ਰਾਜਸਥਾਨ ਦੇ ਖੇਤੀਬਾੜੀ ਮੰਤਰੀ ਨੇ ਮੁੱਖ ਮੰਤਰੀ ਨੂੰ ਸੌਂਪਿਆ ਅਸਤੀਫ਼ਾ

07/04/2024 12:41:57 PM

ਜੈਪੁਰ- ਰਾਜਸਥਾਨ ਦੇ ਖੇਤੀਬਾੜੀ ਮੰਤਰੀ ਅਤੇ ਭਾਜਪਾ ਦੇ ਸੀਨੀਅਰ ਨੇਤਾ ਡਾ. ਕਿਰੋੜੀ ਮੀਣਾ ਨੇ ਮੰਤਰੀ ਅਹੁਦੇ ਤੋਂ ਆਪਣਾ ਅਸਤੀਫ਼ਾ ਮੁੱਖ ਮੰਤਰੀ ਭਜਨਲਾਲ ਸ਼ਰਮਾ ਨੂੰ ਸੌਂਪ ਦਿੱਤਾ ਹੈ। ਉਨ੍ਹਾਂ ਦੇ ਇਕ ਸਹਿਯੋਗੀ ਨੇ ਇਹ ਜਾਣਕਾਰੀ ਦਿੱਤੀ। ਅਧਿਕਾਰਤ ਰੂਪ ਨਾਲ ਅਜੇ ਇਸ ਬਾਰੇ ਕੁਝ ਨਹੀਂ ਕਿਹਾ ਗਿਆ ਹੈ। ਮੀਣਾ ਦੇ ਇਕ ਸਹਿਯੋਗੀ ਨੇ ਕਿਹਾ ਕਿ ਡਾ. ਕਿਰੋੜੀ ਮੀਣਾ ਨੇ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। ਉਨ੍ਹਾਂ ਨੇ 10 ਦਿਨ ਪਹਿਲਾਂ ਮੁੱਖ ਮੰਤਰੀ ਭਜਨਲਾਲ ਨੂੰ ਅਸਤੀਫ਼ਾ ਸੌਂਪ ਦਿੱਤਾ ਸੀ। ਉੱਥੇ ਹੀ ਵੀਰਵਾਰ ਨੂੰ ਮੀਣਾ ਨੇ ਇਕ ਟੀ. ਵੀ. ਚੈਨਲ ਨਾਲ ਗੱਲਬਾਤ ਵਿਚ ਪਾਰਟੀ ਤੋਂ ਨਾਰਾਜ਼ਗੀ ਦੀਆਂ ਖ਼ਬਰਾਂ ਨੂੰ ਖਾਰਜ ਕਰਦਿਆਂ ਕਿਹਾ ਕਿ ਨਾਰਾਜ਼ਗੀ ਦਾ ਕੋਈ ਕਾਰਨ ਨਹੀਂ ਹੈ ਅਤੇ ਮੈਂ ਮੰਤਰੀ ਅਹੁਦੇ ਤੋਂ ਅਸਤੀਫ਼ਾ ਦੇ ਦਿੱਤਾ ਹੈ। 

ਦੱਸ ਦੇਈਏ ਕਿ ਮੀਣਾ ਹਾਲ ਹੀ ਵਿਚ ਕੈਬਨਿਟ ਦੀ ਬੈਠਕ ਵਿਚ ਸ਼ਾਮਲ ਨਹੀਂ ਹੋਏ ਸਨ। ਇਸ 'ਤੇ ਉਨ੍ਹਾਂ ਨੇ ਕਿਹਾ ਕਿ ਜਦੋਂ ਮੈਂ ਅਸਤੀਫ਼ਾ ਹੀ ਦੇ ਦਿੱਤਾ ਤਾਂ ਨੈਤਿਕ ਰੂਪ ਤੋਂ ਉੱਥੇ ਜਾ ਨਹੀਂ ਸਕਦਾ। ਮੁੱਖ ਮੰਤਰੀ ਜੀ ਨਾਲ ਮੈਂ ਮਿਲਿਆ ਸੀ। ਉਨ੍ਹਾਂ ਨੇ ਆਦਰਪੂਰਵਕ ਕਿਹਾ ਸੀ ਕਿ ਤੁਹਾਡਾ ਅਸਤੀਫ਼ਾ ਮਨਜ਼ੂਰ ਨਹੀਂ ਕਰਾਂਗੇ। ਮੀਣਾ ਨੇ ਲੋਕ ਸਭਾ ਚੋਣਾਂ ਲਈ ਪਈਆਂ ਵੋਟਾਂ ਮਗਰੋਂ ਕਿਹਾ ਸੀ ਕਿ ਭਾਜਪਾ ਉਨ੍ਹਾਂ ਦੇ ਅਧੀਨ 7 ਸੀਟਾਂ ਵਿਚੋਂ ਕੋਈ ਵੀ ਸੀਟ ਹਾਰਦੀ ਹੈ ਤਾਂ ਉਹ ਮੰਤਰੀ ਅਹੁਦਾ ਛੱਡ ਦੇਣਗੇ। ਮੀਣਾ ਨੇ ਕਿਹਾ ਸੀ ਕਿ ਪ੍ਰਧਾਨ ਮੰਤਰੀ ਦੇ ਦੌਸਾ ਆਉਣ ਤੋਂ ਪਹਿਲਾਂ ਮੈਂ ਕਿਹਾ ਸੀ ਕਿ ਜੇਕਰ ਸੀਟ (ਦੌਸਾ) ਨਹੀਂ ਜਿੱਤੀ ਤਾਂ ਮੈਂ ਮੰਤਰੀ ਅਹੁਦਾ ਛੱਡ ਦੇਵਾਂਗਾ। ਦੱਸ ਦੇਈਏ ਕਿ ਮੀਣਾ ਨੇ ਦੌਸਾ, ਭਰਤਪੁਰ, ਕਰੌਲੀ-ਧੌਲਪੁਰ, ਅਲਵਰ, ਟੋਂਕ-ਸਵਾਈਮਾਧੋਪੁਰ ਸਮੇਤ ਪੂਰਬੀ ਰਾਜਸਥਾਨ ਦੀਆਂ ਸੀਟਾਂ 'ਤੇ ਚੋਣ ਪ੍ਰਚਾਰ ਕੀਤਾ। ਇਨ੍ਹਾਂ ਵਿਚੋਂ ਭਾਜਪਾ ਨੇ ਭਰਤਪੁਰ, ਦੌਸਾ, ਟੋਂਕ-ਸਵਾਈ ਮਾਧੋਪੁਰ ਅਤੇ ਧੌਲਪੁਰ-ਕਰੌਲੀ ਸੀਟਾਂ ਕਾਂਗਰਸ ਤੋਂ ਹਾਰੀਆਂ।


Tanu

Content Editor

Related News