ਰੇਲਵੇ ਹੁਣ ਸਲੀਪਰ ਕਲਾਸ ਲਈ ਵੀ ਮੁਹੱਈਆ ਕਰਾਏਗਾ ਬਿਸਤਰੇ
Friday, Nov 28, 2025 - 10:47 PM (IST)
ਚੇਨਈ - ਰੇਲਵੇ ਅਗਲੇ ਸਾਲ 1 ਜਨਵਰੀ ਤੋਂ ‘ਨਾਨ-ਏ. ਸੀ. ਸਲੀਪਰ ਕਲਾਸ’ ਦੇ ਯਾਤਰੀਆਂ ਨੂੰ ‘ਸੈਨੇਟਾਈਜ਼ਡ ਬੈੱਡਰੋਲ’ (ਬਿਸਤਰ) ਮੁਹੱਈਆ ਕਰਾਏਗਾ। ਇਹ ਸਹੂਲਤ ਸਭ ਤੋਂ ਪਹਿਲਾਂ ਦੱਖਣੀ ਰੇਲਵੇ ਦਾ ਚੇਨਈ ਰੇਲਵੇ ਡਿਵੀਜ਼ਨ ਸ਼ੁਰੂ ਕਰਨ ਜਾ ਰਿਹਾ ਹੈ। ‘ਨਾਨ-ਏ. ਸੀ. ਸਲੀਪਰ ਕਲਾਸ’ ਦੇ ਯਾਤਰੀ ਇਕ ਜਨਵਰੀ ਤੋਂ ਨਿਰਧਾਰਤ ਭੁਗਤਾਨ ਕਰ ਕੇ ਸੈਨੇਟਾਈਜ਼ਡ ਬੈੱਡਰੋਲ ਦੀ ਅਪੀਲ ਕਰ ਸਕਦੇ ਹਨ। ਹੁਣ ਤੱਕ ਇਹ ਸਹੂਲਤ ਸਲੀਪਰ ਕਲਾਸ ਦੇ ਯਾਤਰੀਆਂ ਲਈ ਮੁਹੱਈਆ ਨਹੀਂ ਸੀ। ਇਸ ਸਮੱਸਿਆ ਨੂੰ ਹੱਲ ਕਰਨ ਲਈ ਚੇਨਈ ਡਿਵੀਜ਼ਨ ਨੇ 2023-24 ਦੌਰਾਨ ਇਕ ਪਾਇਲਟ ਪ੍ਰਾਜੈਕਟ ਲਾਗੂ ਕੀਤਾ ਸੀ।
ਇਸ ਪ੍ਰਾਜੈਕਟ ਨੂੰ ਯਾਤਰੀਆਂ ਵੱਲੋਂ ਹਾਂ-ਪੱਖੀ ਹੁੰਗਾਰਾ ਮਿਲਿਆ, ਜਿਸ ਕਾਰਨ ਰੇਲਵੇ ਨੇ ਇਸ ਸੇਵਾ ਨੂੰ ਇਕ ਨਿਯਮਿਤ ਗੈਰ-ਕਿਰਾਇਆ ਮਾਲੀਆ ਪਹਿਲਕਦਮੀ ਵਜੋਂ ਸ਼ੁਰੂ ਕਰਨ ਦਾ ਫੈਸਲਾ ਲਿਆ ਹੈ। ਪਹਿਲੇ ਪੈਕੇਜ ਵਿਚ ਇਕ ਬੈੱਡਸ਼ੀਟ, ਇਕ ਸਿਰਹਾਣਾ ਅਤੇ ਇਕ ਸਿਰਹਾਣੇ ਦੇ ਕਵਰ ਦੀ ਕੀਮਤ 50 ਰੁਪਏ ਹੋਵੇਗੀ। ਦੂਜੇ ਪੈਕੇਜ ਵਿਚ ਸਿਰਫ਼ ਇਕ ਸਿਰਹਾਣਾ ਅਤੇ ਇਕ ਸਿਰਹਾਣੇ ਦਾ ਕਵਰ ਹੋਵੇਗਾ, ਜਿਸਦੀ ਕੀਮਤ 30 ਰੁਪਏ ਹੋਵੇਗੀ। ਤੀਜੇ ਪੈਕੇਜ ਵਿਚ, ਸਿਰਫ਼ ਇਕ ਬੈੱਡਸ਼ੀਟ ਹੋਵੇਗੀ, ਜਿਸਦੀ ਕੀਮਤ 20 ਰੁਪਏ ਹੋਵੇਗੀ।
