ਰਾਜ ਸਭਾ ''ਚ ਪ੍ਰਧਾਨ ਮੰਤਰੀ ਦਾ ਪ੍ਰਤਾਪ ਬਾਜਵਾ ''ਤੇ ਵਿਅੰਗ, ਕਿਹਾ ''84 ਦੀ ਗੱਲ ਕਰਨੀ ਕਿਵੇਂ ਭੁੱਲ ਗਏ
Monday, Feb 08, 2021 - 06:18 PM (IST)
ਨਵੀਂ ਦਿੱਲੀ- ਰਾਜ ਸਭਾ ਵਿਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਾਂਗਰਸ ਦੇ ਰਾਜ ਸਭਾ ਮੈਂਬਰ ਪ੍ਰਤਾਪ ਸਿੰਘ ਬਾਜਵਾ 'ਤੇ ਵਿਅੰਗ ਕੱਸਿਆ ਹੈ। ਮੋਦੀ ਨੇ ਕਿਹਾ ਕਿ ਬੀਤੇ ਦਿਨੀਂ ਜਦੋਂ ਬਾਜਵਾ ਰਾਜ ਸਭਾ 'ਚ ਲੰਬਾ-ਚੌੜਾ ਭਾਸ਼ਣ ਦੇ ਰਹੇ ਸਨ ਤਾਂ ਉਨ੍ਹਾਂ ਨੂੰ ਲੱਗਾ ਕਿ ਉਹ ਸ਼ਾਇਦ 1984 ਦੇ ਦੰਗਿਆਂ ਦੀ ਵੀ ਗੱਲ ਕਰਨਗੇ। ਪ੍ਰਧਾਨ ਮੰਤਰੀ ਨੇ ਕਿਹਾ ਕਿ '84 ਵਿਚ ਪੰਜਾਬ ਨੇ ਸਭ ਤੋਂ ਵੱਧ ਹੰਝੂ ਵਹਾਏ ਸਨ, ਫਿਰ ਬਾਜਵਾ 1984 ਦੇ ਦੰਗਿਆਂ ਦੀ ਗੱਲ ਕਰਨੀ ਕਿਵੇਂ ਭੁੱਲ ਸਕਦੇ ਹਨ। ਰਾਜ ਸਭਾ ਵਿਚ ਆਪਣੇ ਸੰਬੋਧਨ ਵਿਚ ਪ੍ਰਧਾਨ ਮੰਤਰੀ ਨੇ ਆਖਿਆ ਕਿ ਵੰਡ ਦਾ ਸਭ ਤੋਂ ਵੱਧ ਦਰਦ ਪੰਜਾਬ ਨੇ ਭੁਗਤਿਆ ਹੈ ਅਤੇ ਹੁਣ ਵੀ ਸਿੱਖਾਂ ਨੂੰ ਗੁੰਮਰਾਹ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਇਸ ਦੇਸ਼ ਨੂੰ ਸਿੱਖਾਂ 'ਤੇ ਮਾਣ ਹੈ ਅਤੇ ਹੁਣ ਵੀ ਅੰਦੋਲਨ ਨਾਲ ਜੁੜੇ ਲੋਕਾਂ ਨਾਲ ਸਰਕਾਰ ਲਗਾਤਾਰ ਗੱਲਬਾਤ ਕਰ ਰਹੀ ਹੈ।
ਇਹ ਵੀ ਪੜ੍ਹੋ : ਨੌਦੀਪ ਕੌਰ ’ਤੇ ਦਿੱਲੀ ਪੁਲਸ ਦੇ ਤਸ਼ੱਦਦ ਖ਼ਿਲਾਫ਼ ਅੱਜ ਮੁਕਤਸਰੀਏ ਉਤਰਣਗੇ ਸੜਕਾਂ 'ਤੇ
ਕੀ ਕਿਹਾ ਸੀ ਬਾਜਵਾ ਨੇ
ਕਾਂਗਰਸੀ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਕੇਂਦਰ ਸਰਕਾਰ ’ਤੇ ਸ਼ਬਦੀ ਹਮਲਾ ਕਰਦਿਆਂ ਰਾਜ ਸਭਾ ਵਿਚ ਗਾਜ਼ੀਪੁਰ ਵਿਚ ਕਿਸਾਨਾਂ ਦੇ ਪ੍ਰਦਰਸ਼ਨ ਵਾਲੀ ਥਾਂ ’ਤੇ ਲਗਾਏ ਗਏ ਬੈਰੀਕੇਡਾਂ ਦੀ ਤੁਲਨਾ ਬਰਲਿਨ ਦੀ ਕੰਧ ਨਾਲ ਕੀਤੀ ਅਤੇ ਕਿਸਾਨਾਂ ਨੂੰ ਦੇਸ਼ ਵਿਰੋਧੀ ਤੇ ਖ਼ਾਲਿਸਤਾਨੀ ਕਹੇ ਜਾਣ ’ਤੇ ਸਖ਼ਤ ਇਤਰਾਜ਼ ਕੀਤਾ। ਉਨ੍ਹਾਂ ਪ੍ਰਧਾਨ ਮੰਤਰੀ ਨੂੰ ਅਪੀਲ ਕੀਤੀ ਕਿ ਮੌਜੂਦਾ ਖੇਤੀ ਕਾਨੂੰਨਾਂ ਨੂੰ ਵਾਪਸ ਲੈ ਕੇ ਉਹ ਇਕ ਨਵਾਂ ਇਤਿਹਾਸ ਸਿਰਜਣ। ਰਾਜ ਸਭਾ ਵਿਚ ਰਾਸ਼ਟਰਪਤੀ ਦੇ ਭਾਸ਼ਣ ਸਬੰਧੀ ਧੰਨਵਾਦੀ ਮਤੇ ’ਤੇ ਹੋਈ ਬਹਿਸ ਦੌਰਾਨ ਸੰਬੋਧਨ ਕਰਦਿਆਂ ਬਾਜਵਾ ਨੇ 26 ਜਨਵਰੀ ਨੂੰ ਹੋਈਆਂ ਘਟਨਾਵਾਂ, ਜੋ ਕਿ ਹਿੰਸਾ ਦਾ ਕਾਰਣ ਬਣੀਆਂ, ਦੀ ਨਿਰਪੱਖ ਜਾਂਚ ਕਰਵਾਉਣ ਲਈ ਸੁਪਰੀਮ ਕੋਰਟ ਦੇ ਜੱਜ ਦੀ ਅਗਵਾਈ ਹੇਠ ਇਕ ਕੇਮਟੀ ਬਣਾਉਣ ਦੀ ਮੰਗ ਕੀਤੀ ਸੀ। ਬਾਜਵਾ ਨੇ ਤਿੰਨੇ ਖੇਤੀ ਕਾਨੂੰਨਾਂ ਨੂੰ ਕਿਸਾਨਾਂ ਲਈ ਮੌਤ ਦੇ ਵਾਰੰਟ ਕਰਾਰ ਦਿੱਤਾ। ਉਨ੍ਹਾਂ ਕਿਹਾ ਕਿ ਇਹ ਤਿੰਨੇ ਕਾਨੂੰਨ ਗੈਰ ਜਮਹੂਰੀ ਢੰਗ ਨਾਲ ਲਾਗੂ ਕੀਤੇ ਗਏ ਹਨ ਅਤੇ ਇਸ ਨਾਲ ਵਿਰੋਧੀ ਧਿਰ ਦੀ ਆਵਾਜ਼ ਦਬਾਈ ਜਾ ਰਹੀ ਹੈ।
ਇਹ ਵੀ ਪੜ੍ਹੋ : ਬਠਿੰਡਾ ਟੋਲ ਪਲਾਜ਼ਾ 'ਤੇ ਲੱਗੇ ਧਰਨੇ 'ਚ ਕਿਸਾਨਾਂ 'ਤੇ ਹਮਲਾ, ਲਹੂ-ਲੁਹਾਨ ਹੋਏ ਕਿਸਾਨ ਤੇ ਪੁਲਸ ਮੁਲਾਜ਼ਮ
ਬਾਜਵਾ ਨੇ ਦਿੱਲੀ ਦੇ ਬਾਰਡਰਾਂ ’ਤੇ ਬਣੇ ਹਾਲਾਤ ਦੀ ਤੁਲਣਾ ਅਫ਼ਗਾਨਿਸਤਾਨ, ਲਿਬੀਆ, ਇਰਾਕ ਅਤੇ ਯੁਗਾਂਡਾ ਨਾਲ ਕੀਤੀ। ਉਨ੍ਹਾਂ ਕਿਹਾ ਕਿ ਇਹ ਮਹਾਤਮਾ ਗਾਂਧੀ ਦਾ ਦੇਸ਼ ਨਹੀਂ ਜਾਪਦਾ। ਉਨ੍ਹਾਂ ਕਿਹਾ ਕਿ ਕਿਸਾਨ ਤੁਹਾਡੇ ’ਤੇ ਕਿਵੇਂ ਭਰੋਸਾ ਕਰ ਸਕਦੇ ਹਨ, ਤੁਸੀਂ ਕੰਡਿਆਲੀਆਂ ਤਾਰਾਂ ਲਗਾ ਰਹੇ ਹੋ ਜਿਵੇਂ ਕਿ ਬਰਲਿਨ ਦੀ ਕੰਧ ਬਣਾਈ ਹੋਵੇ।
ਇਹ ਵੀ ਪੜ੍ਹੋ : 26 ਜਨਵਰੀ ਵਾਲੀ ਘਟਨਾ ’ਤੇ ਕਿਸਾਨ ਮੋਰਚੇ ਦੀ ਵੱਡੀ ਕਾਰਵਾਈ, ਬੀ. ਕੇ. ਯੂ. ਕੇ. ਦੇ ਸੁਰਜੀਤ ਫੂਲ ਸਸਪੈਂਡ
ਨੋਟ - ਕਿਸਾਨ ਅੰਦੋਲਨ ਦੀ ਹਰ ਅਪਡੇਟ ਸਭ ਤੋਂ ਪਹਿਲਾਂ ਤੁਸੀਂ 'ਜਗ ਬਾਣੀ' ਦੀ ਐੱਪ, ਯੂ-ਟਿਊਬ, ਅਤੇ ਫੇਸਬੁੱਕ ਪੇਜ਼ 'ਤੇ ਦੇਖ ਸਕਦੇ ਹੋ।