ਪਾਕਿਸਤਾਨ ਲਈ ਜਾਸੂਸੀ ਕਰਨ ਵਾਲਿਆਂ ਨੂੰ ਰਾਕੇਸ਼ ਟਿਕੈਤ ਨੇ ਦੱਸਿਆ ਸਭ ਤੋਂ ਵੱਡਾ ਗੱਦਾਰ

Monday, May 19, 2025 - 04:16 PM (IST)

ਪਾਕਿਸਤਾਨ ਲਈ ਜਾਸੂਸੀ ਕਰਨ ਵਾਲਿਆਂ ਨੂੰ ਰਾਕੇਸ਼ ਟਿਕੈਤ ਨੇ ਦੱਸਿਆ ਸਭ ਤੋਂ ਵੱਡਾ ਗੱਦਾਰ

ਚਰਖੀ ਦਾਦਰੀ- ਭਾਰਤੀ ਕਿਸਾਨ ਯੂਨੀਅਨ ਦੇ ਕੌਮੀ ਬੁਲਾਰੇ ਰਾਕੇਸ਼ ਟਿਕੈਤ ਨੇ ਪਾਕਿਸਤਾਨੀ ਜਾਸੂਸਾਂ ਨੂੰ ਦੇਸ਼ ਦਾ ਸਭ ਤੋਂ ਵੱਡਾ ਗੱਦਾਰ ਦੱਸਿਆ ਅਤੇ ਕਿਹਾ ਕਿ ਦੇਸ਼ ਖਿਲਾਫ਼ ਗਲਤ ਕਰਨ ਵਾਲਿਆਂ ਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ। ਉੱਥੇ ਹੀ ਉਨ੍ਹਾਂ ਸਪੱਸ਼ਟ ਕੀਤਾ ਕਿ ਕਿਸਾਨ ਅੰਦੋਲਨ ਦੇਸ਼ ਵਿਚ ਖ਼ਤਮ ਨਹੀਂ ਮੁਲਤਵੀ ਕੀਤਾ ਗਿਆ ਹੈ। ਕਿਸਾਨ ਅੰਦੋਲਨ ਦੀ ਮੂਵਮੈਂਟ ਚੱਲ ਰਹੀ ਹੈ, ਤਿਆਰੀਆਂ ਵੀ ਪੂਰੀਆਂ ਹਨ। ਲੋੜ ਪਈ ਤਾਂ ਫਿਰ ਤੋਂ ਕਿਸਾਨ ਅੰਦੋਲਨ ਨੂੰ ਜ਼ੋਰਾਂ-ਸ਼ੋਰਾਂ ਨਾਲ ਸ਼ੁਰੂ ਕਰ ਦਿੱਤਾ ਜਾਵੇਗਾ। ਪਿਛਲੇ ਦਿਨੀਂ ਪੰਜਾਬ ਦੇ ਕਪੂਰਥਲਾ ਵਿਚ ਸ਼ਹੀਦ ਹੋਏ ਮਨੋਜ ਫੋਗਾਟ ਦੀ ਸ਼ਹਾਦਤ ਨੂੰ ਟਿਕੈਤ ਨੇ ਦੇਸ਼ ਦਾ ਵੱਡਾ ਮਾਣ ਦੱਸਿਆ ਹੈ।

ਰਾਕੇਸ਼ ਟਿਕੈਤ ਚਰਖੀ ਦਾਦਰੀ ਦੇ ਪਿੰਡ ਸਮਸਪੁਰ ਵਿਚ ਸ਼ਹੀਦ ਮਨੋਜ ਫੋਗਾਟ ਦੇ ਘਰ ਸੋਗ ਜ਼ਾਹਰ ਕਰਨ ਪਹੁੰਚੇ ਸਨ ਅਤੇ ਪਰਿਵਾਰ ਨੂੰ ਮਿਲ ਕੇ ਉਨ੍ਹਾਂ ਨੂੰ ਹੌਂਸਲਾ ਦਿੱਤਾ। ਟਿਕੈਤ ਨੇ ਕਿਹਾ ਕਿ ਪੂਰੇ ਦੇਸ਼ ਨੂੰ ਆਪਣੇ ਸ਼ਹੀਦਾਂ 'ਤੇ ਨਾਜ਼ ਹੈ ਅਤੇ ਜਵਾਨਾਂ ਤੇ ਕਿਸਾਨਾਂ ਨਾਲ ਹੀ ਦੇਸ਼ ਦੀ ਪਛਾਣ ਹੈ। ਟਿਕੈਤ ਨੇ ਕਿਹਾ ਕਿ ਇਕ ਪਾਸੇ ਕਿਸਾਨ ਪੂਰੇ ਦੇਸ਼ ਦਾ ਢਿੱਡ ਭਰਦਾ ਅਤੇ ਦੂਜੇ ਪਾਸੇ ਬਾਰਡਰ 'ਤੇ ਖੜ੍ਹੇ ਜਵਾਨ ਦੇਸ਼ ਦੀ ਸੁਰੱਖਿਆ ਕਰਦੇ ਹਨ ਅਤੇ ਅਸੀਂ ਚੈਨ ਦੀ ਨੀਂਦ ਸੌਂਦੇ ਹਾਂ।

ਟਿਕੈਤ ਨੇ ਉਨ੍ਹਾਂ ਦਾ ਸਿਰ ਕਲਮ ਕਰ ਕੇ 5 ਲੱਖ ਰੁਪਏ ਦੇ ਇਨਾਮ ਦੀ ਧਮਕੀ 'ਤੇ ਪ੍ਰਤੀਕਿਰਿਆ ਦਿੰਦੇ ਹੋਏ ਕਿਹਾ ਕਿ ਕੁਝ ਸਿਰਫਿਰੇ ਲੋਕ ਅਜਿਹੀਆਂ ਘਟੀਆ ਹਰਕਤਾਂ ਕਰਦੇ ਹਨ ਪਰ ਅਸੀਂ ਕਿਸੇ ਤੋਂ ਡਰਨ ਵਾਲੇ ਨਹੀਂ ਹਾਂ। ਧਮਕੀ ਦੇਣ ਵਾਲਿਆਂ ਖਿਲਾਫ਼ ਪੁਲਸ ਵਿਚ FIR ਦਰਜ ਕਰਵਾਈ ਗਈ ਹੈ, ਜਿਸ 'ਤੇ ਉਨ੍ਹਾਂ ਨੇ ਸਖ਼ਤ ਕਾਰਵਾਈ ਦੀ ਮੰਗ ਚੁੱਕੀ। 


author

Tanu

Content Editor

Related News