ਤੇਜ਼ ਰਫ਼ਤਾਰ ਕਾਰ ਅਤੇ ਬੱਸ ਦੀ ਜ਼ੋਰਦਾਰ ਟੱਕਰ, 5 ਲੋਕਾਂ ਦੀ ਮੌਤ
Wednesday, Dec 25, 2024 - 10:05 AM (IST)
ਕਰੌਲੀ- ਰਾਜਸਥਾਨ ਦੇ ਕਰੌਲੀ ਜ਼ਿਲ੍ਹੇ ਵਿਚ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਕਾਰ ਅਤੇ ਬੱਸ ਦੀ ਆਹਮਣੇ-ਸਾਹਮਣੇ ਦੀ ਟੱਕਰ ਵਿਚ ਘੱਟੋ-ਘੱਟ 5 ਲੋਕਾਂ ਦੀ ਮੌਤ ਹੋ ਗਈ ਅਤੇ 15 ਹੋਰ ਜ਼ਖ਼ਮੀ ਹੋ ਗਏ। ਅਧਿਕਾਰੀਆਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਅਧਿਕਾਰੀਆਂ ਮੁਤਾਬਕ 5 ਮ੍ਰਿਤਕਾਂ 'ਚ 3 ਔਰਤਾਂ ਸਨ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਇਕ ਪਰਿਵਾਰ ਕੈਲਾਦੇਵੀ ਦੇ ਦਰਸ਼ਨ ਕਰ ਕੇ ਕਾਰ ਤੋਂ ਗੰਗਾਪੁਰ ਸਿਟੀ ਜਾ ਰਿਹਾ ਸੀ, ਇਸ ਦੌਰਾਨ ਕਰੌਲੀ ਵਲੋਂ ਆ ਰਹੀ ਬੱਸ ਦੀ ਕਾਰ ਨਾਲ ਭਿਆਨਕ ਟੱਕਰ ਹੋ ਗਈ।
ਲਾਸ਼ਾਂ ਨੂੰ ਕਰੌਲੀ ਹਸਪਤਾਲ ਲਿਜਾਇਆ ਗਿਆ। ਲਾਸ਼ਾਂ ਨੂੰ ਕਰੌਲੀ ਜ਼ਿਲ੍ਹਾ ਹਸਪਤਾਲ ਦੇ ਮੁਰਦਾਘਰ ਵਿਚ ਰੱਖਿਆ ਗਿਆ ਹੈ। ਜ਼ਿਲ੍ਹਾ ਹਸਪਤਾਲ ਦੇ ਚੀਫ਼ ਮੈਡੀਕਲ ਅਫ਼ਸਰ ਰਮੇਸ਼ ਮੀਨਾ ਨੇ ਦੱਸਿਆ ਕਿ ਕਰੌਲੀ ਗੰਗਾਪੁਰ ਰੋਡ 'ਤੇ ਇਕ ਕਾਰ ਅਤੇ ਬੱਸ ਵਿਚਾਲੇ ਹੋਈ ਟੱਕਰ 'ਚ 5 ਲੋਕਾਂ ਦੀ ਮੌਤ ਹੋ ਗਈ ਹੈ। ਇਹ ਸਾਰੇ ਇਕ ਹੀ ਪਰਿਵਾਰ ਨਾਲ ਸਬੰਧਤ ਹਨ। ਪੁਲਸ ਵੱਲੋਂ ਮਿਲੀ ਜਾਣਕਾਰੀ ਮੁਤਾਬਕ ਉਹ ਕੈਲਾਦੇਵੀ ਦੇ ਦਰਸ਼ਨ ਕਰਕੇ ਵਾਪਸ ਆ ਰਹੇ ਸਨ। ਬੱਸ ਵਿਚ ਸਵਾਰ 15 ਲੋਕ ਜ਼ਖਮੀ ਹੋ ਗਏ ਹਨ।
ਪੁਲਸ ਦਾ ਕਹਿਣਾ ਹੈ ਕਿ ਬੱਸ ਅਤੇ ਕਾਰ ਵਿਚਾਲੇ ਟੱਕਰ ਇੰਨੀ ਜ਼ੋਰਦਾਰ ਸੀ ਕਿ ਕਾਰ ਟੁੱਕੜਿਆ ਵਿਚ ਬਿਖਰ ਗਈ। ਕਾਰ ਵਿਚ ਸਵਾਰ 5 ਲੋਕਾਂ ਦੀ ਮੌਕੇ 'ਤੇ ਮੌਤ ਹੋ ਗਈ। ਅਜੇ ਤੱਕ ਇਕ ਹੀ ਮ੍ਰਿਤਕ ਦੀ ਪਛਾਣ ਹੋ ਸਕੀ ਹੈ। ਮ੍ਰਿਤਕ ਦੀ ਪਛਾਣ 63 ਸਾਲਾ ਚੰਦਰ ਦੇਸ਼ਮੁੱਖ ਵਜੋਂ ਹੋਈ ਹੈ, ਜੋ ਕਿ ਇੰਦੌਰ ਦੇ ਰਹਿਣ ਵਾਲੇ ਸਨ। ਹਾਦਸਾ ਕਿਸ ਕਾਰਨਾਂ ਤੋਂ ਹੋਇਆ, ਪੁਲਸ ਇਸ ਦਾ ਪਤਾ ਲਾਉਣ ਵਿਚ ਜੁੱਟੀ ਹੈ।