ਭਾਰਤ-ਪਾਕਿਸਤਾਨ ਸਰਹੱਦ ਨੇੜੇ ਖੇਤ ''ਚ ਸੈਂਸਰ ਤੇ ਕੈਮਰਾ ਲੱਗਾ ਡਰੋਨ ਬਰਾਮਦ

Saturday, Oct 19, 2024 - 03:16 PM (IST)

ਸ਼੍ਰੀਗੰਗਾਨਗਰ (ਵਾਰਤਾ)- ਰਾਜਸਥਾਨ ਦੇ ਸ਼੍ਰੀਗੰਗਾਨਗਰ ਜ਼ਿਲ੍ਹੇ ਦੀ ਸਰਹੱਦ ਨਾਲ ਲੱਗਦੇ ਹਿੰਦੂਮਲਕੋਟ ਥਾਣਾ ਖੇਤਰ 'ਚ ਅੰਤਰਰਾਸ਼ਟਰੀ ਸਰਹੱਦ ਦੇ ਨੇੜੇ ਇਕ ਖੇਤ 'ਚ ਸ਼ੁੱਕਰਵਾਰ ਨੂੰ ਸੈਂਸਰ ਅਤੇ ਕੈਮਰਾ ਲੱਗਾ ਇਕ ਪਾਕਿਸਤਾਨੀ ਡਰੋਨ ਬਰਾਮਦ ਹੋਇਆ। ਪੁਲਸ ਸੂਤਰਾਂ ਨੇ ਸ਼ਨੀਵਾਰ ਨੂੰ ਦੱਸਿਆ ਕਿ ਅੰਤਰਰਾਸ਼ਟਰੀ ਸਰਹੱਦ ਤੋਂ ਕਰੀਬ ਢਾਈ ਕਿਲੋਮੀਟਰ ਦੂਰ ਭਾਰਤੀ ਖੇਤਰ ਦੇ ਪਿੰਡ ਦੂਲਾਪੁਰ ਕੇਰੀ 'ਚ ਦੁਪਹਿਰ ਸਮੇਂ ਜਦੋਂ ਇਕ ਕਿਸਾਨ ਖੇਤਾਂ 'ਚ ਕੰਮ ਕਰਨ ਗਿਆ ਤਾਂ ਉਸ ਨੇ ਉਥੇ ਇਕ ਡਰੋਨ ਪਿਆ ਦੇਖਿਆ। ਉਸ ਦੀ ਸੂਚਨਾ ਮਿਲਣ 'ਤੇ ਸਰਹੱਦੀ ਸੁਰੱਖਿਆ ਫ਼ੋਰਸ (ਬੀ.ਐੱਸ.ਐੱਫ.), ਪੁਲਸ ਅਤੇ ਖੁਫੀਆ ਏਜੰਸੀਆਂ ਦੇ ਅਧਿਕਾਰੀ ਤੁਰੰਤ ਮੌਕੇ 'ਤੇ ਪਹੁੰਚ ਗਏ। ਇਸ ਦੇ ਨਾਲ ਹੀ ਆਸਪਾਸ ਦੇ ਪੂਰੇ ਇਲਾਕੇ 'ਚ ਤਲਾਸ਼ੀ ਮੁਹਿੰਮ ਚਲਾਈ ਗਈ। ਆਲੇ-ਦੁਆਲੇ ਦੇ ਸਾਰੇ ਖੇਤਾਂ ਦੀ ਬਾਰੀਕੀ ਨਾਲ ਤਲਾਸ਼ੀ ਲਈ ਗਈ ਪਰ ਕੋਈ ਵੀ ਸ਼ੱਕੀ ਵਸਤੂ ਨਹੀਂ ਮਿਲੀ। ਪੁਲਸ ਸੂਤਰਾਂ ਅਨੁਸਾਰ ਪਾਕਿਸਤਾਨੀ ਤਸਕਰਾਂ ਨੇ ਇਸ ਡਰੋਨ ਨੂੰ ਹੈਰੋਇਨ, ਹਥਿਆਰ ਅਤੇ ਨਕਲੀ ਨੋਟ ਦੀ ਖੇਪ ਨਾਲ 2-3 ਪਹਿਲੇ ਰਾਤ 'ਚ ਭਾਰਤੀ ਖੇਤਰ 'ਚ ਭੇਜਿਆ ਹੈ। ਡਰੋਨ ਕਿਸੇ ਤਕਨੀਕੀ ਖ਼ਰਾਬੀ ਕਾਰਨ ਪਾਕਿਸਤਾਨੀ ਤਸਕਰਾਂ ਦੇ ਕੰਟਰੋਲ ਤੋਂ ਬਾਹਰ ਹੋ ਗਿਆ, ਜਿਸ ਨਾਲ ਉਹ ਭਾਰਤੀ ਖੇਤਰ 'ਚ ਇਕ ਖੇਤ 'ਚ ਡਿੱਗ ਗਿਆ। ਇਸ ਦੇ ਨਾਲ ਜੋ ਵੀ ਵਸਤੂ ਬੰਨ੍ਹੀ ਸੀ, ਉਸ ਨੂੰ ਭਾਰਤੀ ਖੇਤਰ ਦੇ ਤਸਕਰ ਚੁੱਕ ਕੇ ਲਿਜਾਉਣ 'ਚ ਕਾਮਯਾਬ ਹੋ ਗਏ।

ਪੁਲਸ ਦੇ ਇਕ ਉੱਚ ਅਧਿਕਾਰੀ ਨੇ ਦੱਸਿਆ ਕਿ ਬਰਾਮਦ ਡਰੋਨ ਡੀਜੀਆਈ ਕੰਪਨੀ ਦੇ ਮੈਵਿਕ-3 ਮਾਡਲ ਦਾ ਹੈ। ਇਸ ਡਰੋਨ ਦੀ ਸਮਰੱਥਾ ਕਰੀਬ 30 ਕਿਲੋਮੀਟਰ ਉਡਾਣ ਭਰਨ ਦੀ ਹੈ। ਡਰੋਨ 'ਚ ਸੈਂਸਰ ਅਤੇ ਇਕ ਕੈਮਰਾ ਲੱਗਾ ਸੀ। ਕੈਮਰੇ ਦੇ ਨਾਲ ਹੀ ਮੈਮਰੀ ਕਾਰਡ ਵੀ ਹੈ। ਇਹ ਡਰੋਨ ਕਾਫ਼ੀ ਤਾਕਤਵਰ ਦੱਸਿਆ ਜਾ ਰਿਹਾ ਹੈ। ਡਰੋਨ ਨੂੰ ਬੀ.ਐੱਸ.ਐੱਫ. ਦੇ ਜੋਧਪੁਰ ਸਥਿਤ ਆਈ.ਜੀ. ਹੈੱਡ ਕੁਆਰਟਰ ਦੀ ਫੋਰੈਂਸਿਕ ਲੈਬ 'ਚ ਜਾਂਚ ਲਈ ਭੇਜਿਆ ਜਾਵੇਗਾ। ਕੈਮਰੇ ਦੇ ਨਾਲ ਲੱਗੇ ਮੈਮਰੀ ਕਾਰਡ ਤੋਂ ਪਤਾ ਲੱਗੇਗਾ ਕਿ ਡਰੋਨ ਨੇ ਕਿੰਨੀ ਉਡਾਣ ਭਰੀ ਹੈ ਅਤੇ ਇਸ ਨਾਲ ਕੀ ਵਸਤੂ ਬੰਨ੍ਹੀ ਸੀ। ਮੈਮਰੀ ਕਾਰਡ 'ਚ ਪੂਰੀ ਉਡਾਣ ਦੀ ਵੀਡੀਓ ਰਿਕਾਰਡਿੰਗ ਵੀ ਮਿਲ ਜਾਵੇਗੀ। ਇਸ ਨਾਲ ਪਾਕਿਸਤਾਨੀ ਤਸਕਰਾਂ ਬਾਰੇ ਕਾਫ਼ੀ ਅਹਿਮ ਸੁਰਾਗ ਮਿਲਣਗੇ। ਇਸ ਡਰੋਨ ਦੀ ਕੀਮਤ ਵੀ ਕਾਫ਼ੀ ਦੱਸੀ ਜਾ ਰਹੀ ਹੈ। ਦੱਸਣਯੋਗ ਹੈ ਕਿ ਇਸ ਖੇਤਰ ਵਿਚ ਪਾਕਿਸਤਾਨੀ ਸਮੱਗਲਰਾਂ ਦੀਆਂ ਗਤੀਵਿਧੀਆਂ ਕਾਫੀ ਵਧ ਗਈਆਂ ਹਨ। ਲਗਭਗ ਹਰ ਹਫ਼ਤੇ ਉਹ ਡਰੋਨ ਰਾਹੀਂ ਭਾਰਤੀ ਸਰਹੱਦ 'ਤੇ ਹੈਰੋਇਨ ਭੇਜਦੇ ਹਨ। ਇਸ ਤੋਂ ਪਹਿਲਾਂ ਵੀ ਡਰੋਨ ਫੜੇ ਜਾ ਚੁੱਕੇ ਹਨ। ਸਰਹੱਦ 'ਤੇ ਹੈਰੋਇਨ ਦੀਆਂ ਕਈ ਖੇਪਾਂ ਬਰਾਮਦ ਹੋਈਆਂ ਹਨ ਜੋ ਸਮੱਗਲਰਾਂ ਤੱਕ ਨਹੀਂ ਪਹੁੰਚ ਸਕੀਆਂ ਸਨ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


DIsha

Content Editor

Related News