ਝਾਰਖੰਡ ’ਚ ਦੰਗਾਕਾਰੀਆਂ ਦੇ ਪੋਸਟਰ ਲਗਾਉਣ ’ਤੇ ਰਾਂਚੀ ਦੇ ਐੱਸ.ਐੱਸ.ਪੀ. ਨੂੰ ਨੋਟਿਸ

06/17/2022 3:05:04 PM

ਰਾਂਚੀ– ਝਾਰਖੰਡ ਦੀ ਰਾਜਧਾਨੀ ਰਾਂਚੀ ’ਚ 10 ਜੂਨ ਨੂੰ ਦੰਗੇ ਦੀ ਘਟਨਾ ’ਚ ਸ਼ਾਮਲ ਕਥਿਤ ਦੰਗਾਕਾਰੀਆਂ ਦੇ ਪੋਸਟਰ ਲਗਾਉਣ ਦਾ ਵਿਵਾਦ ਵਧ ਗਿਆ ਹੈ। ਇਸ ਮਾਮਲੇ ’ਚ ਸੂਬਾ ਸਰਕਾਰ ਵਲੋਂ ਰਾਂਚੀ ਦੇ ਸੀਨੀਅਰ ਪੁਲਸ ਸੁਪਰਡੈਂਟ (ਐੱਸ.ਐੱਸ.ਪੀ.) ਸੁਰਿੰਦਰ ਕੁਮਾਰ ਝਾਅ ਨੂੰ ਸ਼ੋਅ-ਕਾਜ਼ ਨੋਟਿਸ ਜਾਰੀ ਕੀਤਾ ਗਿਆ ਹੈ।

ਸੂਬੇ ਦੇ ਗ੍ਰਹਿ ਵਿਭਾਗ ਦੇ ਮੁੱਖ ਸਕੱਤਰ ਰਾਜੀਵ ਅਰੁਣ ਏਕਾ ਨੇ ਅੱਜ ਇਸ ਸੰਬੰਧ ’ਚ ਐੱਸ.ਐੱਸ.ਪੀ. ਤੋਂ ਸਪੱਸ਼ਟੀਕਰਨ ਮੰਗਿਆ ਹੈ ਅਤੇ ਇਸ ਤਰ੍ਹਾਂ ਦੀ ਕਾਰਵਾਈ ਨੂੰ ਹਾਈਕੋਰਟ ਦੇ ਹੁਕਮਾਂ ਦੇ ਉਲਟ ਦੱਸਿਆ ਹੈ। ਉਨ੍ਹਾਂ ਤੋਂ 2 ਦਿਨਾਂ ਦੇ ਅੰਦਰ ਸਪੱਸ਼ਟੀਕਰਨ ਮੰਗਿਆ ਗਿਆ ਹੈ। ਇਹ ਪੋਸਟਰ 14 ਜੂਨ ਨੂੰ ਰਾਂਚੀ ’ਚ ਰਾਜ ਭਵਨ ਦੇ ਨੇੜੇ ਜਾਕਿਰ ਹੁਸੈਨ ਪਾਰਕ ਸਥਿਤ ਹੋਰਡਿੰਗ ’ਤੇ ਲਗਾਏ ਗਏ ਸਨ। ਇਨ੍ਹਾਂ ਪੋਸਟਰਾਂ ’ਚ ਕਈ ਵਿਅਕਤੀਆਂ ਦੇ ਨਾਂ ਅਤੇ ਵੇਰਵੇ ਵੀ ਦਿੱਤੇ ਗਏ, ਜੋ ਅਦਾਲਤ ਦੇ ਹੁਕਮਾਂ ਦੇ ਵਿਰੁੱਧ ਹਨ।

ਜ਼ਿਕਰਯੋਗ ਹੈ ਕਿ ਰਾਜਪਾਲ ਰਮੇਸ਼ ਬੈਂਸ ਨੇ ਡੀ.ਜੀ.ਪੀ., ਏ.ਡੀ.ਜੀ. ਅਤੇ ਐੱਸ.ਐੱਸ.ਪੀ. ਸਮੇਤ ਹੋਰ ਉੱਚ ਅਧਿਕਾਰੀਆਂ ਨੂੰ ਰਾਜ ਭਵਨ ਤਲਬ ਕੀਤਾ ਸੀ ਅਤੇ ਅਜਿਹੇ ਦੰਗਾਕਾਰੀਆਂ ਦੀ ਪਛਾਣ ਕਰ ਕੇ ਉਨ੍ਹਾਂ ਦੇ ਪੋਸਟਰ ਸ਼ਹਿਰ ਦੇ ਮੁੱਖ ਚੌਕਾਂ ’ਤੇ ਲਗਾਉਣ ਦਾ ਨਿਰਦੇਸ਼ ਦਿੱਤਾ ਸੀ। ਇਸ ਤੋਂ ਬਾਅਦ ਰਾਂਚੀ ਪੁਲਸ ਵਲੋਂ ਇਹ ਕਾਰਵਾਈ ਅਮਲ ’ਚ ਲਿਆਂਦੀ ਗਈ ਜਿਸ ਨੂੰ ਛੇਤੀ ਹੀ ਹਟਾ ਲਿਆ ਗਿਆ ਸੀ। ਹਾਲਾਂਕਿ ਬਾਅਦ ’ਚ ਇਹ ਅਨੁਮਾਨ ਲਗਾਇਆ ਜਾ ਰਿਹਾ ਸੀ ਕਿ ਸੂਬਾ ਸਰਕਾਰ ਦੇ ਹੁਕਮ ’ਤੇ ਇਨ੍ਹਾਂ ਪੋਸਟਰਾਂ ਨੂੰ ਹਟਾਇਆ ਗਿਆ ਸੀ।


Rakesh

Content Editor

Related News