ਰਾਜਸਥਾਨ ''ਚ ਸਿਆਸੀ ਹੱਲਚੱਲ ਦਰਮਿਆਨ ਰਾਹੁਲ ਅਤੇ ਪ੍ਰਿਯੰਕਾ ਗਾਂਧੀ ਨੇ ਬੈਠਕ ਕੀਤੀ

08/10/2020 4:00:00 PM

ਨਵੀਂ ਦਿੱਲੀ- ਰਾਜਸਥਾਨ ਵਿਧਾਨ ਸਭਾ ਦੇ ਪ੍ਰਸਤਾਵਿਤ ਸੈਸ਼ਨ ਤੋਂ ਕੁਝ ਦਿਨ ਪਹਿਲਾਂ ਤੇਜ਼ ਹੋਈ ਸਿਆਸੀ ਹੱਲਚੱਲ ਦੀ ਪਿੱਠਭੂਮੀ 'ਚ ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਅਤੇ ਪਾਰਟੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਸੋਮਵਾਰ ਨੂੰ ਬੈਠਕ ਕੀਤੀ। ਸੂਤਰਾਂ ਅਨੁਸਾਰ, ਰਾਹੁਲ ਗਾਂਧੀ ਦੇ ਘਰ ਕਾਂਗਰਸ ਦੇ ਦੋਹਾਂ ਨੇਤਾਵਾਂ ਨੇ ਬੈਠਕ ਕੀਤੀ। ਮੰਨਿਆ ਜਾ ਰਿਹਾ ਹੈ ਕਿ ਦੋਹਾਂ ਨੇ ਅਸ਼ੋਕ ਗਹਿਲੋਤ ਸਰਕਾਰ ਵਿਰੁੱਧ ਬਗਾਵਤ ਕਰਨ ਵਾਲੇ ਸਾਬਕਾ ਉੱਪ ਮੁੱਖ ਮੰਤਰੀ ਸਚਿਨ ਪਾਇਲਟ ਅਤੇ ਉਨ੍ਹਾਂ ਦੇ ਸਮਰਥਕ ਵਿਧਾਇਕਾਂ ਅਤੇ ਅੱਗੇ ਦੇ ਕਦਮਾਂ ਬਾਰੇ ਚਰਚਾ ਕੀਤੀ। ਅਜਿਹੀਆਂ ਖਬਰਾਂ ਹਨ ਕਿ ਪਾਇਲਟ ਇਕ ਵਾਰ ਫਿਰ ਤੋਂ ਕਾਂਗਰਸ ਦੇ ਸੀਨੀਅਰ ਨੇਤਾਵਾਂ ਨਾਲ ਸੰਪਰਕ 'ਚ ਹਨ ਅਤੇ ਜਲਦ ਹੀ ਕੋਈ ਹੱਲ ਨਿਕਲ ਸਕਦਾ ਹੈ। ਹਾਲਾਂਕਿ ਪਾਇਲਟ ਖੇਮੇ ਅਤੇ ਕਾਂਗਰਸ ਵਲੋਂ ਇਸ ਦੀ ਅਧਿਕਾਰਤ ਰੂਪ ਨਾਲ ਕੋਈ ਪੁਸ਼ਟੀ ਨਹੀਂ ਹੋਈ ਹੈ। ਦੱਸਣਯੋਗ ਹੈ ਕਿ 14 ਅਗਸਤ ਤੋਂ ਰਾਜਸਨਾਥ ਵਿਧਾਨ ਸਭਾ ਦਾ ਸੈਸ਼ਨ ਸ਼ੁਰੂ ਹੋਵੇਗਾ, ਜਿਸ 'ਚ ਮੁੱਖ ਮੰਤਰੀ ਅਸ਼ੋਕ ਗਹਿਲੋਤ ਬਹੁਮਤ ਸਾਬਤ ਕਰਨ ਦੀ ਕੋਸ਼ਿਸ਼ ਕਰਨਗੇ। 

ਦੂਜੇ ਪਾਸੇ ਪਾਇਲਟ ਅਤੇ ਬਾਗ਼ੀ ਵਿਧਾਇਕਾਂ ਨਾਲ ਗੱਲਬਾਤ ਅਤੇ ਸੁਲਾਹ ਬਾਰੇ ਪੁੱਛੇ ਜਾਣ 'ਤੇ ਕਾਂਗਰਸ ਦੇ ਇਕ ਸੀਨੀਅਰ ਨੇਤਾ ਨੇ ਕਿਹਾ,''ਅਸੀਂ ਪਹਿਲਾਂ ਵੀ ਕਿਹਾ ਹੈ ਅਤੇ ਅੱਜ ਵੀ ਕਹਿ ਰਹੇ ਹਾਂ ਕਿ ਜੇਕਰ ਪਾਇਲਟ ਅਤੇ ਦੂਜੇ ਬਾਗ਼ੀ ਵਿਧਾਇਕ ਸਰਕਾਰ ਨੂੰ ਅਸਥਿਰ ਕਰਨ ਦੀ ਕੋਸ਼ਿਸ਼ ਲਈ ਮੁਆਫ਼ੀ ਮੰਗ ਲੈਣ ਤਾਂ ਪਾਰਟੀ ਉਨ੍ਹਾਂ ਨੂੰ ਫਿਰ ਤੋਂ ਅਪਣਾਉਣ 'ਤੇ ਵਿਚਾਰ ਕਰ ਸਕਦੀ ਹੈ।'' ਮੁੱਖ ਮੰਤਰੀ ਗਹਿਲੋਤ ਵਿਰੁੱਧ ਖੁੱਲ੍ਹ ਕੇ ਬਗਾਵਤ ਕਰਨ ਅਤੇ ਵਿਧਾਇਕ ਦਲ ਦੀਆਂ ਬੈਠਕਾਂ 'ਚ ਸ਼ਾਮਲ ਨਹੀਂ ਹੋਣ ਤੋਂ ਬਾਅਦ ਕਾਂਗਰਸ ਹਾਈ ਕਮਾਨ ਨੇ ਪਾਇਲਟ ਨੂੰ ਪ੍ਰਦੇਸ਼ ਕਾਂਗਰਸ ਕਮੇਟੀ ਦੇ ਪ੍ਰਧਾਨ ਅਤੇ ਉੱਪ ਮੁੱਖ ਮੰਤਰੀ ਦੇ ਅਹੁਦਿਆਂ ਤੋਂ ਹਟਾ ਦਿੱਤਾ ਸੀ।


DIsha

Content Editor

Related News