ਸੰਸਦ 'ਚ ਰਾਜਨਾਥ ਸਿੰਘ ਦਾ ਬਿਆਨ- 'ਲੱਦਾਖ 'ਚ ਚੀਨ ਦੀ ਹਰਕਤ ਸਾਨੂੰ ਮਨਜ਼ੂਰ ਨਹੀਂ'
Tuesday, Sep 15, 2020 - 04:36 PM (IST)
ਨਵੀਂ ਦਿੱਲੀ— ਸੰਸਦ ਦੇ ਮਾਨਸੂਨ ਸੈਸ਼ਨ ਦਾ ਅੱਜ ਯਾਨੀ ਕਿ ਮੰਗਲਵਾਰ ਨੂੰ ਦੂਜਾ ਦਿਨ ਹੈ। ਲੋਕ ਸਭਾ ਦੀ ਕਾਰਵਾਈ ਦਾ ਸਮਾਂ 3 ਤੋਂ 7 ਵਜੇ ਹੈ। ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਚੀਨ ਨਾਲ ਜਾਰੀ ਤਣਾਅ 'ਤੇ ਸੰਸਦ 'ਚ ਬਿਆਨ ਦਿੱਤਾ। ਰਾਜਨਾਥ ਨੇ ਕਿਹਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਲੱਦਾਖ ਦਾ ਦੌਰਾ ਕਰ ਕੇ ਸਾਡੇ ਜਵਾਨਾਂ ਨਾਲ ਮੁਲਾਕਾਤ ਕੀਤੀ। ਉਨ੍ਹਾਂ ਨੇ ਇਹ ਸੰਦੇਸ਼ ਦਿੱਤਾ ਸੀ ਕਿ ਉਹ ਸਾਡੇ ਵੀਰ ਜਵਾਨਾਂ ਨਾਲ ਖੜ੍ਹੇ ਹਨ। ਮੈਂ ਵੀ ਲੱਦਾਖ ਜਾ ਕੇ ਆਪਣੀ ਯੂਨਿਟ ਨਾਲ ਸਮਾਂ ਬਿਤਾਇਆ ਸੀ।
ਰਾਜਨਾਥ ਸਿੰਘ ਨੇ ਚੀਨ ਨਾਲ ਜਾਰੀ ਤਣਾਅ 'ਤੇ ਬੋਲਦੇ ਹੋਏ ਚੀਨ ਸਰਹੱਦ 'ਤੇ ਅਪ੍ਰੈਲ ਤੋਂ ਬਾਅਦ ਜਿਸ ਤਰ੍ਹਾਂ ਦੀ ਚੀਨੀ ਫ਼ੌਜ ਨੇ ਹਰਕਤ ਕੀਤੀ, ਉਸ ਦੀ ਪੂਰੀ ਜਾਣਕਾਰੀ ਦਿੱਤੀ। ਉਨ੍ਹਾਂ ਕਿਹਾ ਕਿ ਅਪ੍ਰੈੱਲ ਤੋਂ ਲੈ ਕੇ ਹੁਣ ਤੱਕ ਕਈ ਵਾਰ ਘੁਸਪੈਠ ਦੀ ਕੋਸ਼ਿਸ਼ ਕੀਤੀ ਗਈ। ਇਸ ਮਾਮਲੇ 'ਤੇ ਰਾਜਨਾਥ ਸਿੰਘ ਨੇ ਕਿਹਾ ਕਿ ਸਾਨੂੰ ਚੀਨ ਦੀਆਂ ਅਜਿਹੀਆਂ ਹਰਕਤਾਂ ਮਨਜ਼ੂਰ ਨਹੀਂ ਹਨ। ਦੋਹਾਂ ਦੇਸ਼ਾਂ ਦੇ ਕਮਾਂਡਰਾਂ ਨੇ 6 ਜੂਨ ਨੂੰ ਬੈਠਕ ਕੀਤੀ ਅਤੇ ਫ਼ੌਜੀਆਂ ਦੀ ਗਿਣਤੀ ਘਟਾਉਣ ਦੀ ਗੱਲ ਆਖੀ। ਇਸ ਤੋਂ ਬਾਅਦ 15 ਜੂਨ ਨੂੰ ਚੀਨ ਨੇ ਹਿੰਸਾ ਦੀ ਵਰਤੋਂ ਕੀਤੀ, ਇਸੇ ਝੜਪ ਵਿਚ ਸਾਡੇ ਵੀਰ ਜਵਾਨ ਸ਼ਹੀਦ ਵੀ ਹੋਏ ਅਤੇ ਚੀਨੀ ਫ਼ੌਜ ਨੂੰ ਨੁਕਸਾਨ ਵੀ ਪਹੁੰਚਾਇਆ।
ਰਾਜਨਾਥ ਸਿੰਘ ਨੇ ਅੱਗੇ ਕਿਹਾ ਕਿ ਗੁਆਂਢੀਆਂ ਨਾਲ ਚੰਗੇ ਸੰਬੰਧਾਂ ਨੂੰ ਰੱਖਣਾ ਜ਼ਰੂਰੀ ਹੈ। ਇਸ ਕਾਰਨ ਸਾਡੇ ਵਲੋਂ ਫ਼ੌਜੀ, ਕੂਟਨੀਤਿਕ ਤੌਰ 'ਤੇ ਗਲੱਬਾਤ ਹੋ ਰਹੀ ਹੈ। ਦੋਹਾਂ ਦੇਸ਼ਾਂ ਨੂੰ ਅਸਲ ਕੰਟਰੋਲ ਰੇਖਾ (ਐੱਲ. ਏ. ਸੀ.) ਦਾ ਸਨਮਾਨ ਕਰਨਾ ਚਾਹੀਦਾ ਹੈ। ਐੱਲ. ਏ. ਸੀ. 'ਤੇ ਘੁਸਪੈਠ ਨਹੀਂ ਹੋਣੀ ਚਾਹੀਦੀ ਅਤੇ ਸਮਝੌਤਿਆਂ ਨੂੰ ਮੰਨਣਾ ਚਾਹੀਦਾ ਹੈ। ਇਸ ਦੇ ਬਾਵਜੂਦ 29-30 ਅਗਸਤ ਨੂੰ ਪੈਂਗੋਂਗ 'ਚ ਚੀਨ ਨੇ ਘੁਸਪੈਠ ਦੀ ਕੋਸ਼ਿਸ਼ ਕੀਤੀ ਪਰ ਭਾਰਤੀ ਜਵਾਨਾਂ ਨੇ ਉਸ ਦਾ ਜਵਾਬ ਦਿੱਤਾ। ਰਾਜਨਾਥ ਨੇ ਕਿਹਾ ਕਿ ਚੀਨ ਨੇ 1993 ਦੇ ਸਮਝੌਤੇ ਦਾ ਉਲੰਘਣ ਕੀਤਾ ਹੈ ਪਰ ਭਾਰਤ ਨੇ ਇਸ ਦਾ ਪਾਲਣ ਕੀਤਾ ਹੈ। ਚੀਨ ਕਾਰਨ ਸਮੇਂ-ਸਮੇਂ 'ਤੇ ਝੜਪ ਦੀ ਸਥਿਤੀ ਪੈਦਾ ਹੋਈ ਹੈ। ਸਾਡੀ ਫ਼ੌਜ ਜਵਾਬ ਦੇਣ 'ਚ ਸਮਰੱਥ ਹੈ।
ਰਾਜਨਾਥ ਨੇ ਕਿਹਾ ਕਿ ਭਾਰਤ ਚੀਨ ਨਾਲ ਸਰਹੱਦੀ ਵਿਵਾਦ ਸ਼ਾਂਤੀਪੂਰਨ ਗੱਲਬਾਤ ਰਾਹੀਂ ਕੱਢਣਾ ਚਾਹੁੰਦਾ ਹੈ। ਸਰਹੱਦੀ ਵਿਵਾਦ ਇਕ ਜਟਿਲ ਸਮੱਸਿਆ ਹੈ। ਐੱਲ. ਸੀ. ਏ. 'ਤੇ ਸ਼ਾਂਤੀਪੂਰਨ ਹੱਲ ਕੱਢਿਆ ਜਾਣਾ ਚਾਹੀਦਾ ਹੈ। ਅਸੀਂ ਕਿਸੇ ਵੀ ਹਾਲਾਤ ਲਈ ਤਿਆਰ ਹਾਂ। ਸਰਹੱਦ 'ਤੇ ਗੱਲਬਾਤ ਲਈ ਦੋਵੇਂ ਦੇਸ਼ ਸਹਿਮਤ ਹਨ। ਰਾਜਨਾਥ ਨੇ ਕਿਹਾ ਕਿ ਭਾਰਤ ਆਪਣੀ ਪ੍ਰਭੂਸੱਤਾ ਦੀ ਰੱਖਿਆ ਕਰੇਗਾ ਅਤੇ ਦੇਸ਼ ਦੀ ਫ਼ੌਜ ਇਸ ਲਈ ਪੂਰੀ ਤਰ੍ਹਾਂ ਤਿਆਰ ਹੈ। ਦੱਸ ਦੇਈਏ ਕਿ ਵਿਰੋਧੀ ਧਿਰ ਸਰਕਾਰ 'ਤੇ ਦਬਾਅ ਬਣਾ ਰਹੀ ਸੀ ਕਿ ਸਰਕਾਰ ਚੀਨ ਦੇ ਮੁੱਦੇ 'ਤੇ ਅਧਿਕਾਰਤ ਬਿਆਨ ਦੇਵੇ। ਇਸ ਨੂੰ ਦੇਖਦੇ ਹੋਏ ਰੱਖਿਆ ਮੰਤਰੀ ਰਾਜਨਾਥ ਸਿੰਘ ਚੀਨ ਸਰਹੱਦ 'ਤੇ ਕੀ ਹਾਲਾਤ ਹਨ, ਇਸ ਤੋਂ ਦੇਸ਼ ਨੂੰ ਜਾਣੂ ਕਰਵਾਉਣ।