ਰਾਜੀਵ ਗਾਂਧੀ ਦੀ 75ਵੀਂ ਜਯੰਤੀ ''ਤੇ ਦੇਸ਼ ਭਰ ''ਚ ਪ੍ਰੋਗਰਾਮ ਆਯੋਜਿਤ ਕਰੇਗੀ ਕਾਂਗਰਸ

Thursday, Aug 01, 2019 - 04:30 PM (IST)

ਰਾਜੀਵ ਗਾਂਧੀ ਦੀ 75ਵੀਂ ਜਯੰਤੀ ''ਤੇ ਦੇਸ਼ ਭਰ ''ਚ ਪ੍ਰੋਗਰਾਮ ਆਯੋਜਿਤ ਕਰੇਗੀ ਕਾਂਗਰਸ

ਨਵੀਂ ਦਿੱਲੀ— ਕਾਂਗਰਸ ਨੇ ਵੀਰਵਾਰ ਨੂੰ ਫੈਸਲਾ ਕੀਤਾ ਕਿ 20 ਅਗਸਤ ਨੂੰ ਸਾਬਕਾ ਪ੍ਰਧਾਨ ਮੰਤਰੀ ਰਾਜੀਵ ਗਾਂਧੀ ਦੀ 75ਵੀਂ ਜਯੰਤੀ ਮੌਕੇ ਦੇਸ਼ ਭਰ 'ਚ ਗਰੈਂਡ ਪ੍ਰੋਗਰਾਮਾਂ ਦਾ ਆਯੋਜਨ ਕੀਤਾ ਜਾਵੇਗਾ, ਜਿਸ 'ਚ ਰਾਜੀਵ ਗਾਂਧੀ ਦੀਆਂ ਉਪਲੱਬਧੀਆਂ ਅਤੇ ਦੇਸ਼ ਦੇ ਵਿਕਾਸ ਬਾਰੇ ਨੌਜਵਾਨਾਂ ਨੂੰ ਦੱਸਿਆ ਜਾਵੇਗਾ। ਪਾਰਟੀ ਦੇ ਜਨਰਲ ਸਕੱਤਰਾਂ-ਇੰਚਾਰਜਾਂ ਦੀ ਬੈਠਕ 'ਚ ਇਹ ਫੈਸਲਾ ਲਿਆ ਗਿਆ। ਇਸ ਬੈਠਕ 'ਚ ਦਿੱਲੀ ਦੀ ਸਾਬਕਾ ਮੁੱਖ ਮੰਤਰੀ ਸ਼ੀਲਾ ਦੀਕਸ਼ਤ ਅਤੇ ਸਾਬਕਾ ਕੇਂਦਰੀ ਮੰਤਰੀ ਜੈਪਾਲ ਰੈੱਡੀ ਨੂੰ ਸ਼ਰਧਾਂਜਲੀ ਦਿੱਤੀ ਗਈ। ਇਨ੍ਹਾਂ ਦੋਹਾਂ ਨੇਤਾਵਾਂ ਦਾ ਹਾਲ ਹੀ 'ਚ ਦਿਹਾਂਤ ਹੋ ਗਿਆ ਸੀ। 

ਬੈਠਕ ਤੋਂ ਬਾਅਦ ਕਾਂਗਰਸ ਦੇ ਮੁੱਖ ਬੁਲਾਰੇ ਰਣਦੀਪ ਸੁਰਜੇਵਾਲਾ ਨੇ ਕਿਹਾ,''ਬੈਠਕ 'ਚ ਇਹ ਫੈਸਲਾ ਲਿਆ ਗਿਆ ਕਿ 20 ਅਗਸਤ ਨੂੰ ਸਾਰੀਆਂ ਸੂਬਾਈ ਰਾਜਧਾਨੀਆਂ 'ਚ ਗਰੈਂਡ ਪ੍ਰੋਗਰਾਮ ਹੋਵੇਗਾ।'' ਉਨ੍ਹਾਂ ਨੇ ਕਿਹਾ,''ਰਾਜੀਵ ਗਾਂਧੀ ਇਕ ਅਜਿਹੇ ਪ੍ਰਧਾਨ ਮੰਤਰੀ ਰਹੇ ਕਿ ਜਿਨ੍ਹਾਂ ਨੇ ਇਸ ਦੇਸ਼ 'ਚ ਕਰੋੜਾਂ ਲੋਕਾਂ ਨੂੰ ਲੋਕਤੰਤਰ ਦਾ ਹਿੱਸਾ ਬਣਨ ਦਾ ਅਧਿਕਾਰ ਦਿੱਤਾ। ਖਾਸ ਕਰ ਕੇ ਪਹਿਲੀ ਵਾਰ ਪੰਚਾਇਤਾਂ ਅਤੇ ਨਗਰ ਬਾਡੀਆਂ 'ਚ ਔਰਤਾਂ ਨੂੰ ਰਾਖਵਾਂਕਰਨ ਦਿੱਤਾ ਗਿਆ। ਉਨ੍ਹਾਂ ਨੇ ਪੰਚਾਇਤਾਂ ਅਤੇ ਬਾਡੀਆਂ ਨੂੰ ਸੰਵਿਧਾਨਕ ਦਰਜਾ ਦਿੱਤਾ। ਰਾਜੀਵ ਗਾਂਧੀ ਨੇ ਵੋਟਿੰਗ ਦੀ ਘੱਟੋ-ਘੱਟ ਉਮਰ 18 ਸਾਲ ਦੀ।'' ਸੁਰਜੇਵਾਲਾ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੇ ਅਹੁਦੇ 'ਤੇ ਰਹਿੰਦੇ ਹੋਏ ਰਾਜੀਵ ਗਾਂਧੀ ਨੇ ਆਸਾਮ, ਮਿਜ਼ੋਰਮ ਅਤੇ ਪੰਜਾਬ ਦੇ ਸ਼ਾਂਤੀ ਸਮਝੌਤਿਆਂ ਦੇ ਮਾਧਿਅਮ ਨਾਲ ਦੇਸ਼ ਨੂੰ ਮਜ਼ਬੂਤ ਕੀਤਾ।


author

DIsha

Content Editor

Related News