ਰਾਜਸਥਾਨ 'ਚ ਭਿਆਨਕ ਸੜਕ ਹਾਦਸਾ, ਨਵ-ਵਿਆਹੇ ਜੋੜੇ ਸਮੇਤ 11 ਦੀ ਮੌਤ
Saturday, Mar 14, 2020 - 10:19 AM (IST)
ਜੋਧਪੁਰ— ਰਾਜਸਥਾਨ ਦੇ ਜੋਧਪੁਰ ਜ਼ਿਲੇ ਦੇ ਸ਼ੇਰਗੜ੍ਹ ਥਾਣਾ ਖੇਤਰ 'ਚ ਸ਼ਨੀਵਾਰ ਸਵੇਰੇ ਟਰੇਲਰ ਟਰੱਕ ਅਤੇ ਬੋਲੈਰੋ ਕੈਂਪਰ ਦੀ ਟੱਕਰ ਨਾਲ 6 ਔਰਤਾਂ ਅਤੇ ਇਕ ਬੱਚੀ ਸਮੇਤ 11 ਲੋਕਾਂ ਦੀ ਮੌਤ ਹੋ ਗਈ। ਉੱਥੇ ਹੀ ਇਸ ਹਾਦਸੇ 'ਚ 3 ਲੋਕ ਗੰਭੀਰ ਰੂਪ ਨਾਲ ਜ਼ਖਮੀ ਹੋ ਗਏ। ਪੁਲਸ ਨੇ ਦੱਸਿਆ ਕਿ ਸਵੇਰੇ ਕਰੀਬ 8 ਵਜੇ ਮੇਗਾ ਹਾਈਵੇਅ 'ਤੇ ਖਏਤਰ ਦੇ ਸੋਇੰਤਰਾ ਪਿੰਡ ਕੋਲ ਬਾਲੋਤਰਾ ਤੋਂ ਆ ਰਹੀ ਬੋਲੈਰੋ ਕੈਂਪਰ ਸਾਹਮਣੇ ਤੋਂ ਆ ਰਹੇ ਟਰੇਲਰ ਨਾਲ ਟਕਰਾ ਗਈ। ਹਾਦਸਾ ਇੰਨਾ ਭਿਆਨਕ ਸੀ ਕਿ 11 ਲੋਕਾਂ ਨੇ ਮੌਕੇ 'ਤੇ ਹੀ ਦਮ ਤੋੜ ਦਿੱਤਾ, ਜਦੋਂ ਕਿ ਗੰਭੀਰ ਰੂਪ ਨਾਲ ਜ਼ਖਮੀ ਤਿੰਨ ਲੋਕਾਂ ਨੂੰ ਜੋਧਪੁਰ ਦੇ ਸਰਕਾਰੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ।
ਨਵ ਵਿਆਹੇ ਜੋੜੇ ਨਾਲ ਮੰਦਰ ਜਾ ਰਹੇ ਸਨ ਸਾਰੇ ਲੋਕ
ਬਾੜਮੇਰ ਜ਼ਿਲੇ ਦੇ ਇਹ ਲੋਕ ਨਵ ਵਿਆਹੇ ਜੋੜੇ ਨਾਲ ਬਾਬਾ ਰਾਮਦੇਵ ਮੰਦਰ 'ਚ ਦਰਸ਼ਨ ਲਈ ਰਾਮਦੇਵਰਾ ਜਾ ਰਹੇ ਸਨ। ਜ਼ਿਲੇ ਦੇ ਸਿਵਾਨਾ ਖੇਤਰ 'ਚ ਕਨਾਨਾ ਵਾਸੀ ਵਿਕਰਮ ਦਾ ਵਿਆਹ 27 ਫਰਵਰੀ ਨੂੰ ਹੋਇਆ ਸੀ ਅਤੇ ਉਹ ਪਤਨੀ ਸੀਤਾ ਤੇ ਹੋਰ ਲੋਕਾਂ ਨਾਲ ਰਾਮਦੇਵ ਮੰਦਰ 'ਚ ਦਰਸ਼ਨ ਲਈ ਜਾ ਰਿਹਾ ਸੀ।
ਅਸ਼ੋਕ ਗਹਿਲੋਤ ਨੇ ਜਤਾਇਆ ਦੁਖ
ਮ੍ਰਿਤਕਾਂ ਦੀ ਪਛਾਣ ਵਿਕਰਮ ਤੋਂ ਇਲਾਵਾ ਸਿਵਾਨਾ ਵਾਸੀ ਜਗਦੀਸ਼, ਬਾਲੋਤਰਾ ਵਾਸੀ ਕੈਲਾਸ਼, ਕਿਸ਼ੋਰ, ਪ੍ਰੀਤ ਕਿਸ਼ੋਰ, ਪ੍ਰਿਯੰਕਾ, ਵਿਮਲਾ, ਕਿਸ਼ੋਰ ਦੀ ਬੇਟੀ ਰਾਸ਼ੂ, ਕੈਲਾਸ਼ ਦੀ ਬੇਟੀ ਪਚਪਦਰਾ ਖੇਤਰ ਦੇ ਬੀਟੂਜਾ ਵਾਸੀ ਸੀਤਾ ਅਤੇ ਪਚਪਦਰਾ ਖੇਤਰ ਦੇ ਹੀ ਜਸੋਲ ਪਿੰਡ ਦੀ ਡਿੰਪਲ ਵਜੋਂ ਕੀਤੀ ਗਈ ਹੈ। ਟੱਕਰ ਇੰਨੀ ਤੇਜ਼ ਸੀ ਕਿ ਕੈਂਪਰ ਟਰੇਲਰ ਹੇਠਾਂ ਫਸ ਗਈ ਅਤੇ ਪੂਰੀ ਤਰ੍ਹਾਂ ਨੁਕਸਾਨੀ ਗਈ। ਪੁਲਸ ਨੇ ਕ੍ਰੇਨ ਦੀ ਮਦਦ ਨਾਲ ਟਰੇਲਰ ਹੇਠਾਂ ਫਸੀ ਕੈਂਪਰ ਨੂੰ ਕੱਢ ਕੇ ਲਾਸ਼ਾਂ ਬਾਹਰ ਕੱਢੀਆਂ। ਹਾਦਸੇ 'ਤੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਦੁਖ ਜਤਾਇਆ ਹੈ। ਗਹਿਲੋਤ ਨੇ ਸੋਸ਼ਲ ਮੀਡੀਆ ਰਾਹੀਂ ਸੋਗ ਪ੍ਰਗਟ ਕਰਦੇ ਹੋਏ ਮ੍ਰਿਤਕਾਂ ਦੇ ਪਰਿਵਾਰ ਵਾਲਿਆਂ ਨੂੰ ਦੁਖ ਸਹਿਨ ਦੀ ਸ਼ਕਤੀ ਪ੍ਰਦਾਨ ਕਰਨ ਅਤੇ ਜ਼ਖਮੀਆਂ ਦੇ ਜਲਦ ਸਿਹਤਮੰਦ ਹੋਣ ਦੀ ਈਸ਼ਵਰ ਤੋਂ ਪ੍ਰਾਰਥਨਾ ਕੀਤੀ।