ਰਾਜਨਾਥ ਨੇ ਸਵਦੇਸ਼ੀਕਰਨ ਲਈ ਜਾਰੀ ਕੀਤੀ 780 ਰੱਖਿਆ ਉਤਪਾਦਨਾਂ ਦੀ ਤੀਜੀ ਸੂਚੀ

Monday, Aug 29, 2022 - 12:00 PM (IST)

ਰਾਜਨਾਥ ਨੇ ਸਵਦੇਸ਼ੀਕਰਨ ਲਈ ਜਾਰੀ ਕੀਤੀ 780 ਰੱਖਿਆ ਉਤਪਾਦਨਾਂ ਦੀ ਤੀਜੀ ਸੂਚੀ

ਨਵੀਂ ਦਿੱਲੀ (ਭਾਸ਼ਾ)– ਰੱਖਿਆ ਮੰਤਰੀ ਰਾਜਨਾਥ ਸਿੰਘ ਨੇ 780 ਅਜਿਹੇ ਪੁਰਜ਼ਿਆਂ, ਉਪ-ਪ੍ਰਣਾਲੀਆਂ ਅਤੇ ਉਤਪਾਦਨਾਂ ਦੀ ਨਵੀਂ ਸੂਚੀ ਨੂੰ ਮਨਜ਼ੂਰੀ ਦਿੱਤੀ ਹੈ ਜੋ ਦਰਾਮਦ ’ਤੇ ਪਾਬੰਦੀ ਤੋਂ ਬਾਅਦ ਘਰੇਲੂ ਉਦਯੋਗਾਂ ਤੋਂ ਹੀ ਖਰੀਦੇ ਜਾਣਗੇ। ਇਹ ਤੀਜੀ ਅਜਿਹੀ ‘ਉਸਾਰੂ ਸਵਦੇਸ਼ੀ’ ਸੂਚੀ ਹੈ ਜਿਸ ਵਿੱਚ ਵੱਖ-ਵੱਖ ਫੌਜੀ ਵਿਭਾਗਾਂ ਵਲੋਂ ਵਰਤੇ ਜਾਂਦੇ ਪੁਰਜ਼ੇ, ਉਪਕਰਣ ਅਤੇ ਹਥਿਆਰ ਸ਼ਾਮਲ ਹਨ। ਇਸ ਦਾ ਮੰਤਵ ਰੱਖਿਆ ਖੇਤਰ ਦੇ ਜਨਤਕ ਅਦਾਰਿਆਂ ਵਲੋਂ ਦਰਾਮਦ ਨੂੰ ਘਟਾਉਣਾ ਹੈ।

ਰੱਖਿਆ ਮੰਤਰਾਲਾ ਨੇ ਇਨ੍ਹਾਂ ਪੁਰਜ਼ਿਆਂ ਦੀ ਦਰਾਮਦ ਰੋਕਣ ਲਈ ਦਸੰਬਰ 2023 ਤੋਂ ਦਸੰਬਰ 2028 ਦੀ ਸਮਾਂ ਹੱਦ ਤੈਅ ਕੀਤੀ ਹੈ। ਮੰਤਰਾਲਾ ਨੇ ਇਕ ਬਿਆਨ ’ਚ ਕਿਹਾ ਕਿ ਰਾਜਨਾਥ ਨੇ ਰਣਨੀਤਕ ਤੌਰ ’ਤੇ ਮਹੱਤਵਪੂਰਨ ਉਪ-ਪ੍ਰਣਾਲੀਆਂ ਜਾਂ ਪੁਰਜ਼ਿਆਂ ਦੀਆਂ 780 ‘ਲਾਈਨ ਰਿਪਲੇਸਮੈਂਟ ਯੂਨਿਟਸ’ (ਐੱਲ.ਆਰ.ਯੂ.) ਦੀ ਤੀਜੀ ਸੂਚੀ ਨੂੰ ਇਕ ਖਾਸ ਸਮਾਂ ਹੱਦ ਨਾਲ ਮਨਜ਼ੂਰੀ ਦਿੱਤੀ ਹੈ। ਉਸ ਤੋਂ ਬਾਅਦ ਉਨ੍ਹਾਂ ਨੂੰ ਸਿਰਫ ਘਰੇਲੂ ਉਦਯੋਗਾਂ ਤੋਂ ਹੀ ਖਰੀਦਿਆ ਜਾ ਸਕੇਗਾ।

ਇਸ ਤੋਂ ਪਹਿਲਾਂ ਦਸੰਬਰ 2021 ਅਤੇ ਮਾਰਚ 2022 ਵਿੱਚ ਵੀ ਇਸੇ ਤਰ੍ਹਾਂ ਦੀਆਂ ਦੋ ਸੂਚੀਆਂ ਜਾਰੀ ਕੀਤੀਆਂ ਜਾ ਚੁੱਕੀਆਂ ਹਨ। ਮੰਤਰਾਲਾ ਨੇ ਕਿਹਾ ਕਿ ਇਹ ਚੀਜ਼ਾਂ ਵੱਖ-ਵੱਖ ਚੈਨਲਾਂ ਰਾਹੀਂ ਸਵਦੇਸ਼ੀ ‘ਮੇਕ’ ਸ਼੍ਰੇਣੀ ਤਹਿਤ ਤਿਆਰ ਕੀਤੀਆਂ ਜਾਣਗੀਆਂ।


author

Rakesh

Content Editor

Related News