ਰਾਜਸਥਾਨ ਵਿਧਾਨ ਸਭਾ ’ਚ ਪੂਰੀ ਰਾਤ ਕਾਂਗਰਸ ਦਾ ਧਰਨਾ
Sunday, Feb 23, 2025 - 01:03 AM (IST)

ਜੈਪੁਰ, (ਬਿਊਰੋ)- ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ’ਤੇ ਕੀਤੀ ਗਈ ਟਿੱਪਣੀ ਨੂੰ ਲੈ ਕੇ ਪੈਦਾ ਹੋਇਆ ਵਿਵਾਦ ਰਾਜਸਥਾਨ ਵਿਧਾਨ ਸਭਾ ਵਿਚ ਸ਼ੁੱਕਰਵਾਰ ਤੋਂ ਬਾਅਦ ਸ਼ਨੀਵਾਰ ਨੂੰ ਵੀ ਜਾਰੀ ਰਿਹਾ। ਕਾਂਗਰਸ ਮੰਤਰੀ ਅਵਿਨਾਸ਼ ਗਹਿਲੋਤ ਤੋਂ ਮੁਆਫ਼ੀ ਮੰਗਣ ਅਤੇ 6 ਵਿਧਾਇਕਾਂ ਦੀ ਮੁਅੱਤਲੀ ਰੱਦ ਕਰਨ ਦੀ ਆਪਣੀ ਮੰਗ ’ਤੇ ਅੜੀ ਹੈ। ਰੇੜਕਾ ਖਤਮ ਕਰਨ ਲਈ ਭਾਜਪਾ ਅਤੇ ਸਰਕਾਰ ਵੱਲੋਂ ਲਗਾਤਾਰ ਯਤਨ ਕੀਤੇ ਜਾ ਰਹੇ ਹਨ ਪਰ ਕਈ ਦੌਰ ਦੀ ਗੱਲਬਾਤ ਤੋਂ ਬਾਅਦ ਵੀ ਕੋਈ ਸਾਰਥਕ ਨਤੀਜਾ ਨਹੀਂ ਨਿਕਲਿਆ ਹੈ।
2 ਵਿਧਾਇਕਾਂ ਦੀ ਸਿਹਤ ਵਿਗੜ ਗਈ ਤੇ ਭਾਜਪਾ ਵਿਧਾਇਕ ਨਾਸ਼ਤਾ ਅਤੇ ਦੁਪਹਿਰ ਦਾ ਖਾਣਾ ਲੈ ਜਾ ਕੇ ਇਸ ਰੇੜਕੇ ਨੂੰ ਖਤਮ ਕਰਨ ਦੀਆਂ ਕੋਸ਼ਿਸ਼ਾਂ ਵਿਚ ਰੁੱਝੇ ਰਹੇ। ਦੂਜੇ ਪਾਸੇ, ਕਾਂਗਰਸ ਇਸ ਮਾਮਲੇ ਵਿਚ ਪਿੱਛੇ ਹਟਣ ਲਈ ਤਿਆਰ ਨਹੀਂ ਜਾਪਦੀ ਹੈ। ਉਹ ਸਦਨ ਤੋਂ ਲੈ ਕੇ ਸੜਕ ਤੱਕ ਵਿਰੋਧ ਪ੍ਰਦਰਸ਼ਨ ਕਰ ਕੇ ਆਪਣੀਆਂ ਮੰਗਾਂ ਪੂਰੀਆਂ ਕਰਵਾਉਣ ’ਤੇ ਅੜੀ ਨਜ਼ਰ ਆ ਰਹੀ ਹੈ।
ਇੰਦਰਾ ਗਾਂਧੀ ’ਤੇ ਟਿੱਪਣੀ ਤੋਂ ਪੈਦਾ ਹੋਏ ਵਿਵਾਦ ਤੋਂ ਬਾਅਦ ਕਾਂਗਰਸੀ ਵਿਧਾਇਕਾਂ ਨੇ ਸ਼ੁੱਕਰਵਾਰ ਨੂੰ ਵਿਰੋਧ ਪ੍ਰਦਰਸ਼ਨ ਕੀਤਾ ਅਤੇ ਸਦਨ ਵਿਚ ਰਾਤ ਬਿਤਾਈ। ਦੂਜੇ ਪਾਸੇ ਮੁਅੱਤਲ 6 ਮੈਂਬਰਾਂ ਵਿਚੋਂ 2 ਦੀ ਸਿਹਤ ਵਿਗੜ ਗਈ। ਜਾਂਚ ਤੋਂ ਬਾਅਦ ਡਾਕਟਰਾਂ ਨੇ ਕਿਹਾ ਕਿ ਉਨ੍ਹਾਂ ਦੀ ਹਾਲਤ ਵਿਚ ਸੁਧਾਰ ਹੋਇਆ ਹੈ। ਇਸ ਤੋਂ ਪਹਿਲਾਂ ਸਦਨ ਵਿਚ ਰਾਤ ਬਿਤਾਉਣ ਤੋਂ ਬਾਅਦ ਕਾਂਗਰਸੀ ਵਿਧਾਇਕਾਂ ਨੇ ਰਜਾਈ, ਗੱਦੇ ਅਤੇ ਸਿਰਹਾਣੇ ਸਦਨ ਵਿਚ ਹੀ ਮੰਗਾਏ ਗਏ ਅਤੇ ਉਥੇ ਹੀ ਸੁੱਤੇ ਰਹੇ। ਸ਼ਨੀਵਾਰ ਨੂੰ ਵਿਰੋਧੀ ਧਿਰ ਦੇ ਨੇਤਾ ਟੀਕਾਰਾਮ ਜੂਲੀ ਸਮੇਤ ਕੁਝ ਲੋਕਾਂ ਨੇ ਸਦਨ ਕੰਪਲੈਕਸ ਵਿਚ ਸਵੇਰ ਦੀ ਸੈਰ ਵੀ ਕੀਤੀ।