ਮੀਂਹ ਦੇ ਨਾਲ ਪੈ ਗਏ ਗੜ੍ਹੇ, ਅੱਜ ਵੀ ਖ਼ਰਾਬ ਰਹੇਗਾ ਮੌਸਮ
Tuesday, Nov 12, 2024 - 09:37 AM (IST)
ਨੈਸ਼ਨਲ ਡੈਸਕ : ਪੰਜਾਬ ਇਸ ਵੇਲੇ ਸੁਕੀ ਠੰਡ ਤੇ ਹਵਾ ਪ੍ਰਦੂਸ਼ਣ ਦੀ ਮਾਰ ਝੱਲ ਰਿਹਾ ਹੈ ਪਰ ਇਸ ਵਿਚਾਲੇ ਇਕ ਰਾਹਤ ਭਰੀ ਖ਼ਬਰ ਪੰਜਾਬ ਦੇ ਗੁਆਂਢੀ ਸੂਬੇ ਤੋਂ ਸਾਹਮਣੇ ਆ ਰਹੀ ਹੈ। ਜਿਥੇ ਮੌਸਮ ਦੀ ਪਹਿਲੀ ਬਰਫਬਾਰੀ ਹੋਈ ਹੈ। ਅਸੀਂ ਗੱਲ ਕਰ ਰਹੇ ਹਾਂ ਜੰਮੂ-ਕਸ਼ਮੀਰ ਦੀ। ਇਥੇ ਸੋਮਵਾਰ ਨੂੰ ਬਦਲੇ ਮੌਸਮ ਦੇ ਮਿਜਾਜ ਕਾਰਨ ਹਵਾਈ ਸੇਵਾ ਤਕ ਪ੍ਰਭਾਵਿਤ ਹੋਈ ਹੈ। ਘੱਟ ਵਿਜ਼ੀਬਿਲਟੀ ਕਾਰਨ ਜੰਮੂ ਆਉਣ ਵਾਲੀਆਂ 2 ਉੱਡਾਣਾ ਰੱਦ ਕਰ ਦਿੱਤੀਆਂ ਗਈਆਂ। ਸਵੇਰ 11 ਵਜੇ ਤੋਂ ਬਾਅਦ ਮੌਸਮ ਸਾਫ ਹੋਣ ਮਗਰੋਂ ਹੀ ਸ਼੍ਰੀਨਗਰ ਤੋਂ ਦਿੱਲੀ ਤੇ ਜੰਮੂ ਆਉਣ ਵਾਲੀਆਂ ਉਡਾਣਾਂ ਦਾ ਸੰਚਾਲਣ ਸ਼ੁਰੂ ਹੋਇਆ, ਜਿਸ ਕਾਰਨ 2 ਦਰਜ਼ਨ ਦੇ ਕਰੀਬ ਉਡਾਣਾ ਦੇਰੀ ਨਾਲ ਪਹੁੰਚੀਆਂ।
ਉਥੇ ਕਸ਼ਮੀਰ ਦੇ ਕਈ ਪਹਾੜੀ ਇਲਾਕਿਆਂ ਵਿੱਚ ਬਰਫਬਾਰੀ ਹੋਈ। ਰਾਜੌਰੀ ਵਿਚ ਤੇਜ ਮੀਂਹ ਨਾਲ ਗੜ੍ਹੇਮਾਰੀ ਵੀ ਹੋਈ। ਸੂਬੇ ਦੇ ਜ਼ਿਆਦਾਤਰ ਹਿੱਸਿਆ ਵਿੱਚ ਬੱਦਲਵਾਈ ਰਹਿਣ ਦੇ ਨਾਲ ਵਿਜ਼ੀਬਿਲਟੀ ਵੀ ਖਰਾਬ ਰਹੀ। ਮੌਸਮ ਵਿਗਿਆਨ ਕੇਂਦਰ ਸ਼੍ਰੀਨਗਰ ਮੁਤਾਬਕ 15 ਤੇ 16 ਨਵੰਬਰ ਦੇ ਵਿਚਕਾਰ ਉਤਰੀ ਸੈਂਟਰਲ ਕਸ਼ਮੀਰ ਦੇ ਕਈ ਹਿੱਸਿਆਂ ਵਿੱਚ ਮੀਂਹ ਅਤੇ ਬਰਫਬਾਰੀ ਹੋ ਸਕਦੀ ਹੈ। ਜੰਮੂ ਅਤੇ ਕਸ਼ਮੀਰ ਦੇ ਮੈਦਾਨੀ ਇਲਾਕਿਆ ਵਿੱਚ ਸਵੇਰੇ ਤੇ ਦੇਰ ਸ਼ਾਮ ਵੇਲੇ ਧੁੰਦ ਛਾਈ ਰਹੇਗੀ।
ਜੰਮੂ ਵਿੱਚ ਸਾਰਾ ਦਿਨ ਹਲਕੇ ਬੱਦਲ ਰਹੇ। ਇਥੇ ਵੱਧ ਤੋਂ ਵੱਧ ਤਾਪਮਾਨ ਸਾਧਾਰਨ ਤੋਂ ਥੌੜਾ ਘੱਟ 26.4 ਅਤੇ ਘੱਟੋਂ-ਘੱਟ ਤਾਪਮਾਨ 16.6 ਡਿਗਰੀ ਦਰਜ਼ ਕੀਤਾ ਗਿਆ। ਲੇਹ ਵਿੱਚ ਰਾਤ ਦਾ ਪਾਰਾ ਮਾਈਨਸ 2.4 ਡਿਗਰੀ ਤਕ ਪਹੁੰਚ ਗਿਆ। ਰਾਜਧਾਨੀ ਸ਼੍ਰੀਨਗਰ ਵਿੱਚ ਵੱਧ ਤੋਂ ਵੱਧ ਤਾਪਮਾਨ 16.4 ਤੇ ਘੱਟੋ-ਘੱਟ 5.3 ਦਰਜ਼ ਕੀਤਾ ਗਿਆ।ਇਸ ਦੇ ਨਾਲ ਹੀ ਅੱਜ ਵੀ ਮੌਸਮ ਖਰਾਬ ਰਹਿਣ ਦਾ ਮੌਸਮ ਵਿਭਾਗ ਨੇ ਖਦਸ਼ਾ ਜਾਹਿਰ ਕੀਤਾ ਹੈ, ਮੌਸਮ ਵਿਭਾਗ ਮੁਤਾਬਕ ਅੱਜ ਵੀ ਕੁਝ ਇਲਾਕਿਆਂ ਵਿੱਚ ਮੀਂਹ ਪੈ ਸਕਦਾ ਹੈ।