ਰਾਜੇਸ਼ ਕੁਮਾਰ ਸਿੰਘ ਨੇ ਰੱਖਿਆ ਸਕੱਤਰ ਦਾ ਅਹੁਦਾ ਸੰਭਾਲਿਆ

Friday, Nov 01, 2024 - 02:00 PM (IST)

ਰਾਜੇਸ਼ ਕੁਮਾਰ ਸਿੰਘ ਨੇ ਰੱਖਿਆ ਸਕੱਤਰ ਦਾ ਅਹੁਦਾ ਸੰਭਾਲਿਆ

ਨਵੀਂ ਦਿੱਲੀ (ਭਾਸ਼ਾ)- ਸੀਨੀਅਰ ਨੌਕਰਸ਼ਾਹ ਰਾਜੇਸ਼ ਕੁਮਾਰ ਸਿੰਘ ਨੇ ਸ਼ੁੱਕਰਵਾਰ ਨੂੰ ਰੱਖਿਆ ਸਕੱਤਰ ਦਾ ਅਹੁਦਾ ਸੰਭਾਲ ਲਿਆ। ਕੇਰਲ ਕੈਡਰ ਦੇ 1989 ਬੈਚ ਦੇ ਆਈਏਐੱਸ ਅਧਿਕਾਰੀ ਨੇ ਸਾਊਥ ਬਲਾਕ 'ਚ ਚਾਰਜ ਸੰਭਾਲਿਆ। ਸਿੰਘ ਨੇ ਅਹੁਦਾ ਸੰਭਾਲਣ ਤੋਂ ਪਹਿਲਾਂ ਕੌਮੀ ਜੰਗੀ ਯਾਦਗਾਰ ਵਿਖੇ ਸ਼ਹੀਦਾਂ ਨੂੰ ਸ਼ਰਧਾ ਦੇ ਫੁੱਲ ਭੇਟ ਕਰਕੇ ਸ਼ਰਧਾਂਜਲੀ ਭੇਟ ਕੀਤੀ। ਉਨ੍ਹਾਂ ਨੇ 20 ਅਗਸਤ ਨੂੰ ਵਿਸ਼ੇਸ਼ ਡਿਊਟੀ ਦੇ ਅਧਿਕਾਰੀ (ਰੱਖਿਆ ਸਕੱਤਰ ਨਾਮਜ਼ਦ) ਵਜੋਂ ਅਹੁਦਾ ਸੰਭਾਲਿਆ ਸੀ। ਉਨ੍ਹਾਂ ਕਿਹਾ,''ਰਾਸ਼ਟਰ ਸਾਡੇ ਬਹਾਦਰ ਸੈਨਿਕਾਂ ਦਾ ਹਮੇਸ਼ਾ ਰਿਣੀ ਰਹੇਗਾ, ਜਿਨ੍ਹਾਂ ਨੇ ਮਾਤ ਭੂਮੀ ਦੀ ਸੇਵਾ 'ਚ ਮਹਾਨ ਕੁਰਬਾਨੀ ਦਿੱਤੀ। ਉਨ੍ਹਾਂ ਦੀ ਅਸਾਧਾਰਨ ਬਹਾਦਰੀ ਅਤੇ ਕੁਰਬਾਨੀ ਭਾਰਤ ਨੂੰ ਇੱਕ ਸੁਰੱਖਿਅਤ ਅਤੇ ਖੁਸ਼ਹਾਲ ਰਾਸ਼ਟਰ ਬਣਾਉਣ ਲਈ ਸਾਡੇ ਲਈ ਤਾਕਤ ਅਤੇ ਪ੍ਰੇਰਨਾ ਦਾ ਸਰੋਤ ਹੈ।'' ਸਿੰਘ 24 ਅਪ੍ਰੈਲ 2023 ਤੋਂ 20 ਅਗਸਤ 2024 ਤੱਕ ਵਣਜ ਅਤੇ ਉਦਯੋਗ ਮੰਤਰਾਲਾ ਦੇ ਅਧੀਨ ਉਦਯੋਗ ਅਤੇ ਅੰਦਰੂਨੀ ਵਪਾਰ ਦੇ ਪ੍ਰਮੋਸ਼ਨ ਵਿਭਾਗ 'ਚ ਸਕੱਤਰ 'ਤੇ ਤਾਇਨਾਤ ਰਹੇ।

ਇਸ ਤੋਂ ਪਹਿਲਾਂ ਉਹ ਮੱਛੀ ਪਾਲਣ, ਪਸ਼ੂ ਪਾਲਣ ਅਤੇ ਡੇਅਰੀ ਮੰਤਰਾਲਾ ਦੇ ਅਧੀਨ ਪਸ਼ੂ ਪਾਲਣ ਅਤੇ ਡੇਅਰੀ ਵਿਭਾਗ 'ਚ ਸਕੱਤਰ ਸਨ। ਮੰਤਰਾਲਾ ਨੇ ਇਕ ਬਿਆਨ 'ਚ ਕਿਹਾ ਕਿ ਸਿੰਘ ਕੇਂਦਰ ਸਰਕਾਰ 'ਚ ਕਈ ਹੋਰ ਅਹਿਮ ਅਹੁਦਿਆਂ 'ਤੇ ਰਹਿ ਚੁੱਕੇ ਹਨ, ਜਿਨ੍ਹਾਂ 'ਚ ਸ਼ਹਿਰੀ ਵਿਕਾਸ ਮੰਤਰਾਲਾ 'ਚ ਨਿਰਮਾਣ ਅਤੇ ਸ਼ਹਿਰੀ ਟਰਾਂਸਪੋਰਟ ਦੇ ਡਾਇਰੈਕਟਰ, ਦਿੱਲੀ ਵਿਕਾਸ ਅਥਾਰਟੀ 'ਚ ਕਮਿਸ਼ਨਰ (ਭੂਮੀ), ਪੈਟਰੋਲੀਅਮ ਅਤੇ ਕੁਦਰਤੀ ਗੈਸ ਮੰਤਰਾਲਾ 'ਚ ਸੰਯੁਕਤ ਸਕੱਤਰ, ਖੇਤੀਬਾੜੀ, ਸਹਿਕਾਰਤਾ ਅਤੇ ਕਿਸਾਨ ਭਲਾਈ ਵਿਭਾਗ 'ਚ ਸੰਯੁਕਤ ਸਕੱਤਰ ਅਤੇ ਭਾਰਤੀ ਖੁਰਾਕ ਨਿਗਮ 'ਚ ਮੁੱਖ ਚੌਕਸੀ ਅਧਿਕਾਰੀ ਅਹੁਦੇ ਸ਼ਾਮਲ ਹਨ। ਉਨ੍ਹਾਂ ਨੇ ਕੇਰਲ ਸਰਕਾਰ 'ਚ ਸ਼ਹਿਰੀ ਵਿਕਾਸ ਸਕੱਤਰ ਅਤੇ ਵਿੱਤ ਸਕੱਤਰ ਦਾ ਅਹੁਦਾ ਵੀ ਸੰਭਾਲਿਆ। ਸਿੰਘ ਨੇ ਆਂਧਰਾ ਪ੍ਰਦੇਸ਼ ਕੈਡਰ ਦੇ 1988 ਬੈਚ ਦੇ ਆਈਏਐੱਸ ਅਧਿਕਾਰੀ ਗਿਰਿਧਰ ਅਰਮਾਨੇ ਦੀ ਥਾਂ ਲਈ ਹੈ, ਜੋ ਵੀਰਵਾਰ ਨੂੰ ਸੇਵਾਮੁਕਤ ਹੋਏ ਹਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News