ਹੌਂਸਲਾ ਬਰਕਰਾਰ ਹੈ; ਰੁਕਦੇ ਨਹੀਂ ਹੁਣ ਕਦਮ, ਪੈਰਾਂ ਦੇ ਪੰਜੇ ਨਹੀਂ ਤਾਂ ਗਿਲਾਸ ਨੂੰ ਬਣਾ ਲਿਆ ‘ਪੰਜਾ’
Monday, Jun 07, 2021 - 01:03 PM (IST)
ਰਾਏਪੁਰ— ਜ਼ਿੰਦਗੀ ’ਚ ਕਈ ਵਾਰ ਇਨਸਾਨ ਖ਼ੁਦ ਨੂੰ ਸਵਾਲ ਕਰਦਾ ਹੈ ਕਿ ਮੇਰੇ ਕੋਲ ਇਹ ਨਹੀਂ ਹੈ, ਮੈਂ ਗਰੀਬ ਹਾਂ। ਬਹੁਤ ਕੁਝ ਹੁੰਦਿਆਂ ਹੋਵੇ ਵੀ ਅਸੀਂ ਨਿਰਾਸ਼ ਰਹਿੰਦੇ ਹਾਂ। ਇਹ ਕਹਿਣਾ ਵੀ ਗਲਤ ਨਹੀਂ ਹੋਵੇਗਾ ਕਿ ਮਿਹਨਤ ਅਤੇ ਲਗਨ ਨਾਲ ਇਨਸਾਨ ਅਸੰਭਵ ਨੂੰ ਵੀ ਸੰਭਵ ਕਰ ਸਕਦਾ ਹੈ। ਅਜਿਹੀ ਹਿੰਮਤ ਅਤੇ ਹੌਂਸਲੇ ਵਾਲੀ ਹੈ, 11 ਸਾਲ ਦੀ ਗੀਤਾ। ਬਚਪਨ ਤੋਂ ਹੀ ਗੀਤਾ ਦੇ ਦੋਵੇਂ ਪੈਰ ਦੇ ਪੰਜੇ ਨਹੀਂ ਹਨ। ਗੀਤਾ ਛੱਤੀਸਗੜ੍ਹ ਦੇ ਰਾਏਪੁਰ ਤੋਂ 20 ਕਿਲੋਮੀਟਰ ਦੂਰ ਛਿਦੌਲੀ ਕਮਾਰਪਾਰਾ ’ਚ ਰਹਿੰਦੀ ਹੈ। ਬਿਨਾਂ ਪੈਰ ਦੇ ਪੰਜਿਆਂ ਤੋਂ ਜਦੋਂ ਉਹ ਤੁਰਦੀ ਸੀ ਤਾਂ ਪੈਰਾਂ ਤੋਂ ਖੂਨ ਰਿਸਦਾ ਸੀ। ਮਾਤਾ-ਪਿਤਾ ਇਸ ਸਥਿਤੀ ਵਿਚ ਨਹੀਂ ਹਨ ਧੀ ਦਾ ਇਲਾਜ ਕਰਵਾ ਸਕਣ ਕਿਉਂਕਿ ਉਹ ਮਿਹਨਤ ਮਜ਼ਦੂਰੀ ਕਰ ਕੇ ਘਰ ਚਲਾਉਂਦੇ ਹਨ। ਆਖ਼ਰਕਾਰ ਗੀਤਾ ਨੇ ਹਾਰ ਨਹੀਂ ਮੰਨੀ ਅਤੇ ਇਸ ਦਾ ਇਲਾਜ ਵੀ ਲੱਭ ਲਿਆ। ਗੀਤਾ ਆਪਣੇ ਪੈਰਾਂ ’ਚ ਗਿਲਾਸ ਲਾ ਕੇ ਤੁਰਨ ਲੱਗ ਪਈ।
ਬਿਨਾਂ ਪੰਜਿਆਂ ਤੋਂ ਹੋਣ ਕਾਰਨ ਵੀ ਉਸ ਨੇ ਆਪਣੇ ਹੌਂਸਲੇ ਨੂੰ ਬਰਕਰਾਰ ਰੱਖਿਆ। ਗੀਤਾ ਰੋਜ਼ ਚੁੱਪਚਾਪ ਗਿਲਾਸ ’ਚ ਪੈਰ ਪਾ ਕੇ ਤੁਰਨ ਦਾ ਅਭਿਆਸ ਕਰਦੀ। ਇਕ ਦਿਨ ਸ਼ਾਮ ਨੂੰ ਜਦੋਂ ਮਾਪੇ ਕੰਮ ਤੋਂ ਪਰਤੇ ਤਾਂ ਗੀਤਾ ਤੁਰ ਕੇ ਉਨ੍ਹਾਂ ਨੂੰ ਮਿਲੀ ਤਾਂ ਉਨ੍ਹਾਂ ਦੀ ਖੁਸ਼ੀ ਦਾ ਕੋਈ ਟਿਕਾਣਾ ਨਾ ਰਿਹਾ। ਗੀਤਾ ਘਰ ਦਾ ਸਾਰਾ ਕੰਮ ਇਨ੍ਹਾਂ ਪੈਰਾਂ ਨਾਲ ਹੀ ਕਰਦੀ ਹੈ। ਗੀਤਾ ਫ਼ਿਲਹਾਲ ਬੈਟਰੀ ਨਾਲ ਚੱਲਣ ਵਾਲਾ ਟਰਾਈਸਾਈਕਲ ਚਾਹੁੰਦੀ ਹੈ, ਤਾਂ ਕਿ ਉਹ ਆਸਾਨੀ ਨਾਲ ਪੜ੍ਹ-ਲਿਖ ਸਕੇ।