ਮੌਸਮ ਨੂੰ ਲੈ ਕੇ ਆਈ ਵੱਡੀ ਅਪਡੇਟ! 14 ਤੋਂ ਸ਼ੁਰੂ ਹੋਵੇਗੀ ਮੋਹਲੇਧਾਰ ਬਾਰਿਸ਼
Saturday, May 10, 2025 - 02:02 PM (IST)

ਨੈਸ਼ਨਲ ਡੈਸਕ - ਅੱਜ ਦਿੱਲੀ ਵਾਲਿਆਂ ਲਈ ਇਕ ਖਾਸ ਦਿਨ ਸੀ, ਜਦੋਂ ਮੌਸਮ ਅਚਾਨਕ ਬਦਲ ਗਿਆ ਅਤੇ ਰਾਜਧਾਨੀ ’ਚ ਮੋਹਲੇਧਾਰ ਮੀਂਹ ਸ਼ੁਰੂ ਹੋ ਗਿਆ। ਕਈ ਇਲਾਕਿਆਂ ’ਚ ਤੇਜ਼ ਹਵਾਵਾਂ ਦੇ ਨਾਲ ਮੀਂਹ ਪੈ ਰਿਹਾ ਹੈ, ਜਦੋਂ ਕਿ ਕੁਝ ਇਲਾਕਿਆਂ ’ਚ ਬੱਦਲ ਗੂੜ੍ਹੇ ਹੋਣ ਨਾਲ ਮੀਂਹ ਪੈਣ ਦੀ ਸੰਭਾਵਨਾ ਵੱਧ ਗਈ ਹੈ। ਇਸ ਦੇ ਨਾਲ ਹੀ ਦਿੱਲੀ ਨਾਲ ਲੱਗਦੇ ਨੋਇਡਾ ’ਚ ਸੂਰਜ ਚਮਕ ਰਿਹਾ ਹੈ ਅਤੇ ਉੱਥੇ ਮੌਸਮ ਵੱਖਰਾ ਦਿਖਾਈ ਦੇ ਰਿਹਾ ਹੈ। ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਲਈ ਹੋਰ ਮੀਂਹ ਪੈਣ ਦੀ ਚਿਤਾਵਨੀ ਜਾਰੀ ਕੀਤੀ ਹੈ।
ਮੌਸਮ ਵਿਭਾਗ ਅਨੁਸਾਰ, ਦਿੱਲੀ ’ਚ 13 ਮਈ ਤੱਕ ਹਵਾ ਦੀ ਗਤੀ 40 ਤੋਂ 50 ਕਿਲੋਮੀਟਰ ਪ੍ਰਤੀ ਘੰਟਾ ਹੋ ਸਕਦੀ ਹੈ। ਇਸ ਦੇ ਨਾਲ ਹੀ, ਅਸਮਾਨ ਬੱਦਲਵਾਈ ਰਹਿ ਸਕਦੀ ਹੈ। ਰਾਜਧਾਨੀ ’ਚ ਖਰਾਬ ਮੌਸਮ ਦੀ ਇਹ ਲੜੀ 16 ਮਈ ਤੱਕ ਜਾਰੀ ਰਹਿ ਸਕਦੀ ਹੈ। 14, 15 ਅਤੇ 16 ਮਈ ਦੌਰਾਨ ਅਸਮਾਨ ਅੰਸ਼ਕ ਤੌਰ 'ਤੇ ਬੱਦਲਵਾਈ ਰਹਿ ਸਕਦੀ ਹੈ ਪਰ ਹਵਾ ਦੀ ਗਤੀ ਹੌਲੀ ਹੋ ਸਕਦੀ ਹੈ।
ਪਿਛਲੇ 24 ਘੰਟਿਆਂ ’ਚ ਦਿੱਲੀ ’ਚ ਵੱਧ ਤੋਂ ਵੱਧ ਅਤੇ ਘੱਟੋ-ਘੱਟ ਤਾਪਮਾਨ ’ਚ ਕੋਈ ਖਾਸ ਬਦਲਾਅ ਨਹੀਂ ਆਇਆ। ਸ਼ੁੱਕਰਵਾਰ ਨੂੰ ਵੱਧ ਤੋਂ ਵੱਧ ਤਾਪਮਾਨ 36.7 ਡਿਗਰੀ ਅਤੇ ਘੱਟੋ-ਘੱਟ ਤਾਪਮਾਨ 25.8 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ, ਜੋ ਕਿ ਆਮ ਨਾਲੋਂ 2 ਤੋਂ 5 ਡਿਗਰੀ ਘੱਟ ਸੀ। ਪਾਲਮ ਹਵਾਈ ਅੱਡੇ 'ਤੇ ਵੀ ਹਲਕੀ ਬਾਰਿਸ਼ ਹੋਈ ਅਤੇ 37 ਕਿਲੋਮੀਟਰ ਪ੍ਰਤੀ ਘੰਟਾ ਦੀ ਰਫ਼ਤਾਰ ਨਾਲ ਹਵਾਵਾਂ ਚੱਲੀਆਂ।
ਮੌਸਮ ਵਿਭਾਗ ਦੇ ਅਨੁਸਾਰ, ਪੂਰਬੀ ਭਾਰਤ ’ਚ 10 ਮਈ ਤੋਂ ਗਰਮ ਹਵਾਵਾਂ ਦਾ ਇਕ ਨਵਾਂ ਦੌਰ ਸ਼ੁਰੂ ਹੋ ਸਕਦਾ ਹੈ। ਅਗਲੇ 4 ਤੋਂ 5 ਦਿਨਾਂ ਤੱਕ ਉੱਤਰ-ਪੱਛਮ ਅਤੇ ਮੱਧ ਭਾਰਤ ’ਚ ਗਰਜ-ਤੂਫ਼ਾਨ ਦੇ ਨਾਲ-ਨਾਲ ਮੀਂਹ ਅਤੇ ਬਿਜਲੀ ਡਿੱਗਣ ਦੀ ਸੰਭਾਵਨਾ ਹੈ। 10 ਤੋਂ 13 ਮਈ ਦੇ ਵਿਚਕਾਰ ਉੱਤਰ-ਪੂਰਬੀ ਭਾਰਤ ’ਚ ਭਾਰੀ ਮੀਂਹ ਅਤੇ ਬਿਜਲੀ ਡਿੱਗਣ ਦੀ ਵੀ ਸੰਭਾਵਨਾ ਹੈ।
ਮੌਨਸੂਨ ਸਬੰਧੀ ਇਕ ਮਹੱਤਵਪੂਰਨ ਅਪਡੇਟ ਵੀ ਆਈ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਦੱਖਣ-ਪੱਛਮੀ ਮਾਨਸੂਨ 13 ਮਈ ਦੇ ਆਸ-ਪਾਸ ਦੱਖਣੀ ਅੰਡੇਮਾਨ ਸਾਗਰ, ਦੱਖਣ-ਪੂਰਬੀ ਬੰਗਾਲ ਦੀ ਖਾੜੀ ਦੇ ਕੁਝ ਹਿੱਸਿਆਂ ਅਤੇ ਨਿਕੋਬਾਰ ਟਾਪੂਆਂ ਤੱਕ ਪਹੁੰਚ ਸਕਦਾ ਹੈ।