ਰਾਹੁਲ ਗਾਂਧੀ ਦੇ ਕੰਟਰੋਲ ਵਾਲੀ ਕਾਂਗਰਸ ਅੱਤਵਾਦ ’ਤੇ ਪਾਕਿ ਦਾ ਕਰਦੀ ਹੈ ਬਚਾਅ : ਅਨੁਰਾਗ ਠਾਕੁਰ
Monday, Jul 28, 2025 - 10:01 PM (IST)

ਨਵੀਂ ਦਿੱਲੀ (ਵਿਸ਼ੇਸ਼)- ਸਾਬਕਾ ਕੇਂਦਰੀ ਮੰਤਰੀ ਤੇ ਹਮੀਰਪੁਰ ਤੋਂ ਲੋਕ ਸਭਾ ਦੇ ਮੈਂਬਰ ਅਨੁਰਾਗ ਸਿੰਘ ਠਾਕੁਰ ਨੇ ਸਾਬਕਾ ਗ੍ਰਹਿ ਮੰਤਰੀ ਤੇ ਕਾਂਗਰਸ ਦੇ ਨੇਤਾ ਪੀ. ਚਿਦਾਂਬਰਮ ਦੇ ਬਿਆਨ ’ਤੇ ਤਿੱਖਾ ਹਮਲਾ ਕੀਤਾ ਹੈ ਜਿਸ ’ਚ ਉਨ੍ਹਾਂ ਕਿਹਾ ਸੀ ਕਿ ਪਹਿਲਗਾਮ ਅੱਤਵਾਦੀ ਹਮਲੇ ’ਚ ਸ਼ਾਮਲ ਅੱਤਵਾਦੀਆਂ ਦੇ ਪਾਕਿਸਤਾਨ ਤੋਂ ਆਉਣ ਦਾ ਕੋਈ ਸਬੂਤ ਨਹੀਂ ਹੈ।
ਕਾਂਗਰਸ ਦੇ ਪਾਕਿਸਤਾਨ ਪੱਖੀ ਰਵੱਈਏ ’ਤੇ ਸਵਾਲ ਉਠਾਉਂਦੇ ਹੋਏ ਅਨੁਰਾਗ ਨੇ ਕਿਹਾ ਕਿ ਰਾਹੁਲ ਦੇ ਕੰਟਰੋਲ ਵਾਲੀ ਕਾਂਗਰਸ ਪਾਕਿਸਤਾਨ ਦਾ ਜਿੰਨਾ ਬਚਾਅ ਕਰਦੀ ਹੈ, ਓਨਾ ਤਾਂ ਪਾਕਿਸਤਾਨ ਖੁਦ ਵੀ ਨਹੀਂ ਕਰਦਾ। ਜਦੋਂ ਵੀ ਪਾਕਿਸਤਾਨ ਤੇ ਅੱਤਵਾਦ ਦੀ ਗੱਲ ਆਉਂਦੀ ਹੈ ਤਾਂ ਪਾਕਿਸਤਾਨ ਵੀ ਆਪਣਾ ਓਨਾ ਬਚਾਅ ਨਹੀਂ ਕਰਦਾ ਜਿੰਨਾ ਰਾਹੁਲ ਦੇ ਕੰਟਰੋਲ ਵਾਲੀ ਕਾਂਗਰਸ ਕਰਦੀ ਹੈ।
ਉਨ੍ਹਾਂ ਕਿਹਾ ਕਿ ਹਰ ਦਲੀਲ ਤੇ ਬਚਾਅ ਦਾ ਤਰੀਕਾ ਤਿਆਰ ਹੈ। ਕਿਤੇ ਨਾ ਕਿਤੇ ਕਾਂਗਰਸ ਹਮੇਸ਼ਾ ਪਾਕਿਸਤਾਨ ਦਾ ਬਚਾਅ ਕਰਨ ਲਈ ਮੌਜੂਦ ਹੈ। ਕਾਂਗਰਸ ਦੀ ਪਾਕਿ ਦੀ ਹਮਾਇਤ ਕਰਨ ਦੀ ਕੀ ਮਜਬੂਰੀ ਹੈ? ਅੱਜ ਜਦੋਂ ਸੰਸਦ ’ਚ ਪਹਿਲਗਾਮ ਅੱਤਵਾਦੀ ਹਮਲੇ 'ਤੇ ਚਰਚਾ ਹੋ ਰਹੀ ਹੈ ਤਾਂ ਸੀਨੀਅਰ ਕਾਂਗਰਸੀ ਨੇਤਾ ਪੀ. ਚਿਦਾਂਬਰਮ ਦਾ ਪਾਕਿ ਦੇ ਹੱਕ ’ਚ ਬਿਆਨ ਕਾਂਗਰਸ ਦੀ ਪਾਕਿਸਤਾਨ ਪੱਖੀ ਮਾਨਸਿਕਤਾ ਨੂੰ ਦਰਸਾਉਂਦਾ ਹੈ।
ਉਨ੍ਹਾਂ ਕਿਹਾ ਕਿ ਜਦੋਂ ਸੰਸਦ ਮੈਂਬਰਾਂ ਦਾ ਵਫ਼ਦ ਪਾਕਿ ਸਪਾਂਸਰਡ ਅੱਤਵਾਦ ’ਤੇ ਪਾਕਿਸਤਾਨ ਦਾ ਪਰਦਾਫਾਸ਼ ਕਰਨ ਲਈ ਵਿਦੇਸ਼ ਗਿਆ ਸੀ ਤਾਂ ਕਾਂਗਰਸੀ ਆਗੂਆਂ ਨੇ ਕਿਹਾ ਸੀ ਕਿ ਅੱਤਵਾਦੀ ਖੁੱਲ੍ਹੇਆਮ ਘੁੰਮ ਰਹੇ ਹਨ, ਸੰਸਦ ਮੈਂਬਰ ਵੀ ਖੁੱਲ੍ਹੇਆਮ ਘੁੰਮ ਰਹੇ ਹਨ। ਕਾਂਗਰਸ ਲਈ ਭਾਰਤ ਦੇ ਸੰਸਦ ਮੈਂਬਰਾਂ ਦੀ ਤੁਲਨਾ ਅੱਤਵਾਦੀਆਂ ਨਾਲ ਕਰਨਾ ਮੁਆਫ਼ ਕਰਨ ਯੋਗ ਨਹੀਂ ਹੈ।