ਸੂਡਾਨ 'ਚ ਰਾਜਸਥਾਨ ਦੇ 40 ਲੋਕ ਫਸੇ, ਸਰਕਾਰ ਨੇ ਰਾਜਸਥਾਨੀ ਲੋਕਾਂ ਲਈ ਹੈਲਪਲਾਈਨ ਨੰਬਰ ਕੀਤੇ ਜਾਰੀ
Saturday, Apr 22, 2023 - 05:17 PM (IST)
ਜੈਪੁਰ- ਰਾਜਸਥਾਨ ਦੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਨੇ ਸੂਡਾਨ 'ਚ ਚੱਲ ਰਹੇ ਸੰਘਰਸ਼ ਨੂੰ ਵੇਖਦੇ ਹੋਏ ਉੱਥੇ ਫਸੇ ਪ੍ਰਵਾਸੀ ਰਾਜਸਥਾਨੀ ਲੋਕਾਂ ਪ੍ਰਤੀ ਚਿੰਤਾ ਜ਼ਾਹਰ ਕੀਤੀ ਹੈ। ਸੂਡਾਨ 'ਚ ਜਾਰੀ ਸੰਕਟ ਦਰਮਿਆਨ ਬੀਕਾਨੇਰ ਹਾਊਸ ਰੈਜ਼ੀਡੈਂਟ ਕਮਿਸ਼ਨਰ ਦਫ਼ਤਰ ਨੇ ਸਹਾਇਤਾ ਜਾਂ ਜਾਣਕਾਰੀ ਦੀ ਲੋੜ ਵਾਲੇ ਲੋਕਾਂ ਲਈ ਹੈਲਪਲਾਈਨ ਨੰਬਰ ਜਾਰੀ ਕੀਤੇ ਹਨ। ਇਕ ਅਧਿਕਾਰਤ ਬਿਆਨ 'ਚ ਸ਼ਨੀਵਾਰ ਨੂੰ ਕਿਹਾ ਗਿਆ ਕਿ ਵਿਦੇਸ਼ ਮੰਤਰਾਲਾ ਨੂੰ ਦਿੱਤੀ ਗਈ ਸੂਚੀ ਮੁਤਾਬਕ ਘੱਟੋ-ਘੱਟ 40 ਰਾਜਸਥਾਨੀ ਸੂਡਾਨ 'ਚ ਫਸੇ ਹੋਏ ਹਨ।
ਇਸ ਦੇ ਲਈ ਹੈਲਪਲਾਈਨ ਨੰਬਰ +91 83060 09838, 0141-2229111, ਅਤੇ 011-23070807 ਜਾਰੀ ਕੀਤੇ ਗਏ ਹਨ। ਇਸ ਦੇ ਨਾਲ ਹੀ ਇਸ ਸਬੰਧ ਵਿਚ ਜ਼ਿਲ੍ਹਾ ਕੁਲੈਕਟਰਾਂ ਨੂੰ ਵੀ ਸੂਚਿਤ ਕੀਤਾ ਜਾ ਰਿਹਾ ਹੈ ਅਤੇ ਸੂਡਾਨ 'ਚ ਫਸੇ ਰਾਜਸਥਾਨੀਆਂ ਬਾਰੇ ਜਾਣਕਾਰੀ ਅਤੇ ਉਨ੍ਹਾਂ ਦੇ ਰਿਸ਼ਤੇਦਾਰਾਂ ਦੇ ਸੰਪਰਕ ਵੇਰਵੇ ਵੀ ਮੰਗੇ ਜਾ ਰਹੇ ਹਨ। ਇਕ ਸਰਕਾਰੀ ਬਿਆਨ ਮੁਤਾਬਕ ਮੁੱਖ ਮੰਤਰੀ ਨੇ ਸੂਡਾਨ ਦੀ ਸਥਿਤੀ ਨੂੰ ਆਪਣੇ ਧਿਆਨ 'ਚ ਲੈਂਦੇ ਹੋਏ ਰੈਜ਼ੀਡੈਂਟ ਕਮਿਸ਼ਨਰ ਦਫ਼ਤਰ ਅਤੇ ਰਾਜਸਥਾਨ ਫਾਊਂਡੇਸ਼ਨ ਨੂੰ ਰਾਜਸਥਾਨੀ ਲੋਕਾਂ ਨੂੰ ਸੁਰੱਖਿਅਤ ਲਿਆਉਣ ਦੀ ਮਹੱਤਵਪੂਰਨ ਜ਼ਿੰਮੇਵਾਰੀ ਸੌਂਪੀ ਹੈ।
ਇਸ 'ਤੇ ਚੀਫ ਰੈਜ਼ੀਡੈਂਟ ਕਮਿਸ਼ਨਰ ਸ਼ੁਭਰਾ ਸਿੰਘ ਮੁਖੀ ਨੇ ਉੱਚ ਅਧਿਕਾਰੀਆਂ ਦੀ ਮੀਟਿੰਗ ਬੁਲਾਈ ਅਤੇ ਹਦਾਇਤ ਦਿੱਤੀ ਕਿ ਸੂਡਾਨ ਵਿਚ ਫਸੇ ਅਤੇ ਆਪਣੇ ਦੇਸ਼ ਪਰਤਣ ਦੀ ਕੋਸ਼ਿਸ਼ ਕਰ ਰਹੇ ਰਾਜਸਥਾਨੀਆਂ ਦੀ ਸੂਚੀ ਸਾਰੇ ਜ਼ਿਲ੍ਹਿਆਂ ਤੋਂ ਪ੍ਰਾਪਤ ਕੀਤੀ ਜਾਵੇ ਤਾਂ ਕਿ ਵਿਦੇਸ਼ ਮੰਤਰਾਲਾ ਨਾਲ ਤਾਲਮੇਲ ਸਥਾਪਤ ਕਰ ਕੇ ਫਸੇ ਹੋਏ ਰਾਜਸਥਾਨੀਆਂ ਨੂੰ ਜਲਦੀ ਵਾਪਸ ਲਿਆਉਣ ਲਈ ਹਰ ਸੰਭਵ ਕੋਸ਼ਿਸ਼ ਕੀਤੀ ਜਾ ਸਕੇ। ਦੱਸ ਦੇਈਏ ਕਿ ਸੂਡਾਨ ਵਿਚ ਇਕ ਹਫ਼ਤੇ ਤੋਂ ਵੱਧ ਸਮੇਂ ਤੋਂ ਦੇਸ਼ ਦੀ ਫ਼ੌਜ ਅਤੇ ਅਰਧ ਸੈਨਿਕ ਸਮੂਹ ਵਿਚਕਾਰ ਘਾਤਕ ਲੜਾਈ ਲੱਗੀ ਹੋਈ ਹੈ, ਜਿਸ ਵਿਚ ਲਗਭਗ 300 ਲੋਕ ਮਾਰੇ ਗਏ ਹਨ।