ਬਦਲੇਗਾ ਮੌਸਮ ਦਾ ਮਿਜਾਜ਼: ਦੇਸ਼ ਦੇ 16 ਸੂਬਿਆਂ ''ਚ ਮੋਹਲੇਧਾਰ ਮੀਂਹ ਦਾ ਅਲਰਟ
Monday, May 19, 2025 - 10:22 AM (IST)

ਨੈਸ਼ਨਲ ਡੈਸਕ- ਭਾਰਤ ਦੇ ਕਈ ਹਿੱਸਿਆਂ ਵਿਚ ਮੌਸਮ ਨੇ ਕਰਵਟ ਲੈ ਲਈ ਹੈ। ਇਕ ਪਾਸੇ ਜਿੱਥੇ ਕੁਝ ਸੂਬਿਆਂ ਵਿਚ ਮੀਂਹ ਅਤੇ ਤੂਫਾਨ ਨਾਲ ਜਨਜੀਵਨ ਪ੍ਰਭਾਵਿਤ ਹੋ ਰਿਹਾ ਹੈ। ਉੱਥੇ ਹੀ ਦੂਜੇ ਪਾਸੇ ਇਲਾਕੇ ਵਿਚ ਭਿਆਨਕ ਗਰਮੀ ਅਤੇ ਲੂ ਦੀ ਲਪੇਟ ਵਿਚ ਹੈ। ਮੌਸਮ ਵਿਭਾਗ ਨੇ ਆਗਾਮੀ ਦਿਨਾਂ ਵਿਚ ਦੇਸ਼ ਦੇ 16 ਤੋਂ ਵੱਧ ਸੂਬਿਆਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿਚ ਮੋਹਲੇਧਾਰ ਮੀਂਹ ਤੋਂ ਲੈ ਕੇ ਹੀਟਵੇਵ ਤੱਕ ਦੀ ਚਿਤਾਵਨੀ ਜਾਰੀ ਕੀਤੀ ਹੈ।
ਮੋਹਲੇਧਾਰ ਮੀਂਹ ਦਾ ਅਲਰਟ
ਸੋਮਵਾਰ ਅਤੇ ਮੰਗਲਵਾਰ ਨੂੰ ਆਸਾਮ, ਮੇਘਾਲਿਆ, ਕਰਨਾਟਕ, ਕੇਰਲ, ਬਿਹਾਰ, ਗੋਆ, ਮਹਾਰਾਸ਼ਟਰ, ਪੱਛਮੀ ਬੰਗਾਲ, ਸਿੱਕਮ, ਤਾਮਿਲਨਾਡੂ, ਪੁਡੂਚੇਰੀ 'ਚ ਮੋਹਲੇਧਾਰ ਮੀਂਹ ਪੈਣ ਦੀ ਸੰਭਾਵਨਾ ਜਤਾਈ ਹੈ। ਇਸ ਦੇ ਨਾਲ ਹੀ ਮੰਗਲਵਾਰ ਨੂੰ ਆਂਧਰਾ ਪ੍ਰਦੇਸ਼, ਅਰੁਣਾਚਲ ਪ੍ਰਦੇਸ਼ ਅਤੇ ਲਕਸ਼ਦੀਪ ਵਿਚ ਵੀ ਮੋਹਲੇਧਾਰ ਮੀਂਹ ਪੈ ਸਕਦਾ ਹੈ। ਮੌਸਮ ਵਿਭਾਗ ਨੇ ਦੱਸਿਆ ਕਿ ਇਨ੍ਹਾਂ ਸੂਬਿਆਂ ਵਿਚ ਬਿਜਲੀ ਡਿੱਗਣ, ਤੇਜ਼ ਹਵਾਵਾਂ ਚੱਲਣ ਅਤੇ ਤੂਫ਼ਾਨ ਆਉਣ ਦਾ ਵੀ ਖ਼ਦਸ਼ਾ ਹੈ।
ਤੂਫ਼ਾਨ ਅਤੇ ਤੇਜ਼ ਹਵਾਵਾਂ ਦਾ ਇਨ੍ਹਾਂ 16 ਸੂਬਿਆਂ ਦਾ ਅਲਰਟ
ਮੌਸਮ ਵਿਭਾਗ ਨੇ 16 ਸੂਬਿਆਂ ਵਿਚ ਹਨ੍ਹੇਰੀ, ਮੀਂਹ ਅਤੇ ਤੂਫ਼ਾਨ ਦਾ ਯੈਲੋ ਅਲਰਟ ਜਾਰੀ ਕੀਤਾ ਹੈ। ਇਨ੍ਹਾਂ 'ਚ ਮੱਧ ਪ੍ਰਦੇਸ਼, ਛੱਤੀਸਗੜ੍ਹ, ਝਾਰਖੰਡ, ਓਡੀਸ਼ਾ, ਬਿਹਾਰ, ਪੱਛਮੀ ਬੰਗਾਲ, ਸਿੱਕਮ, ਆਂਧਰਾ ਪ੍ਰਦੇਸ਼, ਤੇਲੰਗਾਨਾ, ਕਰਨਾਟਕ, ਤਾਮਿਲਨਾਡੂ, ਕੇਰਲ, ਅਰੁਣਾਚਲ ਪ੍ਰਦੇਸ਼, ਨਾਗਾਲੈਂਡ, ਮਣੀਪੁਰ, ਤ੍ਰਿਪੁਰਾ ਅਤੇ ਮਿਜ਼ੋਰਮ ਸ਼ਾਮਲ ਹਨ।
ਹੀਟਵੇਵ ਦਾ ਕਹਿਰ, ਉੱਤਰ ਭਾਰਤ ਵਿਚ ਵਧਿਆ ਪਾਰਾ
ਉੱਤਰੀ ਭਾਰਤ ਦੇ ਕਈ ਹਿੱਸਿਆਂ 'ਚ ਤਾਪਮਾਨ 45 ਡਿਗਰੀ ਸੈਲਸੀਅਸ ਤੱਕ ਪਹੁੰਚ ਗਿਆ ਹੈ। ਰਾਜਸਥਾਨ, ਉੱਤਰ ਪ੍ਰਦੇਸ਼ ਅਤੇ ਪੰਜਾਬ 'ਚ ਭਿਆਨਕ ਗਰਮੀ ਦਾ ਕਹਿਰ ਜਾਰੀ ਹੈ।
ਰਾਜਸਥਾਨ: ਸ਼੍ਰੀਗੰਗਾਨਗਰ, ਬੀਕਾਨੇਰ, ਜੈਸਲਮੇਰ ਅਤੇ ਚੁਰੂ ਵਰਗੇ ਖੇਤਰਾਂ 'ਚ ਤਾਪਮਾਨ 43 ਡਿਗਰੀ ਸੈਲਸੀਅਸ ਤੋਂ ਉੱਪਰ ਦਰਜ ਕੀਤਾ ਗਿਆ। ਮੌਸਮ ਵਿਭਾਗ ਨੇ ਸੂਬੇ ਦੇ 5 ਜ਼ਿਲ੍ਹਿਆਂ 'ਚ ਲੂ ਅਤੇ 14 ਜ਼ਿਲ੍ਹਿਆਂ 'ਚ ਮੀਂਹ ਲਈ ਯੈਲੋ ਅਲਰਟ ਜਾਰੀ ਕੀਤਾ ਹੈ।
ਉੱਤਰ ਪ੍ਰਦੇਸ਼: ਅਗਲੇ ਕੁਝ ਦਿਨਾਂ ਤੱਕ ਇੱਥੇ ਲੂ ਦੀ ਸਥਿਤੀ ਜਾਰੀ ਰਹੇਗੀ।
ਦਿੱਲੀ-ਐਨਸੀਆਰ: ਸ਼ਨੀਵਾਰ ਨੂੰ ਤੇਜ਼ ਤੂਫ਼ਾਨ ਅਤੇ ਮੀਂਹ ਕਾਰਨ ਕਈ ਇਲਾਕਿਆਂ ਵਿਚ ਦਰੱਖਤ ਉਖੜ ਗਏ। ਮੈਟਰੋ ਸਟੇਸ਼ਨ ਦਾ ਟੀਨ ਸ਼ੈੱਡ ਵੀ ਉੱਡ ਗਿਆ। ਆਉਣ ਵਾਲੇ ਦਿਨਾਂ ਵਿਚ ਮੀਂਹ ਪੈਣ ਦੀ ਉਮੀਦ ਹੈ ਪਰ ਗਰਮੀ ਤੋਂ ਤੁਰੰਤ ਰਾਹਤ ਨਹੀਂ ਮਿਲੇਗੀ।