ਅੱਜ ਤੋਂ ਮਾਲਦੀਵ ਦੌਰੇ 'ਤੇ ਜਾਣਗੇ ਰੱਖਿਆ ਮੰਤਰੀ ਰਾਜਨਾਥ ਸਿੰਘ

Monday, May 01, 2023 - 12:19 AM (IST)

ਨੈਸ਼ਨਲ ਡੈਸਕ : ਰੱਖਿਆ ਮੰਤਰੀ ਰਾਜਨਾਥ ਸਿੰਘ 1 ਤੋਂ 3 ਮਈ ਤੱਕ ਮਾਲਦੀਵ ਦੇ ਦੌਰੇ ਦੌਰਾਨ ਭਾਰਤ ਵੱਲੋਂ ਤੋਹਫ਼ੇ ਵਜੋਂ ਇਕ ਤੇਜ਼ ਗਸ਼ਤੀ ਕਿਸ਼ਤੀ ਅਤੇ ਇਕ 'ਲੈਂਡਿੰਗ ਕਰਾਫਟ' ਸੌਂਪਣਗੇ। ਰੱਖਿਆ ਮੰਤਰਾਲੇ ਨੇ ਐਤਵਾਰ ਨੂੰ ਇਹ ਜਾਣਕਾਰੀ ਦਿੰਦਿਆਂ ਕਿਹਾ ਕਿ ਸਿੰਘ ਦੀ ਮਾਲਦੀਵ ਯਾਤਰਾ ਦੋਹਾਂ ਦੇਸ਼ਾਂ ਵਿਚਾਲੇ ਦੋਸਤੀ ਦੇ 'ਮਜ਼ਬੂਤ ਬੰਧਨ' ਬਣਾਉਣ ਲਈ 'ਮਹੱਤਵਪੂਰਨ ਮੀਲ ਪੱਥਰ' ਸਾਬਤ ਹੋਵੇਗੀ। ਮਾਲਦੀਵ ਹਿੰਦ ਮਹਾਸਾਗਰ ਖੇਤਰ ਵਿੱਚ ਭਾਰਤ ਦੇ ਪ੍ਰਮੁੱਖ ਸਮੁੰਦਰੀ ਗੁਆਂਢੀਆਂ 'ਚੋਂ ਇਕ ਹੈ ਤੇ ਰੱਖਿਆ ਅਤੇ ਸੁਰੱਖਿਆ ਖੇਤਰਾਂ ਸਮੇਤ ਸਮੁੱਚੇ ਦੁਵੱਲੇ ਸਬੰਧ ਪਿਛਲੇ ਸਾਲਾਂ ਵਿੱਚ ਮਜ਼ਬੂਤ ਹੋਏ ਹਨ। ਮਾਲਦੀਵ ਨੂੰ ਮਿਲਟਰੀ ਪਲੇਟਫਾਰਮ ਦੇਣ ਦਾ ਭਾਰਤ ਦਾ ਫ਼ੈਸਲਾ ਅਜਿਹੇ ਸਮੇਂ 'ਚ ਆਇਆ ਹੈ, ਜਦੋਂ ਚੀਨ ਇਸ ਖੇਤਰ 'ਚ ਆਪਣੇ ਸਮੁੱਚੇ ਪ੍ਰਭਾਵ ਨੂੰ ਵਧਾਉਣ ਲਈ ਲਗਾਤਾਰ ਕੋਸ਼ਿਸ਼ਾਂ ਕਰ ਰਿਹਾ ਹੈ।

ਇਹ ਵੀ ਪੜ੍ਹੋ : ਅਮਰੀਕਾ 'ਚ ਜਹਾਜ਼ ਹਾਦਸਾਗ੍ਰਸਤ, ਲਾਸ ਏਂਜਲਸ ਇਲਾਕੇ 'ਚ ਧੁੰਦ ਕਾਰਨ ਵਾਪਰੀ ਘਟਨਾ

ਰਾਸ਼ਟਰਪਤੀ ਮੁਹੰਮਦ ਸੋਲਿਹ ਨਾਲ ਮੁਲਾਕਾਤ ਕਰਨਗੇ ਰਾਜਨਾਥ

ਰਾਜਨਾਥ ਸਿੰਘ ਆਪਣੀ ਯਾਤਰਾ ਦੌਰਾਨ ਮਾਲਦੀਵ ਦੇ ਰਾਸ਼ਟਰਪਤੀ ਇਬਰਾਹਿਮ ਮੁਹੰਮਦ ਸੋਲਿਹ, ਵਿਦੇਸ਼ ਮੰਤਰੀ ਅਬਦੁੱਲਾ ਸ਼ਾਹਿਦ ਅਤੇ ਰੱਖਿਆ ਮੰਤਰੀ ਮਾਰੀਆ ਦੀਦੀ ਨਾਲ ਮੁਲਾਕਾਤ ਕਰਨਗੇ। ਮੰਤਰਾਲੇ ਨੇ ਇਕ ਬਿਆਨ ਵਿੱਚ ਕਿਹਾ, "ਖੇਤਰ 'ਚ ਮਿੱਤਰ ਦੇਸ਼ਾਂ ਅਤੇ ਭਾਈਵਾਲਾਂ ਦੀ ਸਮਰੱਥਾ ਨਿਰਮਾਣ ਪ੍ਰਤੀ ਭਾਰਤ ਦੀ ਵਚਨਬੱਧਤਾ ਦੇ ਅਨੁਸਾਰ ਰੱਖਿਆ ਮੰਤਰੀ ਰਾਜਨਾਥ ਸਿੰਘ ਮਾਲਦੀਵ ਦੇ ਰਾਸ਼ਟਰੀ ਰੱਖਿਆ ਬਲਾਂ ਨੂੰ ਇਕ ਤੇਜ਼ ਗਸ਼ਤੀ ਜਹਾਜ਼ ਅਤੇ ਇਕ ਲੈਂਡਿੰਗ ਕਰਾਫਟ ਦਾ ਤੋਹਫ਼ੇ ਦੇਣਗੇ।" ਲੈਂਡਿੰਗ ਕਰਾਫਟ ਛੋਟੇ ਅਤੇ ਦਰਮਿਆਨੇ ਸਮੁੰਦਰੀ ਜਹਾਜ਼ ਹੁੰਦੇ ਹਨ। ਸਿੰਘ ਮਾਲਦੀਵ ਵਿੱਚ ਵੱਖ-ਵੱਖ ਭਾਰਤੀ ਸਹਾਇਤਾ ਪ੍ਰੋਜੈਕਟਾਂ ਨੂੰ ਲਾਗੂ ਕਰਨ ਦੀ ਸਮੀਖਿਆ ਕਰਨਗੇ ਅਤੇ ਭਾਰਤੀ ਪ੍ਰਵਾਸੀਆਂ ਨਾਲ ਗੱਲਬਾਤ ਕਰਨਗੇ।

ਨੋਟ:- ਇਸ ਖ਼ਬਰ ਬਾਰੇ ਆਪਣੇ ਵਿਚਾਰ ਕੁਮੈਂਟ ਬਾਕਸ ਵਿਚ ਜ਼ਰੂਰ ਸਾਂਝੇ ਕਰੋ।


Mukesh

Content Editor

Related News