ਗੁਲਮਰਗ ਪਹੁੰਚੇ ਰਾਹੁਲ ਗਾਂਧੀ ਨੇ ਕੀਤੀ ਸਕੀਇੰਗ, ਵੱਡੀ ਗਿਣਤੀ ''ਚ ਜਮ੍ਹਾ ਹੋਏ ਲੋਕਾਂ ਨੇ ਲਈ ਸੈਲਫ਼ੀ (ਤਸਵੀਰਾਂ)
Thursday, Feb 16, 2023 - 10:13 AM (IST)
ਸ਼੍ਰੀਨਗਰ (ਵਾਰਤਾ)- ਕਾਂਗਰਸ ਨੇਤਾ ਰਾਹੁਲ ਗਾਂਧੀ ਬੁੱਧਵਾਰ ਨੂੰ ਬਾਰਾਮੂਲਾ ਜ਼ਿਲ੍ਹੇ ਦੇ ਗੁਲਮਰਗ ਸਕੀਇੰਗ ਰਿਜ਼ੋਰਟ ਪਹੁੰਚੇ। ਕਾਂਗਰਸ ਸੂਤਰਾਂ ਨੇ ਦੱਸਿਆ ਕਿ ਰਾਹੁਲ 2 ਦਿਨਾ ਨਿੱਜੀ ਦੌਰੇ 'ਤੇ ਸਕੀਇੰਗ ਰਿਜ਼ੋਰਟ ਆਏ ਹਨ। ਟੀ-ਸ਼ਰਟ ਪਹਿਨੇ ਰਾਹੁਲ ਗੁਲਮਰਗ ਪਹੁੰਚੇ ਅਤੇ ਇਸ ਦੇ ਤੁਰੰਤ ਬਾਅਦ ਉਨ੍ਹਾਂ ਨੂੰ ਕੋਂਗਡੋਰੀ 'ਚ ਬਰਫ਼ ਦੀਆਂ ਢਲਾਣਾਂ 'ਤੇ ਸਕੀਇੰਗ ਕਰਦੇ ਦੇਖਿਆ ਗਿਆ। ਕਾਂਗਰਸ ਨੇਤਾ ਲਈ ਰਿਜ਼ੋਰਟ 'ਚ ਸੁਰੱਖਿਆ ਦੇ ਪੂਰੇ ਇੰਤਜ਼ਾਮ ਕੀਤੇ ਗਏ ਹਨ। ਰਾਹੁਲ ਨੂੰ ਢਲਾਣਾਂ 'ਤੇ ਸਕੀਇੰਗ ਕਰਦੇ ਦੇਖਣ ਲਈ ਸੈਲਾਨੀਆਂ ਸਮੇਤ ਵੱਡੀ ਗਿਣਤੀ 'ਚ ਲੋਕ ਮੌਕੇ 'ਤੇ ਜਮ੍ਹਾ ਹੋ ਗਏ ਅਤੇ ਉਨ੍ਹਾਂ ਨਾਲ ਸੈਲਫ਼ੀ ਲਈ।
ਭਾਰਤ ਦੇ ਵੱਖ-ਵੱਖ ਸੂਬਿਆਂ ਤੋਂ ਆਏ ਕੁਝ ਸੈਲਾਨੀਆਂ ਨੇ ਗੁਲਮਰਗ ਦੀਆਂ ਬਰਫ਼ੀਲੀਆਂ ਢਲਾਣਾਂ 'ਤੇ ਸਕੀ ਸੂਟ 'ਚ ਕਾਂਗਰਸ ਨੇਤਾਵਾਂ ਨੂੰ ਆਪਣੇ ਵਿਚਾਲੇ ਦੇਖ ਕੇ ਖੁਸ਼ੀ ਜ਼ਾਹਰ ਕੀਤੀ। ਇਸ ਤੋਂ ਪਹਿਲਾਂ ਗੁਲਮਰਗ ਜਾਂਦੇ ਸਮੇਂ ਰਾਹੁਲ ਕੁਝ ਸਮੇਂ ਲਈ ਤੰਗਮਰਗ 'ਚ ਰੁਕੇ, ਜਿੱਥੇ ਵੱਡੀ ਗਿਣਤੀ 'ਚ ਲੋਕਾਂ ਨੇ ਉਨ੍ਹਾਂ ਦਾ ਖੁੱਲ੍ਹੇ ਦਿਨ ਨਾਲ ਸੁਆਗਤ ਕੀਤਾ। ਉਨ੍ਹਾਂ ਨੇ ਤੰਗਮਰਗ 'ਚ ਸਥਾਨਕ ਲੋਕਾਂ ਨਾਲ ਵੀ ਗੱਲਬਾਤ ਕੀਤੀ ਅਤੇ ਇਨ੍ਹਾਂ ਲੋਕਾਂ ਨੇ ਕਾਂਗਰਸ ਨੇਤਾ ਨਾਲ ਤਸਵੀਰਾਂ ਵੀ ਲਈਆਂ। ਰਾਹੁਲ ਨੇ ਹਾਲ ਹੀ 'ਚ ਸ਼੍ਰੀਨਗਰ 'ਚ ਇਤਿਹਾਸਕ ਲਾਲ ਚੌਕ 'ਤੇ ਤਿਰੰਗਾ ਲਹਿਰਾ ਕੇ ਆਪਣੀ 'ਭਾਰਤ ਜੋੜੋ ਯਾਤਰਾ' ਦੀ ਸਮਾਪਤੀ ਕੀਤੀ ਅਤੇ 30 ਜਨਵਰੀ ਨੂੰ ਬਰਫ਼ਬਾਰੀ ਵਿਚਾਲੇ ਇਕ ਜਨ ਸਭਾ ਨੂੰ ਸੰਬੋਧਨ ਕੀਤਾ ਸੀ।