ਰਾਜੀਵ ਦੀ ਕੋਮਲਤਾ ਨੇ ਮੈਨੂੰ ਪਹਿਲੀ ਮੁਲਾਕਾਤ ’ਚ ਹੀ ਪ੍ਰਭਾਵਿਤ ਕੀਤਾ ਸੀ : ਸੋਨੀਆ ਗਾਂਧੀ
Saturday, Oct 24, 2026 - 09:13 PM (IST)
ਨਵੀਂ ਦਿੱਲੀ, (ਏਜੰਸੀ)-ਕਾਂਗਰਸ ਸੰਸਦੀ ਦਲ ਦੀ ਮੁਖੀ ਸੋਨੀਆ ਗਾਂਧੀ ਨੇ ਆਪਣੇ ਸਵਰਗੀ ਪਤੀ ਅਤੇ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਨਾਲ ਪਹਿਲੀ ਮੁਲਾਕਾਤ ਅਤੇ ਉਨ੍ਹਾਂ ਦੇ ਪ੍ਰੇਮ ਸਬੰਧਾਂ ਦੀ ਸ਼ੁਰੂਆਤ ਦੇ ਦਿਨਾਂ ਨੂੰ ਯਾਦ ਕਰਦਿਆਂ ਸ਼ਨੀਵਾਰ ਨੂੰ ਕਿਹਾ ਕਿ ਰਾਜੀਵ ਬੇਹੱਦ ਕੋਮਲ ਅਤੇ ਆਕਰਸ਼ਕ ਸਨ ਅਤੇ ਉਨ੍ਹਾਂ ਦੀ ਕੋਮਲਤਾ ਨੇ ਉਨ੍ਹਾਂ ਨੂੰ ਪਹਿਲੀ ਮੁਲਾਕਾਤ ’ਚ ਹੀ ਪ੍ਰਭਾਵਿਤ ਕਰ ਦਿੱਤਾ ਸੀ।
ਸੋਨੀਆ ਗਾਂਧੀ ਨੇ ਸੋਸ਼ਲ ਮੀਡੀਆ ਮੰਚ ‘ਐਕਸ’ ’ਤੇ ਆਪਣੀ ਆਉਣ ਵਾਲੀ ਸਵੈ-ਜੀਵਨੀ ਨਾਲ ਜੁੜੀ ਇਕ ਵੀਡੀਓ ਸਾਂਝੀ ਕੀਤੀ, ਜਿਸ ’ਚ ਉਨ੍ਹਾਂ ਨੇ ਕੈਂਬਰਿਜ ’ਚ ਰਾਜੀਵ ਗਾਂਧੀ ਨਾਲ ਪਹਿਲੀ ਮੁਲਾਕਾਤ ਅਤੇ ਉਨ੍ਹਾਂ ਦੇ ਪ੍ਰੇਮ ਸਬੰਧਾਂ ਦੀ ਸ਼ੁਰੂਆਤ ਦੇ ਦਿਨਾਂ ਨੂੰ ਯਾਦ ਕੀਤਾ।
ਇੰਸਟਾਗ੍ਰਾਮ ਤੋਂ ਬਾਅਦ ਸੋਨੀਆ ਗਾਂਧੀ ਹੁਣ ‘ਐਕਸ’ ’ਤੇ ਵੀ ਆ ਗਈ ਹੈ ਅਤੇ ਇਹ ਇਸ ਮੰਚ ’ਤੇ ਉਨ੍ਹਾਂ ਦੀ ਪਹਿਲੀ ਪੋਸਟ ਹੈ। ਉਨ੍ਹਾਂ ਨੇ ‘ਐਕਸ’ ’ਤੇ ਲਿਖਿਆ, ‘‘ਕੈਂਬਰਿਜ ਦੇ ਇਕ ਛੋਟੇ ਜਿਹੇ ਯੂਨਾਨੀ ਰੈਸਟੋਰੈਂਟ ’ਚ ਮੇਰੀ ਪ੍ਰੇਮ ਕਹਾਣੀ ਸ਼ੁਰੂ ਹੋਈ।’’ ਸੋਨੀਆ ਗਾਂਧੀ ਨੇ ਕਿਹਾ, ‘‘ਰਾਜੀਵ ਅਤੇ ਮੈਂ ਿਪਆਰ, ਖੁਸ਼ੀ ਅਤੇ ਯਾਦਾਂ ਨਾਲ ਭਰੀ ਆਪਣੀ ਇਕ ਦੁਨੀਆ ਬਣਾਈ। ਮੈਂ 10 ਨਵੰਬਰ ਨੂੰ ਉਸ ਦੁਨੀਆ ਨੂੰ ਤੁਹਾਡੇ ਸਾਰਿਆਂ ਨਾਲ ਸਾਂਝਾ ਕਰਾਂਗੀ।’’ ਉਨ੍ਹਾਂ ਦੀ ਸਵੈ-ਜੀਵਨੀ ‘ਬਿਲੌਂਗਿੰਗ : ਏ ਜਰਨੀ ਆਫ਼ ਲਵ’ 10 ਨਵੰਬਰ ਨੂੰ ਪ੍ਰਕਾਸ਼ਿਤ ਹੋਵੇਗੀ।
ਵੀਡੀਓ ’ਚ ਸੋਨੀਆ ਗਾਂਧੀ ਨੇ ਇੰਗਲੈਂਡ ’ਚ ਆਪਣੇ ਸ਼ੁਰੂਆਤੀ ਦਿਨਾਂ ਨੂੰ ਯਾਦ ਕਰਦਿਆਂ ਕਿਹਾ ਕਿ ਉਸ ਸਮੇਂ ਉੱਥੋਂ ਦਾ ਖਾਣਾ ਉਨ੍ਹਾਂ ਨੂੰ ਪਸੰਦ ਨਹੀਂ ਸੀ ਅਤੇ ਅੱਜ ਵਾਂਗ ਇੰਨੇ ਜ਼ਿਆਦਾ ਰੈਸਟੋਰੈਂਟ ਵੀ ਨਹੀਂ ਹੋਇਆ ਕਰਦੇ ਸਨ। ਉਨ੍ਹਾਂ ਕਿਹਾ ਕਿ ਉਹ ਲਗਾਤਾਰ ਅਜਿਹੇ ਰੈਸਟੋਰੈਂਟਾਂ ਦੀ ਭਾਲ ’ਚ ਰਹਿੰਦੀ ਸੀ, ਜਿੱਥੇ ਉਨ੍ਹਾਂ ਨੂੰ ਆਪਣੀ ਪਸੰਦ ਦਾ, ਖਾਸ ਕਰ ਕੇ ਇਤਾਲਵੀ ਖਾਣਾ ਮਿਲ ਸਕੇ।
ਸੋਨੀਆ ਗਾਂਧੀ ਨੇ ਕਿਹਾ ਕਿ ਇਸੇ ਭਾਲ ਦੌਰਾਨ ਉਨ੍ਹਾਂ ਨੂੰ ਕੈਂਬਰਿਜ ’ਚ ਇਕ ਯੂਨਾਨੀ ਰੈਸਟੋਰੈਂਟ ਮਿਲਿਆ, ਜਿੱਥੇ ਕਈ ਵਿਦਿਆਰਥੀ ਭੋਜਨ ਕਰਨ ਆਇਆ ਕਰਦੇ ਸਨ। ਉਨ੍ਹਾਂ ਕਿਹਾ ਕਿ ਉੱਥੇ ਯੂਰਪੀਅਨ ਵਿਦਿਆਰਥੀਆਂ ਤੋਂ ਇਲਾਵਾ ਵੱਡੀ ਗਿਣਤੀ ’ਚ ਭਾਰਤੀ ਵਿਦਿਆਰਥੀ ਵੀ ਆਉਂਦੇ ਸਨ ਅਤੇ ਇਸੇ ਰੈਸਟੋਰੈਂਟ ’ਚ ਉਨ੍ਹਾਂ ਦੀ ਪਹਿਲੀ ਮੁਲਾਕਾਤ ਰਾਜੀਵ ਗਾਂਧੀ ਨਾਲ ਹੋਈ ਸੀ। ਸੋਨੀਆ ਗਾਂਧੀ ਨੇ ਕਿਹਾ, ‘‘ਜਦੋਂ ਮੈਂ ਉਨ੍ਹਾਂ ਨੂੰ ਪਹਿਲੀ ਵਾਰ ਮਿਲੀ ਤਾਂ ਮੈਨੂੰ ਉਸੇ ਸਮੇਂ ਮਹਿਸੂਸ ਹੋਇਆ ਕਿ ਉਹ ਅਜਿਹੇ ਵਿਅਕਤੀ ਹਨ, ਜਿਨ੍ਹਾਂ ਨਾਲ ਮੈਂ ਜ਼ਿੰਦਗੀ ਹੰਢਾਉਣਾ ਚਾਹਾਂਗੀ। ਬਾਅਦ ’ਚ ਮੈਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਵੀ ਮੇਰੇ ਪ੍ਰਤੀ ਇਹੋ ਭਾਵਨਾ ਸੀ।’’
ਉਨ੍ਹਾਂ ਨੇ ਉਸ ਸਮੇਂ ਦੀ ਇਕ ‘ਵੈਲੇਨਟਾਈਨ ਪਾਰਟੀ’ ਦਾ ਵੀ ਜ਼ਿਕਰ ਕੀਤਾ, ਜਿਸ ’ਚ ਵੱਡੀ ਗਿਣਤੀ ’ਚ ਵਿਦਿਆਰਥੀ ਸ਼ਾਮਲ ਹੋਏ ਸਨ। ਸੋਨੀਆ ਨੇ ਰਾਜੀਵ ਗਾਂਧੀ ਦੀ ਸ਼ਖਸੀਅਤ ਬਾਰੇ ਕਿਹਾ, ‘‘ਉਹ ਬੇਹੱਦ ਕੋਮਲ ਦਿਸਣ ਵਾਲੇ ਵਿਅਕਤੀ ਸਨ। ਬੇਸ਼ੱਕ, ਉਹ ਬਹੁਤ ਆਕਰਸ਼ਕ ਸਨ ਪਰ ਉਨ੍ਹਾਂ ਦੀ ਕੋਮਲਤਾ ਸਾਫ਼ ਝਲਕਦੀ ਸੀ।’’ ਉਨ੍ਹਾਂ ਕਿਹਾ, ‘‘ਇਹ ਅਜਿਹੀ ਗੱਲ ਸੀ ਜਿਸ ਨੇ ਮੇਰੇ ਦਿਲ ਨੂੰ ਸੱਚ ’ਚ ਛੂਹਿਆ ਅਤੇ ਮੈਨੂੰ ਪ੍ਰਭਾਵਿਤ ਕੀਤਾ।’’
