ਰਾਜਨਾਥ ਤੇ ਸ਼ਾਹ ਦੀ ਵਿਰੋਧੀ ਧਿਰ ਅੱਗੇ ਇਕ ਨਾਲ ਚੱਲੀ, ਰਾਜ ਸਭਾ ਦੀ ਕਾਰਵਾਈ ਮੁਲਤਵੀ

Thursday, Aug 02, 2018 - 10:01 AM (IST)

ਰਾਜਨਾਥ ਤੇ ਸ਼ਾਹ ਦੀ ਵਿਰੋਧੀ ਧਿਰ ਅੱਗੇ ਇਕ ਨਾਲ ਚੱਲੀ, ਰਾਜ ਸਭਾ ਦੀ ਕਾਰਵਾਈ ਮੁਲਤਵੀ

ਨਵੀਂ ਦਿੱਲੀ— ਰਾਜ ਸਭਾ ਦੀ ਕਾਰਵਾਈ ਬੁੱਧਵਾਰ ਐੱਨ. ਆਰ. ਸੀ. ਦੇ ਮੁੱਦੇ ਦੀ ਭੇਟ ਚੜ੍ਹ ਗਈ। ਵਿਰੋਧੀ ਧਿਰ ਨੇ ਹਾਊਸ ਵਿਚ ਗ੍ਰਹਿ ਮੰਤਰੀ ਰਾਜਨਾਥ ਸਿੰਘ ਅਤੇ ਭਾਜਪਾ ਪ੍ਰਧਾਨ ਅਮਿਤ ਸ਼ਾਹ ਨੂੰ ਨਹੀਂ ਬੋਲਣ ਦਿੱਤਾ। ਲਗਾਤਾਰ ਹੰਗਾਮਾ ਹੁੰਦਾ ਰਹਿਣ ਕਾਰਨ ਚੇਅਰਮੈਨ ਨੇ ਹਾਊਸ ਦੀ ਕਾਰਵਾਈ ਨੂੰ ਪੂਰੇ ਦਿਨ ਲਈ ਮੁਲਤਵੀ ਕਰ ਦਿੱਤਾ।
ਸਵੇਰੇ ਜਿਵੇਂ ਹੀ ਹਾਊਸ ਦੀ ਕਾਰਵਾਈ ਸ਼ੁਰੂ ਹੋਈ ਤਾਂ ਚੇਅਰਮੈਨ ਵੈਂਕਈਆ ਨਾਇਡੂ ਨੇ ਲੋੜੀਂਦੇ ਦਸਤਾਵੇਜ਼ ਰਖਵਾਏ। ਉਨ੍ਹਾਂ ਕਿਹਾ ਕਿ ਕਈ ਮੈਂਬਰਾਂ ਨੇ ਨਿਯਮ 267 ਅਧੀਨ ਕਈ ਮੈਂਬਰਾਂ ਨੇ ਨੋਟਿਸ ਦਿੱਤੇ ਹਨ, ਜਿਨ੍ਹਾਂ ਨੂੰ ਉਨ੍ਹਾਂ ਨੇ ਰੱਦ ਕਰ ਦਿੱਤਾ ਹੈ। ਇਸ ਦੌਰਾਨ ਕਾਂਗਰਸੀ ਮੈਂਬਰ ਆਨੰਦ ਸ਼ਰਮਾ ਨੇ ਵਿਵਸਥਾ ਦਾ ਸਵਾਲ ਉਠਾਉਂਦਿਆਂ ਕਿਹਾ ਕਿ ਇਕ ਦਿਨ ਪਹਿਲਾਂ   ਸੰਸਦ ਵਿਚ ਐੱਨ. ਆਰ. ਸੀ. ਦੇ ਮੁੱਦੇ 'ਤੇ ਚਰਚਾ ਹੋਈ ਸੀ। 
ਇਸ਼ਾਰਾ ਕਰਦੇ ਹੋਏ ਸ਼ਰਮਾ ਨੇ ਕਿਹਾ ਕਿ ਭਾਜਪਾ ਦੇ ਹੀ ਇਕ ਨੇਤਾ ਨੇ ਮੰਗਲਵਾਰ ਚਰਚਾ ਦੌਰਾਨ ਐੱਨ. ਆਰ. ਸੀ. ਨੂੰ ਰਾਜੀਵ ਗਾਂਧੀ ਦੇ ਸਮੇਂ ਹੋਏ ਸਮਝੌਤੇ ਦਾ ਨਤੀਜਾ ਦੱਸਿਆ ਸੀ। ਉਨ੍ਹਾਂ ਸ਼ਾਹ ਦੀ ਟਿੱਪਣੀ 'ਤੇ ਨਾਰਾਜ਼ਗੀ ਪ੍ਰਗਟ ਕਰਦਿਆਂ ਕਿਹਾ ਕਿ ਪੰਡਿਤ ਨਹਿਰੂ ਤੋਂ ਲੈ ਕੇ ਮਨਮੋਹਨ ਸਿੰਘ ਤੱਕ ਕਈ ਪ੍ਰਧਾਨ ਮੰਤਰੀ ਹੋਏ ਹਨ। ਰਾਜੀਵ ਤੋਂ ਬਾਅਦ ਅਟਲ ਬਿਹਾਰੀ ਵਾਜਪਾਈ ਵੀ ਪ੍ਰਧਾਨ ਮੰਤਰੀ ਰਹੇ। 
ਸ਼ਰਮਾ ਨੇ ਚੇਅਰਮੈਨ ਕੋਲੋਂ ਮੰਗ ਕੀਤੀ ਕਿ ਭਾਜਪਾ ਪ੍ਰਧਾਨ ਵਲੋਂ ਇਕ ਦਿਨ ਪਹਿਲਾਂ ਕੀਤੀ ਗਈ ਟਿੱਪਣੀ ਨੂੰ ਵਾਪਸ ਲਿਆ ਜਾਵੇ। ਕਈ ਮੈਂਬਰਾਂ ਨੇ ਸ਼ਰਮਾ ਦੀ ਗੱਲ ਨਾਲ ਸਹਿਮਤੀ ਪ੍ਰਗਟ ਕੀਤੀ। ਨਾਇਡੂ ਨੇ ਕਿਹਾ ਕਿ ਉਹ ਰਿਕਾਰਡ ਦੇਖਣਗੇ। ਅੱਜ ਉਹ ਸ਼ਾਹ ਨੂੰ ਆਪਣੀ ਗੱਲ ਪੂਰੀ ਕਰਨ ਦੀ ਆਗਿਆ ਦਿੰਦੇ ਹਨ। ਉਸ ਤੋਂ ਬਾਅਦ ਗ੍ਰਹਿ ਮੰਤਰੀ ਜਵਾਬ ਦੇਣਗੇ। ਇਸ 'ਤੇ ਹਾਊਸ ਵਿਚ ਹੰਗਾਮਾ ਸ਼ੁਰੂ ਹੋ ਗਿਆ।
ਨਾਇਡੂ ਨੇ ਮੈਂਬਰਾਂ ਨੂੰ ਸ਼ਾਂਤੀ ਬਣਾਈ ਰੱਖਣ ਦੀ ਅਪੀਲ ਕੀਤੀ। ਅਪੀਲ ਦਾ ਕੋਈ ਅਸਰ ਨਾ ਹੋਣ 'ਤੇ ਉਨ੍ਹਾਂ 11.15 ਵਜੇ ਹਾਊਸ ਦੀ ਕਾਰਵਾਈ 45 ਮਿੰਟ ਲਈ ਮੁਲਤਵੀ ਕਰ ਦਿੱਤੀ। 12 ਵਜੇ ਵੀ ਹੰਗਾਮਾ ਮੁੜ ਸ਼ੁਰੂ ਹੋ ਗਿਆ। ਇਸ 'ਤੇ ਉਨ੍ਹਾਂ ਹਾਊਸ ਦੀ ਕਾਰਵਾਈ 2 ਵਜੇ ਤੱਕ ਲਈ ਮੁਲਤਵੀ ਕੀਤੀ। ਉਦੋਂ ਵੀ ਹੰਗਾਮਾ ਜਾਰੀ ਰਹਿਣ 'ਤੇ ਉਨ੍ਹਾਂ ਪੂਰੇ ਦਿਨ ਲਈ ਹਾਊਸ ਦੀ ਕਾਰਵਾਈ ਮੁਲਤਵੀ ਕਰ ਦਿੱਤੀ।


Related News