ਰਾਮਨੌਮੀ ਹਿੰਸਾ : ਗੁਜਰਾਤ ਦੇ ਖੰਭਾਤ ’ਚ ਨਾਜਾਇਜ਼ ਨਿਰਮਾਣ ’ਤੇ ਚੱਲਿਆ ਬੁਲਡੋਜ਼ਰ
Saturday, Apr 16, 2022 - 10:52 AM (IST)

ਅਹਿਮਦਾਬਾਦ– ਗੁਜਰਾਤ ਦੇ ਆਣੰਦ ਜ਼ਿਲੇ ਦੇ ਖੰਭਾਤ ਕਸਬੇ ਵਿਚ ਰਾਮਨੌਮੀ ਦੇ ਦਿਨ ਹੋਈ ਫਿਰਕੂ ਹਿੰਸਾ ਤੋਂ ਬਾਅਦ ਸ਼ਕਰਪੁਰਾ ਇਲਾਕੇ ਤੋਂ ਨਾਜਾਇਜ਼ ਕਬਜ਼ਾ ਹਟਾਉਣ ਲਈ ਪ੍ਰਸ਼ਾਸਨ ਨੇ ਸ਼ੁੱਕਰਵਾਰ ਨੂੰ ਉਥੇ ਬੁਲਡੋਜ਼ਰ ਚਲਵਾਇਆ।
ਜ਼ਿਕਰਯੋਗ ਹੈ ਕਿ 10 ਅਪ੍ਰੈਲ ਨੂੰ ਰਾਮਨੌਮੀ ਦੇ ਜਲੂਸ ’ਤੇ ਸ਼ਕਰਪੁਰਾ ਇਲਾਕੇ ਵਿਚ ਹਮਲਾ ਹੋਇਆ ਸੀ। ਆਣੰਦ ਦੇ ਕਲੈਕਟਰ ਐੱਮ. ਵਾਈ. ਦਕਸ਼ਣੀ ਨੇ ਦੱਸਿਆ ਕਿ ਨਾਜਾਇਜ਼ ਕਬਜ਼ੇ, ਲਕੜੀ ਅਤੇ ਕੰਕ੍ਰੀਟ ਦੇ ਨਾਜਾਇਜ਼ ਨਿਰਮਾਣ ਸਮੇਤ ਸੜਕਾਂ ਦੇ ਕੰਢੇ ਖੜੀਆਂ ਝਾੜੀਆਂ ’ਤੇ ਵੀ ਬੁਲਡੋਜ਼ਰ ਚਲਵਾਇਆ ਗਿਆ ਕਿਉਂਕਿ ਰਾਮਨੌਮੀ ਨੂੰ ਜਲੂਸ ’ਤੇ ਪਥਰਾਅ ਕਰਨ ਤੋਂ ਬਾਅਦ ਬਦਮਾਸ਼ ਇਨ੍ਹਾਂ ਹੀ ਝਾੜੀਆਂ ਵਿਚ ਲੁੱਕ ਰਹੇ ਸਨ। ਦਕਸ਼ਣੀ ਨੇ ਕਿਹਾ ਕਿ ਬਦਮਾਸ਼ਾਂ ਨੇ ਝਾੜੀਆਂ ਦੀ ਆੜ ਵਿਚ ਲੁਕ ਕੇ ਜਲੂਸ ’ਤੇ ਹਮਲਾ ਕੀਤਾ। ਇਸ ਲਈ ਅਸੀਂ ਸ਼ਕਰਪੁਰਾ ਵਿਚ ਸੜਕ ਕੰਢੇ ਉੱਗੀਆਂ ਝਾੜੀਆਂ ਅਤੇ ਸਰਕਾਰੀ ਜ਼ਮੀਨ ’ਤੇ ਨਾਜਾਇਜ਼ ਕਬਜ਼ੇ ਨੂੰ ਹਟਾਉਣ ਦਾ ਫੈਸਲਾ ਲਿਆ ਹੈ। ਪੂਰਾ ਇਲਾਕਾ ਸਾਫ ਹੋਣ ਤੱਕ ਇਹ ਮੁਹਿੰਮ ਜਾਰੀ ਰਹੇਗੀ।