ਲਾਰੈਂਸ ਬਿਸ਼ਨੋਈ ਦੇ ਨਾਂ ’ਤੇ ਰੈਸਟੋਰੈਂਟ ਸੰਚਾਲਕ ਤੋਂ ਮੰਗੀ 2 ਕਰੋੜ ਦੀ ਫਿਰੌਤੀ
Monday, Aug 19, 2024 - 10:21 AM (IST)

ਸ਼੍ਰੀਗੰਗਾਨਗਰ (ਅਸੀਜਾ)– ਸ਼੍ਰੀਗੰਗਾਨਗਰ ’ਚ ਜਵਾਹਰ ਨਗਰ ਥਾਣਾ ਖੇਤਰ ’ਚ ਇਕ ਰੈਸਟੋਰੈਂਟ ਦੇ ਸੰਚਾਲਕ ਤੋਂ ਬਦਨਾਮ ਗੈਂਗਸਟਰ ਲਾਰੈਂਸ ਬਿਸ਼ਨੋਈ ਦੇ ਨਾਂ ’ਤੇ ਧਮਕੀ ਦੇ ਕੇ 2 ਕਰੋੜ ਰੁਪਏ ਦੀ ਫਿਰੌਤੀ ਮੰਗਣ ਦਾ ਮਾਮਲਾ ਸਾਹਮਣੇ ਆਇਆ ਹੈ। ਪੁਲਸ ਸੂਤਰਾਂ ਮੁਤਾਬਕ ਜਵਾਹਰ ਨਗਰ ਥਾਣੇ ਦੇ ਪਿੱਛੇ ਕੇ-ਬਲਾਕ ਦੇ ਵਾਸੀ ਰੈਸਟੋਰੈਂਟ ਸੰਚਾਲਕ ਦੀ ਰਿਪੋਰਟ ਦੇ ਆਧਾਰ ’ਤੇ ਬੀਤੀ ਦੇਰ ਰਾਤ ਅਭਿਸ਼ੇਕ ਨਾਂ ਦੇ ਬਦਮਾਸ਼ ਖਿਲਾਫ ਜਾਨੋਂ ਮਾਰਨ ਦੀ ਧਮਕੀ ਦੇ ਕੇ 2 ਕਰੋੜ ਰੁਪਏ ਦੀ ਫਿਰੌਤੀ ਮੰਗਣ ਦੇ ਦੋਸ਼ ’ਚ ਮੁਕੱਦਮਾ ਦਰਜ ਕੀਤਾ ਗਿਆ ਹੈ। ਮੁਕੱਦਮਾ ਦਰਜ ਕਰਵਾਉਣ ਵਾਲੇ ਨੌਜਵਾਨ ਦੇ ਪਰਿਵਾਰ ਨੇ ਕੁਝ ਦਿਨ ਪਹਿਲਾਂ ਹੀ ਜਵਾਹਰ ਨਗਰ ਥਾਣਾ ਖੇਤਰ ’ਚ ਸ਼ਿਵ ਚੌਕ ਦੇ ਨੇੜੇ ਇਕ ਸ਼ਾਨਦਾਰ ਰੈਸਟੋਰੈਂਟ ਸ਼ੁਰੂ ਕੀਤਾ ਸੀ। ਇਹ ਰੈਸਟੋਰੈਂਟ ਹੁਣ ਬੰਦ ਹੈ।
ਵੱਖ-ਵੱਖ ਨੰਬਰਾਂ ਤੋਂ ਆਏ ਧਮਕੀ ਭਰੇ ਫੋਨ
ਰੈਸਟੋਰੈਂਟ ਦੇ ਸੰਚਾਲਕ ਨੇ ਰਿਪੋਰਟ ਦਿੱਤੀ ਕਿ 15 ਅਗਸਤ ਦੀ ਰਾਤ ਲੱਗਭਗ ਸਵਾ 10 ਵਜੇ ਉਸ ਕੋਲ ਅਣਜਾਣ ਨੰਬਰ ਤੋਂ ਫੋਨ ਆਇਆ। ਫੋਨ ਕਰਨ ਵਾਲੇ ਨੇ ਕਿਹਾ ਕਿ ਅਭਿਸ਼ੇਕ, ਲਾਰੈਂਸ ਬਿਸ਼ਨੋਈ ਗੈਂਗ ਦਾ ਆਦਮੀ ਬੋਲ ਰਿਹਾ ਹਾਂ। ਉਹ ਉਸ ਦੇ ਪਿਤਾ ਰਾਜੇਸ਼ ਅਗਰਵਾਲ ਨੂੰ ਫੋਨ ਕਰ ਰਿਹਾ ਹੈ ਪਰ ਉਹ ਫੋਨ ਨਹੀਂ ਚੁੱਕ ਰਿਹਾ। ਅਭਿਸ਼ੇਕ ਨੇ ਕਿਹਾ ਕਿ ਉਹ ਆਪਣੇ ਪਿਤਾ ਨਾਲ ਗੱਲ ਕਰਵਾਏ।
ਇਸ ’ਤੇ ਨੌਜਵਾਨ ਨੇ ਕਿਹਾ ਕਿ ਉਹ ਅਜੇ ਬਾਜ਼ਾਰ ’ਚ ਹੈ। ਘਰ ਜਾ ਕੇ ਪਿਤਾ ਨਾਲ ਗੱਲ ਕਰਵਾ ਦੇਵੇਗਾ। ਨੌਜਵਾਨ ਮੁਤਾਬਕ ਉਸ ਦੇ ਪਿਤਾ ਦੀ ਸਿਹਤ ਠੀਕ ਨਹੀਂ ਸੀ। ਇਸ ਲਈ ਉਹ ਪਿਤਾ ਦੀ ਗੱਲ ਨਹੀਂ ਕਰਵਾ ਸਕਿਆ ਪਰ ਵੱਖ-ਵੱਖ ਨੰਬਰਾਂ ਤੋਂ ਵਾਰ-ਵਾਰ ਫੋਨ ਆਉਂਦੇ ਰਹੇ। ਫੋਨ ਕਰਨ ਵਾਲੇ ਨੇ 2 ਕਰੋੜ ਰੁਪਏ ਦੀ ਫਿਰੌਤੀ ਮੰਗੀ ਅਤੇ ਨਾ ਦੇਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੱਤੀਆਂ। ਪੁਲਸ ਨੇ ਦੱਸਿਆ ਕਿ ਮੁਕੱਦਮਾ ਦਰਜ ਕਰ ਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ।
ਡੇਢ ਸਾਲ ਤੋਂ ਨਹੀਂ ਆਇਆ ਕੋਈ ਪਕੜ ’ਚ
ਸ਼੍ਰੀਗੰਗਾਨਗਰ ’ਚ ਪ੍ਰਸਿੱਧ ਵਪਾਰੀਆਂ ਤੇ ਵੱਕਾਰੀ ਵਿਅਕਤੀਆਂ ਨੂੰ ਲੱਗਭਗ ਡੇਢ ਸਾਲਾਂ ’ਚ ਇਸ ਤਰ੍ਹਾਂ ਕਰੋੜਾਂ ਰੁਪਏ ਦੀ ਫਿਰੌਤੀ ਮੰਗਣ ਦੇ ਫੋਨ ਆ ਰਹੇ ਹਨ। ਫੋਨ ਕਰਨ ਵਾਲੇ ਰੰਗਦਾਰੀ ਨਾ ਦੇਣ ’ਤੇ ਜਾਨੋਂ ਮਾਰਨ ਦੀਆਂ ਧਮਕੀਆਂ ਦਿੰਦੇ ਹਨ। ਇਸ ਸਬੰਧੀ ਕੋਤਵਾਲੀ, ਜਵਾਹਰ ਨਗਰ ਤੇ ਸਦਰ ਥਾਣਿਆਂ ਵਿਚ ਲੱਗਭਗ 10 ਮੁਕੱਦਮੇ ਦਰਜ ਹਨ। ਅਣਪਛਾਤੇ ਬਦਮਾਸ਼ ਵਿਦੇਸ਼ੀ ਨੰਬਰਾਂ ਤੋਂ ਫੋਨ, ਵ੍ਹਟਸਐਪ ਕਾਲ, ਵ੍ਹਟਸਐਪ ਚੈਟਿੰਗ ਮੈਸੇਜ ਅਤੇ ਆਡੀਓ ਰਿਕਾਰਡਿੰਗ ਭੇਜਦੇ ਹਨ। ਪੁਲਸ ਇਨ੍ਹਾਂ ’ਚੋਂ ਕਿਸੇ ਵੀ ਮਾਮਲੇ ’ਚ ਅਪਰਾਧੀ ਨੂੰ ਟਰੇਸ ਨਹੀਂ ਕਰ ਸਕੀ। ਬੀਤੇ ਸਾਲ ਵਿਧਾਨ ਸਭਾ ਚੋਣਾਂ ਦੌਰਾਨ ਸਾਬਕਾ ਆਜ਼ਾਦ ਵਿਧਾਇਕ ਰਾਜਕੁਮਾਰ ਗੌੜ ਦੇ ਭਾਣਜੇ ਸੁਨੀਲ ਪਹਿਲਵਾਨ ਨੂੰ ਵੀ ਧਮਕੀ ਭਰੇ ਫੋਨ ਆਉਣ ’ਤੇ ਸਦਰ ਥਾਣੇ ’ਚ ਮੁਕੱਦਮਾ ਦਰਜ ਹੋਇਆ ਸੀ।