15 ਮਿੰਟ ਤੱਕ ਨਹੀਂ ਖੁੱਲ੍ਹਿਆ ਐਂਬੂਲੈਂਸ ਦਾ ਦਰਵਾਜ਼ਾ, ਮਰੀਜ਼ ਨੇ ਅੰਦਰ ਹੀ ਤੋੜਿਆ ਦਮ

Tuesday, Jan 21, 2025 - 03:01 PM (IST)

15 ਮਿੰਟ ਤੱਕ ਨਹੀਂ ਖੁੱਲ੍ਹਿਆ ਐਂਬੂਲੈਂਸ ਦਾ ਦਰਵਾਜ਼ਾ, ਮਰੀਜ਼ ਨੇ ਅੰਦਰ ਹੀ ਤੋੜਿਆ ਦਮ

ਜੈਪੁਰ- ਐਂਬੂਲੈਂਸ ਦਾ ਦਰਵਾਜ਼ਾ ਜਾਮ ਹੋਣ ਕਾਰਨ ਉਸ ਵਿਚ ਮੌਜੂਦ ਮਹਿਲਾ ਮਰੀਜ਼ ਨੂੰ ਸਮੇਂ 'ਤੇ ਬਾਹਰ ਨਹੀਂ ਕੱਢਿਆ ਜਾ ਸਕਿਆ ਅਤੇ ਉਸ ਦੀ ਮੌਤ ਹੋ ਗਈ। ਇਕ ਅਧਿਕਾਰੀ ਨੇ ਮੰਗਲਵਾਰ ਨੂੰ ਇਹ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਮਲੇ ਦੀ ਜਾਂਚ ਲਈ ਚਾਰ ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ।  ਇਹ ਘਟਨਾ ਰਾਜਸਥਾਨ ਦੇ ਭੀਲਵਾੜਾ ਦੀ ਹੈ। 

ਜਾਣਕਾਰੀ ਮੁਤਾਬਕ ਸੁਲੇਖਾ (45) ਨਾਮੀ ਮਹਿਲਾ ਨੇ ਆਪਣੇ ਕਮਰੇ ਵਿਚ ਫਾਹਾ ਲਾ ਕੇ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ ਸੀ, ਜਿਸ ਤੋਂ ਬਾਅਦ ਪਰਿਵਾਰ ਵਾਲੇ ਉਸ ਨੂੰ ਜ਼ਿਲ੍ਹਾ ਹਸਪਤਾਲ ਲੈ ਕੇ ਆਏ ਸਨ ਪਰ ਉੱਥੇ ਐਂਬੂਲੈਂਸ ਦਾ ਦਰਵਾਜ਼ਾ ਜਾਮ ਹੋ ਗਿਆ। ਉਸ ਨੂੰ ਐਂਬੂਲੈਂਸ ਦਾ ਸ਼ੀਸ਼ਾ ਤੋੜ ਕੇ ਬਾਹਰ ਕੱਢਿਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਕਰ ਦਿੱਤਾ।

ਮਹਿਲਾ ਦੇ ਪਰਿਵਾਰ ਨੇ ਦੋਸ਼ ਲਾਇਆ ਕਿ ਦਰਵਾਜ਼ਾ ਜਾਮ ਹੋਣ ਕਾਰਨ ਕੀਮਤੀ ਸਮਾਂ ਬਰਬਾਦ ਹੋਇਆ, ਕਿਉਂਕਿ ਉਹ 15 ਮਿੰਟ ਤੱਕ ਐਂਬੂਲੈਂਸ ਦੇ ਅੰਦਰ ਹੀ ਫਸੀ ਰਹੀ। ਜ਼ਿਲ੍ਹਾ ਕਲੈਕਟਰ ਨਮਿਤ ਮਹਿਤਾ ਨੇ ਮਾਮਲੇ ਦੀ ਜਾਂਚ ਸਹਾਇਕ ਕਲੈਕਟਰ ਅਰੁਣ ਜੈਨ ਨੂੰ ਸੌਂਪੀ ਹੈ। ਭੀਲਵਾੜਾ ਦੇ ਮੁੱਖ ਮੈਡੀਕਲ ਅਤੇ ਸਿਹਤ ਅਧਿਕਾਰੀ ਡਾ. ਸੀ. ਪੀ. ਗੋਸਵਾਮੀ ਨੇ ਵੀ ਮਾਮਲੇ ਦੀ ਜਾਂਚ ਲਈ ਇਕ ਕਮੇਟੀ ਗਠਿਤ ਕੀਤੀ ਹੈ। 

ਜ਼ਿਲ੍ਹਾ ਕਲੈਕਟਰ ਨੇ ਕਿਹਾ ਕਿ ਮਾਮਲੇ ਦੀ ਜਾਂਚ ਕਰਨ ਅਤੇ ਜਲਦੀ ਤੋਂ ਜਲਦੀ ਰਿਪੋਰਟ ਦੇਣ ਲਈ 4 ਮੈਂਬਰੀ ਕਮੇਟੀ ਦਾ ਗਠਨ ਕੀਤਾ ਗਿਆ ਹੈ। ਕਮੇਟੀ ਐਂਬੂਲੈਂਸ ਦਾ ਰਿਕਾਰਡ, ਉਸ ਦੇ ਹਸਪਤਾਲ ਪਹੁੰਚਣ ਦਾ ਵੇਰਵਾ, ਪੋਸਟਮਾਰਟਮ ਰਿਪੋਰਟ ਅਤੇ ਹੋਰ ਖਾਮੀਆਂ ਦੀ ਜਾਂਚ ਕਰੇਗੀ। ਹਾਲਾਂਕਿ ਐਂਬੂਲੈਂਸ ਪਰਿਚਾਲਨ ਫਰਮ ਨੇ ਇਸ ਗੱਲ ਤੋਂ ਇਨਕਾਰ ਕੀਤਾ ਹੈ ਕਿ ਮਹਿਲਾ ਦੀ ਮੌਤ ਐਂਬੂਲੈਂਸ ਦਾ ਦਰਵਾਜ਼ਾ ਜਾਮ ਹੋਣ ਕਾਰਨ ਹੋਈ।


author

Tanu

Content Editor

Related News