ਮਹਾਰਾਸ਼ਟਰ ’ਚ ਸੀਟਾਂ ਦੀ ਵੰਡ ’ਤੇ ਰਾਹੁਲ ਲੈਣਗੇ ਫੈਸਲਾ
Tuesday, Aug 06, 2024 - 05:51 PM (IST)
ਨਵੀਂ ਦਿੱਲੀ- ਲੋਕ ਸਭਾ ਦੀਆਂ ਚੋਣਾਂ ’ਚ ਆਪਣੀ ਸ਼ਾਨਦਾਰ ਜਿੱਤ ਤੋਂ ਬਾਅਦ ਕਾਂਗਰਸ ਪਾਰਟੀ ਸੱਤਵੇਂ ਅਸਮਾਨ ’ਤੇ ਹੈ। ਇਸ ਦੀਆਂ ਸੀਟਾਂ ਲਗਭਗ ਦੁੱਗਣੀਆਂ ਹੋ ਕੇ 99 ਹੋ ਗਈਆਂ ਹਨ।
ਮਹਾਰਾਸ਼ਟਰ ’ਚ ਕਾਂਗਰਸ ਦੇ ਉਤਸ਼ਾਹਿਤ ਨੇਤਾ ਵਿਧਾਨ ਸਭਾ ਚੋਣਾਂ ਲਈ ਲਗਭਗ 120 ਸੀਟਾਂ ਦੀ ਮੰਗ ਕਰ ਰਹੇ ਹਨ ਜਾਂ ਇਕੱਲੇ ਚੋਣ ਲੜਨਾ ਚਾਹੁੰਦੇ ਹਨ। ਕਾਂਗਰਸ ਨੇ ਖੁੱਦ ਨੂੰ ਅਲਾਟ ਕੀਤੀਆਂ 17 ਲੋਕ ਸਭਾ ਸੀਟਾਂ ’ਚੋਂ 13 ’ਤੇ ਜਿੱਤ ਪ੍ਰਾਪਤ ਕੀਤੀ, ਜਦੋਂ ਕਿ ਊਧਵ ਦੀ ਸ਼ਿਵ ਸੈਨਾ 21 ’ਚੋਂ 9 ਸੀਟਾਂ ਜਿੱਤ ਸਕੀ। ਸ਼ਰਦ ਪਵਾਰ ਦੀ ਅਗਵਾਈ ਵਾਲੀ ਐੱਨ. ਸੀ. ਪੀ. ਨੇ 10 ’ਚੋਂ 8 ਸੀਟਾਂ ਜਿੱਤੀਆਂ।
ਤਿੰਨਾਂ ਭਾਈਵਾਲਾਂ ਵਿਚਾਲੇ ਸੀਟਾਂ ਦੀ ਵੰਡ ਦੇ ਪੈਮਾਨੇ ਤੈਅ ਕਰਨ ਲਈ ਕਾਂਗਰਸ 7 ਅਗਸਤ ਨੂੰ ਆਪਣੀ ਅਹਿਮ ਮੀਟਿੰਗ ਕਰ ਰਹੀ ਹੈ। ਇਸ ਬਾਰੇ ਮੌਲਿਕ ਪੈਮਾਨਾ ਤਿਆਰ ਕੀਤੇ ਜਾਣ ਦੀ ਸੰਭਾਵਨਾ ਹੈ ਪਰ ਕੇਂਦਰੀ ਲੀਡਰਸ਼ਿਪ ਮਹਾਂ ਵਿਕਾਸ ਆਘਾੜੀ (ਐੱਮ. ਵੀ. ਏ.) ’ਚ ਏਕਤਾ ਬਣਾਈ ਰੱਖਣ ਬਾਰੇ ਪੂਰੀ ਤਰ੍ਹਾਂ ਸਪੱਸ਼ਟ ਹੈ।
ਕਿਹਾ ਜਾਂਦਾ ਹੈ ਕਿ ਲੋਕ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਐੱਮ. ਵੀ. ਏ. ਦੇ ਭਾਈਵਾਲਾਂ ’ਚ ਇਕ ਗੈਰ-ਰਸਮੀ ਸਮਝ ਸੀ ਕਿ ਉਨ੍ਹਾਂ ’ਚੋਂ ਹਰੇਕ ਲੋਕ ਸਭਾ ਚੋਣਾਂ ਦੇ ਨਤੀਜਿਆਂ ਦੀ ਪਰਵਾਹ ਕੀਤੇ ਬਿਨਾਂ ਆਉਣ ਵਾਲੀਆਂ ਵਿਧਾਨ ਸਭਾ ਚੋਣਾਂ ’ਚ 96 ਸੀਟਾਂ 'ਤੇ ਚੋਣ ਲੜੇਗਾ, ਪਰ ਨਤੀਜਿਆਂ ਤੋਂ ਬਾਅਦ ਮਹਾਰਾਸ਼ਟਰ ਕਾਂਗਰਸ ਦੇ ਪ੍ਰਧਾਨ ਨਾਨਾ ਪਟੋਲੇ ਨੇ ਇਕ ਵੱਖਰੀ ਸੁਰ ਅਪਨਾ ਲਈ ਅਤੇ ਕਿਹਾ ਕਿ ਉਨ੍ਹਾਂ ਦੀ ਪਾਰਟੀ ਗੱਠਜੋੜ ’ਚ ‘ਵੱਡਾ ਭਰਾ’ ਬਣ ਗਈ ਹੈ।
ਇਸ ਨਾਲ ਹਾਈ ਕਮਾਨ ਨਾਰਾਜ਼ ਹੋ ਗਈ। ਏ. ਆਈ. ਸੀ. ਸੀ. ਦੀ ਸੂਬਾ ਇਕਾਈ ਦੇ ਇੰਚਾਰਜ ਰਮੇਸ਼ ਚੇਨੀਥਲਾ ਨੇ ਪਟੋਲੇ ਨੂੰ ਨਜ਼ਰਅੰਦਾਜ਼ ਕਰ ਦਿੱਤਾ।
ਕਿਹਾ ਜਾ ਰਿਹਾ ਹੈ ਕਿ ਜਿਵੇਂ-ਜਿਵੇਂ ਵਿਧਾਨ ਸਭਾ ਚੋਣਾਂ ਨੇੜੇ ਆ ਰਹੀਆਂ ਹਨ, ਦਲ-ਬਦਲੀ ਨੂੰ ਧਿਆਨ ’ਚ ਰੱਖਦਿਆਂ ਲੋੜ ਮੁਤਾਬਕ ਕੁਝ ਸੀਟਾਂ ਨੂੰ ਐਡਜਸਟ ਕਰਨਾ ਪੈ ਸਕਦਾ ਹੈ।
ਇਹ ਵੀ ਫੈਸਲਾ ਕੀਤਾ ਗਿਆ ਕਿ ਐੱਮ. ਵੀ. ਏ. ਕਿਸੇ ਵੀ ਵਿਅਕਤੀ ਨੂੰ ਆਪਣੇ ਮੁੱਖ ਮੰਤਰੀ ਦੇ ਚਿਹਰੇ ਵਜੋਂ ਪੇਸ਼ ਨਹੀਂ ਕਰੇਗੀ। ਚੋਣ ਸਮੂਹਿਕ ਲੀਡਰਸ਼ਿਪ ਦੇ ਪੈਮਾਨੇ ’ਤੇ ਲੜੀ ਜਾਵੇਗੀ।
ਸੂਬਾ ਕਾਂਗਰਸ ਘੱਟੋ-ਘੱਟ 120 ਸੀਟਾਂ ’ਤੇ ਚੋਣ ਲੜਨ ਦੀ ਇੱਛੁਕ ਹੈ ਪਰ ਨਾਲ ਹੀ ਉਹ ਇਹ ਦਲੀਲ ਵੀ ਦਿੰਦੀ ਹੈ ਕਿ ਸਿਆਸੀ ਸਥਿਤੀ ‘ਪੱਥਰ ’ਤੇ ਲੀਕ’ ਨਹੀਂ ਹੈ।
ਹਾਲਾਂਕਿ, ਰਾਹੁਲ ਗਾਂਧੀ ਨੇ ਸੂਬੇ ਦੇ ਪਾਰਟੀ ਨੇਤਾਵਾਂ ਨੂੰ ਸੰਦੇਸ਼ ਦਿੱਤਾ ਹੈ ਕਿ ਉਹ ਐੱਮ. ਵੀ. ਏ. ਨੂੰ ਕਮਜ਼ੋਰ ਕਰਨ ਵਾਲੇ ਬਿਆਨ ਨਾ ਦੇਣ ਤੇ ਪਾਰਟੀ ਫੋਰਮ ਦੇ ਅੰਦਰ ਹੀ ਬੋਲਣ।