਰੀ ਇਸ ਮਾਮਲੇ ’ਚ ਕੁਝ ਵੀ ਬੋਲਣ ਨੂੰ ਤਿਆਰ ਨਹੀਂ ਹਨ। ਮਾਮਲਾ ਸਾਹਮਣੇ ਆਉਣ ਤੋਂ ਬਾਅਦ ਵਿਧਾਇਕ ਸੂਰਜਾਖੇੜਾ ਨੇ ਆਪਣਾ ਅਸਤੀਫ਼ਾ ਵਿਧਾਨ ਸਭਾ ਸਪੀਕਰ ਗਿਆਨਚੰਦ ਗੁਪਤਾ ਨੂੰ ਭੇਜ ਦਿੱਤਾ ਹੈ।
ਦੂਜੇ ਪਾਸੇ ਵਿਧਾਇਕ ਸੂਰਜਾਖੇੜਾ ਨੇ ਆਪਣੇ ’ਤੇ ਲੱਗੇ ਸਾਰੇ ਦੋਸ਼ਾਂ ਨੂੰ ਬੇਬੁਨਿਆਦ ਦੱਸਿਆ। ਉਨ੍ਹਾਂ ਸੋਸ਼ਲ ਮੀਡੀਆ ਮੰਚ ਫੇਸਬੁੱਕ ’ਤੇ ਲਿਖਿਆ ਕਿ ਸਿਆਸਤ ਇੰਨੇ ਹੇਠਲੇ ਪੱਧਰ ’ਤੇ ਆ ਜਾਵੇਗੀ, ਇਹ ਕਦੇ ਸੋਚਿਆ ਨਹੀਂ ਸੀ। ਦੁੱਖ ਦੀ ਗੱਲ ਹੈ ਕਿ ਚੋਣਾਂ ਤੋਂ ਇਕਦਮ ਪਹਿਲਾਂ ਸਾਜ਼ਿਸ਼ ਤਹਿਤ ਮੈਨੂੰ ਕਮਜ਼ੋਰ ਕਰਨ ਦੀ ਇਹ ਕੋਸ਼ਿਸ਼ ਮੰਦਭਾਗੀ ਹੈ। ਉਨ੍ਹਾਂ ਕਿਹਾ ਕਿ ਮੈਨੂੰ ਕੁਝ ਸੂਤਰਾਂ ਤੋਂ ਪਤਾ ਲੱਗਾ ਹੈ ਕਿ ਮੇਰੇ ਖਿਲਾਫ ਕੁਝ ਗੈਰ-ਸਮਾਜੀ ਤੱਤਾਂ ਨੇ ਜਬਰ-ਜ਼ਿਨਾਹ ਦੀ ਝੂਠੀ ਐੱਫ.ਆਈ.ਆਰ. ਦਰਜ ਕਰਵਾਈ ਹੈ। ਮੇਰੀ ਅਪੀਲ ਹੈ ਕਿ ਪੂਰੇ ਮਾਮਲੇ ’ਚ ਨਿਰਪੱਖਤਾ ਨਾਲ ਜਾਂਚ ਕਰੋ। ਮੈਂ ਸਹਿਯੋਗ ਲਈ ਹਰ ਸਮੇਂ ਤਿਆਰ ਹਾਂ। ਮੇਰੇ ’ਤੇ ਲੱਗੇ ਇਹ ਦੋਸ਼ ਸਿਆਸਤ ਤੋਂ ਪ੍ਰੇਰਿਤ ਹਨ। ਪੁਲਸ ਵਲੋਂ ਮਿਲੀ ਜਾਣਕਾਰੀ ਅਨੁਸਾਰ ਜ਼ਿਲਾ ਪਟਿਆਲਾ (ਪੰਜਾਬ) ਨਿਵਾਸੀ ਇਕ ਔਰਤ ਨੇ 2 ਦਿਨ ਪਹਿਲਾਂ ਪੁਲਸ ਨੂੰ ਸ਼ਿਕਾਇਤ ਦੇ ਕੇ ਵਿਧਾਇਕ ਸੂਰਜਾਖੇੜਾ ’ਤੇ ਜਬਰ-ਜ਼ਿਨਾਹ ਦੇ ਦੋਸ਼ ਲਾਏ ਹਨ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8