ਰਾਜਸਥਾਨ ਪੁਲਸ ਦੇ ਅਫਸਰ ਅਤੇ ਮਹਿਲਾ ਕਾਂਸਟੇਬਲ ਦੀ ‘ਡਰਟੀ ਪਿਕਚਰ’ ਨੇ ਮਚਾਈ ਹਲਚਲ

09/12/2021 11:19:12 AM

ਜੈਪੁਰ (ਬਿਊਰੋ)- ਰਾਜਸਥਾਨ ਵਿਚ ਕੁਝ ਸਮੇਂ ਪਹਿਲਾਂ ਲੋਕਾਂ ਨੇ ‘ਡਰਟੀ ਪਾਲਿਟਿਕਸ’ ਵੇਖੀ, ਜਿਸ ਤੋਂ ਬਾਅਦ ਇਹ ਸੂਬਾ ਚਰਚਾ ਵਿਚ ਰਿਹਾ ਪਰ ਹੁਣ ਇਕ ਵਾਰ ਫਿਰ ਰਾਜਸਥਾਨ ਚਰਚਾ ਵਿਚ ਹੈ, ਜਿਸਦਾ ਕਾਰਨ ਬਣ ਰਿਹਾ ਹੈ ਇਕ ਵਾਇਰਲ ਵੀਡੀਓ, ਜਿਸ ਵਿਚ ਰਾਜਸਥਾਨ ਪੁਲਸ ਦੀ ‘ਡਰਟੀ ਪਿਕਚਰ’ ਨੇ ਸੂਬੇ ਵਿਚ ਹਲਚਲ ਮਚਾ ਦਿੱਤੀ ਹੈ। ਜਾਣਕਾਰੀ ਮੁਤਾਬਕ ਰਾਜਸਥਾਨ ਪੁਲਸ ਦਾ ਇਕ ਸ਼ਰਮਨਾਕ ਵੀਡੀਓ ਸਾਹਮਣੇ ਆਇਆ ਹੈ, ਜਿਸ ਵਿਚ ਡੀ. ਐੱਸ. ਪੀ. ਅਤੇ ਇਕ ਮਹਿਲਾ ਕਾਂਸਟੇਬਲ ਦੇ ਇਨਟੀਮੇਟ ਸੀਨ ਨੂੰ ਵੇਖਿਆ ਜਾ ਸਕਦਾ ਹੈ।
ਜਾਣਕਾਰੀ ਮੁਤਾਬਕ ਇਹ ਵੀਡੀਓ ਰਾਜਸਥਾਨ ਪੁਲਸ ਨੇ ਡੀ. ਐੱਸ. ਪੀ. ਹੀਰਾ ਲਾਲ ਸੈਣੀ ਅਤੇ ਮਹਿਲਾ ਕਾਂਸਟੇਬਲ ਦਾ ਹੈ, ਜਿਸ ਵਿਚ ਮਹਿਲਾ ਦਾ 6 ਸਾਲ ਦਾ ਬੇਟਾ ਵੀ ਦਿਖਾਈ ਦੇ ਰਿਹਾ ਹੈ। ਗੰਭੀਰ ਗੱਲ ਇਹ ਹੈ ਕਿ ਇਸ ਵੀਡੀਓ ਵਿਚ ਡੀ. ਐੱਸ. ਪੀ. ਅਤੇ ਔਰਤ ਦਾ 6 ਸਾਲ ਦੇ ਬੱਚੇ ਨੂੰ ਵੀ ਇਨ੍ਹਾਂ ਹਰਕਤਾਂ ਵਿਚ ਸ਼ਾਮਲ ਕੀਤਾ ਗਿਆ ਹੈ। ਇਸ ਪੂਰੇ ਮਾਮਲੇ ਦੀ ਦੋ ਵੀਡੀਓ ਬਣੀਆਂ ਹਨ, ਜਿਸ ਨੂੰ ਪਾਰਟ-1 ਤੇ ਪਾਰਟ-2 ਦਾ ਨਾਂ ਦਿੱਤਾ ਗਿਆ ਹੈ। ਘਟਨਾ ਤੋਂ ਬਾਅਦ ਹਰਕਤ ਵਿਚ ਆਈ ਰਾਜਸਥਾਨ ਪੁਲਸ ਨੇ ਡੀ. ਐੱਸ. ਪੀ. ਅਤੇ ਮਹਿਲਾ ਕਾਂਸਟੇਬਲ ਨੂੰ ਸਸਪੈਂਡ ਕਰ ਦਿੱਤਾ ਹੈ। ਮਾਮਲੇ ਵਿਚ ਡੀ. ਐੱਸ. ਪੀ. ਨੂੰ ਗ੍ਰਿਫਤਾਰ ਵੀ ਕਰ ਲਿਆ ਗਿਆ ਹੈ।

ਰਿਜਾਰਟ ’ਚ ਬਣਾਇਆ ਗਿਆ ਸੀ ਵੀਡੀਓ
ਪਤਾ ਲੱਗਾ ਹੈ ਕਿ ਜੋ ਵੀਡੀਓ ਵਾਇਰਲ ਹੋਇਆ ਹੈ, ਉਹ ਰਾਜਸਥਾਨ ਦੇ ਪੁਸ਼ਕਰ ਜ਼ਿਲੇ ਦੇ ਇਕ ਰਿਜਾਰਟ ਵਿਚ ਸ਼ੂਟ ਕੀਤਾ ਗਿਆ ਸੀ, ਜਿਸ ਵਿਚ ਡੀ. ਐੱਸ. ਪੀ. ਅਤੇ ਮਹਿਲਾ ਕਾਂਸਟੇਬਲ ਸਵੀਮਿੰਗ ਪੂਲ ਵਿਚ ਨਜ਼ਰ ਆ ਰਹੇ ਹਨ। ਜਦੋਂ ਵੀਡੀਓ ਵਾਇਰਲ ਹੋਈ ਓਦੋਂ ਰਾਜਸਥਾਨ ਪੁਲਸ ਨੇ ਹਰਕਤ ਵਿਚ ਆਉਂਦਿਆਂ ਇਕ ਵਿਸ਼ੇਸ਼ ਕਾਰਜ ਸਮੂਹ (ਐੱਸ. ਓ. ਜੀ.) ਬਣਾਈ, ਜਿਸ ਨੇ ਮਾਮਲੇ ਦੀ ਜਾਂਚ ਕੀਤੀ। ਜਾਂਚ ਵਿਚ ਪਾਇਆ ਗਿਆ ਕਿ ਇਸ ਇੰਡੋਰ ਸਵੀਮਿੰਗ ਪੂਲ ਵਿਚ ਜੋ ਪੂਰਾ ਘਟਨਾਚੱਕਰ ਹੋਇਆ ਹੈ, ਉਹ ਸਹੀ ਹੈ। ਬੇਸ਼ੱਕ ਡੀ. ਐੱਸ. ਪੀ. ਨੇ ਤਰਕ ਦਿੱਤਾ ਸੀ ਕਿ ਵੀਡੀਓ ਨੂੰ ਐਡਿਟ ਕੀਤਾ ਗਿਆ ਹੈ ਪਰ ਐੱਸ. ਓ. ਜੀ. ਦੀ ਰਿਪੋਰਟ ਨੇ ਉਸ ਨੂੰ ਖਾਰਜ ਕਰ ਦਿੱਤਾ ਹੈ।

ਇੰਝ ਬਾਹਰ ਆਇਆ ਮਾਮਲਾ
ਜਾਣਕਾਰੀ ਮੁਤਾਬਕ ਇਹ ਵੀਡੀਓ ਜੁਲਾਈ ਮਹੀਨੇ ਦਾ ਹੈ। 13 ਜੁਲਾਈ ਨੂੰ ਮਹਿਲਾ ਕਾਂਸਟੇਬਲ ਨੇ ਆਪਣੇ ਵ੍ਹਟਸਐਪ ਸਟੇਟਸ ’ਤੇ ਸਵੀਮਿੰਗ ਪੂਲ ਦੀ ਇਕ ਫੋਟੋ ਲਗਾਈ ਸੀ। ਔਰਤ ਦਾ ਕਹਿਣਾ ਹੈ ਕਿ 26 ਜੁਲਾਈ ਨੂੰ ਉਸਨੂੰ ਇੰਟਰਨੈੱਟ ਕਾਲ ਆਈ ਸੀ, ਜਿਸ ਵਿਚ ਉਸਨੂੰ ਕੁਝ ਸਕ੍ਰੀਨ ਸ਼ਾਟਸ ਭੇਜੇ ਗਏ, ਜੋ ਸਵੀਮਿੰਗ ਪੂਲ ਨਾਲ ਹੀ ਸਬੰਧਤ ਸਨ। ਬਦਲੇ ਵਿਚ 10 ਲੱਖ ਰੁਪਏ ਦੀ ਉਸ ਕੋਲੋਂ ਮੰਗ ਕੀਤੀ ਗਈ।
ਮਹਿਲਾ ਕਾਂਸਟੇਬਲ ਨੇ ਜੈਪੁਰ ਦੇ ਕਾਲਾਵਾੜ ਥਾਣੇ ਵਿਚ ਮਾਮਲਾ ਦਰਜ ਕਰਵਾਉਣ ਲਈ ਦਰਖਾਸਤ ਦਿੱਤੀ ਪਰ ਮਾਮਲਾ ਦਰਜ ਨਹੀਂ ਹੋਇਆ। ਉਸ ਤੋਂ ਬਾਅਦ ਮਹਿਲਾ ਕਾਂਸਟੇਬਲ ਦੇ ਪਤੀ ਨੇ ਥਾਣੇ ਵਿਚ ਮਾਮਲਾ ਦਰਜ ਕਰਵਾਉਣ ਦੀ ਕੋਸ਼ਿਸ਼ ਕੀਤੀ ਪਰ ਕਿਹਾ ਗਿਆ ਕਿ ਪੁਲਸ ਅਧਿਕਾਰੀ ਨੇ ਵੀਡੀਓ ਦੇ ਬਦਲੇ ਦੋਸ਼ੀ ਡੀ. ਐੱਸ. ਪੀ. ਨਾਲ ਸੌਦਾ ਕਰ ਲਿਆ ਹੈ। ਔਰਤ ਦੇ ਇਸ ਵੀਡੀਓ ਨੂੰ ਲੈ ਕੇ ਸਭ ਤੋਂ ਪਹਿਲਾਂ ਉਸਦੇ ਪਤੀ ਨੇ ਹੀ ਗੱਲ ਚੁੱਕੀ ਸੀ।

17 ਸਤੰਬਰ ਤੱਕ ਰਿਮਾਂਡ ’ਤੇ ਮੁਅੱਤਲ ਡੀ. ਐੱਸ. ਪੀ.
ਰਾਜਸਥਾਨ ਪੁਲਸ ਦੀ ਵਰਦੀ ਨੂੰ ਦਾਗਦਾਰ ਕਰਨ ਵਾਲੇ ਡੀ. ਐੱਸ. ਪੀ. ਹੀਰਾਲਾਲ ਸੈਣੀ ਨੂੰ ਸ਼ਨੀਵਾਰ ਨੂੰ ਜੈਪੁਰ ਵਿਚ ਮੈਜਿਸਟ੍ਰੇਟ ਦੇ ਸਾਹਮਣੇ ਪੇਸ਼ ਕੀਤਾ ਗਿਆ। ਜਿਥੇ ਐੱਸ. ਓ. ਜੀ. ਨੇ ਦੋਸ਼ੀ ਦਾ ਰਿਮਾਂਡ ਮੰਗਿਆ। ਮੈਜਿਸਟ੍ਰੇਟ ਨੇ ਦੋਸ਼ੀ ਹੀਰਾਲਾਲ ਸੈਣੀ ਨੂੰ 17 ਸਤੰਬਰ ਤੱਕ ਰਿਮਾਂਡ ’ਤੇ ਐੱਸ. ਓ. ਜੀ. ਨੂੰ ਸੌਂਪਣ ਦੇ ਹੁਕਮ ਦਿੱਤੇ। ਹੁਣ ਐੱਸ. ਓ. ਜੀ. ਦੋਸ਼ੀ ਹੀਰਾਲਾਲ ਸੈਣੀ ਨੇ ਅਸ਼ਲੀਲ ਵੀਡੀਓ ਮਾਮਲੇ ਵਿਚ ਕਈ ਸਵਾਲਾਂ ਸਬੰਧੀ ਪੁੱਛਗਿੱਛ ਕਰੇਗੀ। ਅਸ਼ਲੀਲ ਦ੍ਰਿਸ਼ਾਂ ਵਿਚ ਔਰਤ ਦੇ 6 ਸਾਲ ਦੇ ਬੇਟੇ ਨੂੰ ਵੀ ਕੀਤਾ ਸ਼ਾਮਲ ਕੀਤਾ ਗਿਆ ਹੈ।

ਡੀ. ਐੱਸ. ਪੀ. ’ਤੇ ਲੱਗਾ ਪਾਸਕੋ
ਰਾਜਸਥਾਨ ਪੁਲਸ ਨੇ ਡੀ. ਐੱਸ. ਪੀ. ਅਤੇ ਮਹਿਲਾ ਕਾਂਸਟੇਬਲ ਦੀ ਇਕ ਵੀਡੀਓ ਵਿਚ 6 ਸਾਲ ਦੇ ਬੱਚੇ ਨਾਲ ਇਤਰਾਜ਼ਯੋਗ ਅਤੇ ਅਸ਼ਲੀਲ ਹਰਕਤਾਂ ਡੀ. ਐੱਸ. ਪੀ. ਲਈ ਗਲੇ ਦੀ ਹੱਡੀ ਬਣ ਗਈਆਂ ਹਨ। ਜਾਣਕਾਰੀ ਦੇ ਮੁਤਾਬਕ ਐੱਸ. ਓ. ਜੀ. ਦੀ ਜਾਂਚ ਵਿਚ ਪੁਸ਼ਟੀ ਹੋਣ ਤੋਂ ਬਾਅਦ ਡੀ. ਐੱਸ. ਪੀ. ਹੀਰਾ ਲਾਲ ਸੈਣੀ ’ਤੇ ਚਾਈਲਡ ਪੋਰਨੋਗ੍ਰਾਫੀ ਯੂਨਿਟ ਵੱਲੋਂ ਪਾਸਕੋ ਲਗਾਉਣ ਦੀ ਸਿਫਾਰਿਸ਼ ਕੀਤੀ ਗਈ। ਡੀ. ਐੱਸ. ਪੀ. ’ਤੇ ਇਸੇ ਐਕਟ ਵਿਚ ਮਾਮਲਾ ਦਰਜ ਕੀਤਾ ਗਿਆ ਹੈ।

4 ਹੋਰ ਪੁਲਸ ਅਧਿਕਾਰੀ ਵੀ ਮੁਅੱਤਲ
ਪੁਲਸ ਡੀ. ਐੱਸ. ਪੀ. ਅਤੇ ਮਹਿਲਾ ਕਾਂਸਟੇਬਲ ਨਾਲ ਸਬੰਧਤ ਅਸ਼ਲੀਲ ਵੀਡੀਓ ਦੇ ਮਾਮਲੇ ਵਿਚ ਇਨ੍ਹਾਂ ਦੋਨਾਂ ਦੇ ਨਾਲ-ਨਾਲ 4 ਹੋਰ ਪੁਲਸ ਅਧਿਕਾਰੀਆਂ ’ਤੇ ਵੀ ਗਾਜ ਡਿੱਗੀ ਹੈ। ਪਤਾ ਲੱਗਾ ਹੈ ਕਿ ਡੀ. ਜੀ. ਪੀ. ਦੇ ਹੁਕਮਾਂ ’ਤੇ ਡੀ. ਐੱਸ. ਪੀ. ਮੋਟਾ ਰਾਮ ਬੇਨੀਵਾਲ, ਏ. ਜੀ. ਪੀ. ਹਰੀ ਸ਼ੰਕਰ ਸ਼ਰਮਾ, ਐੱਸ. ਐੱਸ. ਪੀ. ਸ਼ਿਵਪ੍ਰਕਾਸ਼ ਮੀਣਾ ਅਤੇ ਕਾਲਾਵਾਜ਼ ਦੇ ਸੀ. ਈ. ਓ. ਗੁਰੂਦੱਤ ਸੈਣੀ ਨੂੰ ਵੀ ਮੁਅੱਤਲ ਕਰ ਦਿੱਤਾ ਗਿਆ ਹੈ। ਇਸ ਮਾਮਲੇ ਵਿਚ ਦੋ ਵੱਡੇ ਅਧਿਕਾਰੀਆਂ ’ਤੇ ਵੀ ਗਾਜ ਡਿੱਗ ਸਕਦੀ ਹੈ। ਇਨ੍ਹਾਂ ਅਧਿਕਾਰੀਆਂ ਨੂੰ ਇਸ ਲਈ ਮੁਅੱਤਲ ਕੀਤਾ ਗਿਆ ਹੈ ਕਿਉਂਕਿ ਇਨ੍ਹਾਂ ਨੇ ਸ਼ਿਕਾਇਤ ਆਉਣ ’ਤੇ ਇਸਨੂੰ ਗੰਭੀਰਤਾ ਨਾਲ ਨਹੀਂ ਲਿਆ ਅਤੇ ਮਾਮਲੇ ਦੀ ਜਾਂਚ ਨਹੀਂ ਕੀਤੀ। ਡੀ. ਜੀ. ਪੀ. ਐੱਮ. ਐੱਲ. ਲਾਠਰ ਦਾ ਕਹਿਣਾ ਹੈ ਕਿ ਜੇਕਰ ਇਨ੍ਹਾਂ ਅਧਿਕਾਰੀਆਂ ਦੀ ਇਸ ਮਾਮਲੇ ਵਿਚ ਸਿੱਧੇ ਸ਼ਮੂਲੀਅਤ ਪਾਈ ਗਈ ਤਾਂ ਇਨ੍ਹਾਂ ਨੂੰ ਵੀ ਗ੍ਰਿਫਤਾਰ ਕੀਤਾ ਜਾ ਸਕਦਾ ਹੈ।


Tanu

Content Editor

Related News