8ਵੀਂ ਦੀ ਵਿਦਿਆਰਥਣ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਮਾਪਿਆਂ ਨੇ ਸਕੂਲ ''ਤੇ ਲਗਾਇਆ ਦੋਸ਼

Wednesday, Jan 18, 2023 - 01:39 PM (IST)

8ਵੀਂ ਦੀ ਵਿਦਿਆਰਥਣ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ, ਮਾਪਿਆਂ ਨੇ ਸਕੂਲ ''ਤੇ ਲਗਾਇਆ ਦੋਸ਼

ਰਾਜਕੋਟ (ਵਾਰਤਾ)- ਗੁਜਰਾਤ ਦੇ ਰਾਜਕੋਟ 'ਚ 8ਵੀਂ ਜਮਾਤ ਦੀ ਵਿਦਿਆਰਥਣ ਦੀ ਦਿਲ ਦਾ ਦੌਰਾ ਪੈਣ ਨਾਲ ਮੌਤ ਹੋ ਗਈ ਪਰ ਵਿਦਿਆਰਥੀ ਦੇ ਮਾਤਾ-ਪਿਤਾ ਨੇ ਉਸ ਦੀ ਮੌਤ ਲਈ ਸਕੂਲ ਪ੍ਰਬੰਧਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਰਾਜਕੋਟ ਜ਼ਿਲ੍ਹਾ ਪ੍ਰਾਇਮਰੀ ਸਿੱਖਿਆ ਅਧਿਕਾਰੀ ਨੂੰ ਲਿਖੀ ਇਕ ਚਿੱਠੀ 'ਚ ਸਕੂਲ ਦੇ ਪ੍ਰਿੰਸੀਪਲ ਨੇ ਕਿਹਾ,''ਮੰਗਲਵਾਰ ਦੀ ਸਵੇਰ, 8ਵੀਂ ਜਮਾਤ ਦੀ ਵਿਦਿਆਰਥਣ ਰੀਆ ਸੋਨੀ ਨੇ ਸਵੇਰੇ 7.23 ਵਜੇ ਬੇਚੈਨੀ ਦੀ ਸ਼ਿਕਾਇਤ ਕੀਤੀ। ਉਸ ਦੇ ਮਾਤਾ-ਪਿਤਾ ਨੂੰ ਬੁਲਾਇਆ ਗਿਆ ਸੀ, ਜੋ ਉਸ ਨੂੰ ਹਸਪਤਾਲ ਲੈ ਗਏ, ਜਿੱਥੇ ਡਾਕਟਰ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।'' ਪ੍ਰਿੰਸੀਪਲ ਸਮਿਤਾਬੇਨ ਅਨੁਸਾਰ, ਜਦੋਂ ਪੀੜਤਾ ਡਿੱਗ ਗਈ ਤਾਂ ਉਸ ਦੇ ਸਹਿਪਾਠੀਆਂ ਅਤੇ ਅਧਿਆਪਕਾਂ ਨੇ ਉਸ ਨੂੰ ਠੀਕ ਕਰਨ 'ਚ ਮਦਦ ਕਰਨ ਦੀ ਕੋਸ਼ਿਸ਼ 'ਚ ਉਸ ਦੇ ਹੱਥ-ਪੈਰ ਰਗੜੇ। ਦੂਜੇ ਪਾਸੇ ਰੀਆ ਦੇ ਮਾਤਾ-ਪਿਤਾ ਦਾ ਦੋਸ਼ ਹੈ ਕਿ ਉਸ ਦੀ ਧੀ ਸਿਹਤਮੰਦ ਸੀ ਅਤੇ ਕਿਸੇ ਬੀਮਾਰੀ ਨਾਲ ਪੀੜਤ ਨਹੀਂ ਸੀ। 

ਉਨ੍ਹਾਂ ਅੱਗੇ ਕਿਹਾ ਕਿ ਜੇਕਰ ਸਕੂਲ ਨੇ ਡੀਪੀਈਓ ਦੇ ਨਿਰਦੇਸ਼ ਅਨੁਸਾਰ ਸਵੇਰੇ 7.30 ਦੀ ਜਗ੍ਹਾ 8.30 ਵਜੇ ਤੱਕ ਆਪਣਾ ਸਮਾਂ ਬਦਲ ਦਿੱਤਾ ਹੁੰਦਾ ਤਾਂ ਉਸ ਦੀ ਮੌਤ ਨਹੀਂ ਹੁੰਦੀ। ਡੀਪੀਓ ਬੀ.ਐੱਸ. ਕੈਲਾ ਨੇ ਦੱਸਿਆ,''ਅਜੇ ਇਹ ਕਹਿਣਾ ਜਲਦਬਾਜ਼ੀ ਹੋਵੇਗੀ ਕਿ ਰੀਆ ਦੀ ਮੌਤ ਸ਼ੀਤ ਲਹਿਰ ਕਾਰਨ ਹੋਈ ਹੈ। ਉਨ੍ਹਾਂ ਕਿਹਾ ਕਿ ਡਾਕਟਰ ਦਾ ਕਹਿਣਾ ਹੈ ਕਿ ਉਸ ਦੀ ਮੌਤ ਦਿਲ ਦਾ ਦੌਰਾ ਪੈਣ ਨਾਲ ਹੋਈ ਹੈ। ਉਸ ਦੇ ਖੂਨ ਦੇ ਨਮੂਨੇ ਐੱਫ.ਐੱਸ.ਐੱਲ. ਭੇਜੇ ਗਏ ਹਨ। ਉਨ੍ਹਾਂ ਕਿਹਾ ਕਿ ਐੱਫ.ਐੱਸ.ਐੱਲ. ਵਿਸਰਾ ਜਾਂਚ ਵੀ ਕਰੇਗਾ ਅਤੇ ਉਸ ਤੋਂ ਬਾਅਦ ਹੀ ਮੌਤ ਦੇ ਅਸਲੀ ਕਾਰਨ ਦੀ ਪੁਸ਼ਟੀ ਹੋ ਸਕੇਗੀ। 


author

DIsha

Content Editor

Related News