ਰਾਕੇਸ਼ ਅਸਥਾਨਾ ਨੂੰ ਝਟਕਾ, ਕੋਰਟ ਨੇ ਦਿੱਤੇ ਜਾਂਚ ਜਾਰੀ ਰੱਖਣ ਦੇ ਆਦੇਸ਼

01/11/2019 3:35:59 PM

ਨਵੀਂ ਦਿੱਲੀ— ਦਿੱਲੀ ਹਾਈ ਕੋਰਟ ਤੋਂ ਸੀ.ਬੀ.ਆਈ. ਦੇ ਵਿਸ਼ੇਸ਼ ਡਾਇਰੈਕਟਰ ਰਾਕੇਸ਼ ਅਸਥਾਨਾ ਨੂੰ ਤਗੜਾ ਝਟਕਾ ਲੱਗਾ ਹੈ। ਹਾਈ ਕੋਰਟ ਨੇ ਅਸਥਾਨਾ ਦੇ ਖਿਲਾਫ ਜਾਂਚ ਜਾਰੀ ਰੱਖਣ ਦਾ ਆਦੇਸ਼ ਦਿੱਤਾ ਹੈ। ਜ਼ਿਕਰਯੋਗ ਹੈ ਕਿ ਅਸਥਾਨਾ ਦੇ ਖਿਲਾਫ ਸਾਬਕਾ ਸੀ.ਬੀ.ਆਈ. ਚੀਫ ਆਲੋਕ ਵਰਮਾ ਨੇ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਐੱਫ.ਆਈ.ਆਰ. ਦਰਜ ਕਰਨ ਦਾ ਆਦੇਸ਼ ਦਿੱਤਾ ਸੀ। ਹਾਈ ਕੋਰਟ ਨੇ ਆਪਣੇ ਫੈਸਲੇ 'ਚ ਕਿਹਾ ਕਿ ਅਸਥਾਨਾ ਦੇ ਖਿਲਾਫ ਜਾਂਚ ਜਾਰੀ ਰਹੇਗੀ। ਕੋਰਟ ਨੇ ਅਸਥਾਨਾ ਅਤੇ ਡੀ.ਐੱਸ.ਪੀ. ਦੇਵੇਂਦਰ ਕੁਮਾਰ ਦੀ ਐੱਫ.ਆਈ.ਆਰ. ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ਖਾਰਜ ਕਰ ਦਿੱਤੀ।

ਕੋਰਟ ਨੇ ਸੀ.ਬੀ.ਆਈ. ਨੂੰ ਅਸਥਾਨਾ ਅਤੇ ਦੇਵੇਂਦਰ ਕੁਮਾਰ ਦੇ ਖਿਲਾਫ 10 ਹਫਤਿਆਂ 'ਚ ਜਾਂਚ ਪੂਰੀ ਕਰਨ ਦਾ ਆਦੇਸ਼ ਦਿੱਤਾ। ਕੋਰਟ ਨੇ ਕਿਹਾ ਕਿ ਇਸ 'ਚ ਕੋਈ ਸ਼ੱਕ ਨਹੀਂ ਕਿ ਇਕ ਲੋਕ ਸੇਵਕ ਦੇ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਜਾਣੀ ਚਿੰਤਾ ਅਤੇ ਤਣਾਅ ਦਾ ਕਾਰਨ ਹੋਵੇਗਾ। ਐੱਫ.ਆਈ.ਆਰ. 'ਚ ਜਿਸ ਤਰ੍ਹਾਂ ਦੇ ਦੋਸ਼ ਹਨ, ਉਸ ਦੀ ਜਾਂਚ ਜ਼ਰੂਰੀ ਹੈ। ਜਦੋਂ ਤੱਕ ਕੋਈ ਸ਼ਖਸ ਦੋਸ਼ੀ ਸਾਬਤ ਨਹੀਂ ਹੋ ਜਾਂਦਾ, ਉਦੋਂ ਤੱਕ ਕਾਨੂੰਨ ਦੀ ਨਜ਼ਰ 'ਚ ਉਹ ਨਿਰਦੋਸ਼ ਹੈ। ਅਸਥਾਨਾ ਨੇ ਗ੍ਰਿਫਤਾਰੀ ਤੋਂ ਬਚਣ ਲਈ 2 ਹਫਤਿਆਂ ਦੀ ਰੋਕ ਦੀ ਮੰਗ ਕੀਤੀ ਹੈ। ਜ਼ਿਕਰਯੋਗ ਹੈ ਕਿ ਹੈਦਰਾਬਾਦ ਦੇ ਬਿਜ਼ਨੈੱਸਮੈਨ ਸਤੀਸ਼ ਬਾਬੂ ਸਨਾ ਦੀ ਸ਼ਿਕਾਇਤ ਦੇ ਆਧਾਰ 'ਤੇ ਅਸਥਾਨਾ ਦੇ ਖਿਲਾਫ ਐੱਫ.ਆਈ.ਆਰ. ਦਰਜ ਕੀਤੀ ਗਈ ਸੀ। ਐੱਫ.ਆਈ.ਆਰ. 'ਚ ਇਸ ਗੱਲ ਦਾ ਦਾਅਵਾ ਕੀਤਾ ਗਿਆ ਹੈ ਕਿ ਉਨ੍ਹਾਂ ਨੇ ਸੀ.ਬੀ.ਆਈ. ਸਪੈਸ਼ਲ ਡਾਇਰੈਕਟਰ ਨੂੰ ਪਿਛਲੇ ਸਾਲ ਲਗਭਗ 3 ਕਰੋੜ ਰੁਪਏ ਦਿੱਤੇ ਸਨ। ਜ਼ਿਕਰਯੋਗ ਹੈ ਕਿ ਅਸਥਾਨਾ 'ਤੇ ਦੋਸ਼ ਹੈ ਕਿ ਉਹ ਜਿਸ ਮਾਸ ਕਾਰੋਬਾਰੀ ਮੋਈਨ ਕੁਰੈਸ਼ੀ ਦੇ ਖਿਲਾਫ ਇਕ ਮਾਮਲੇ ਦੀ ਜਾਂਚ ਕਰ ਰਹੇ ਸਨ, ਉਸ ਤੋਂ ਉਨ੍ਹਾਂ ਨੇ ਰਿਸ਼ਵਤ ਲਈ।


DIsha

Content Editor

Related News