ਰਾਹੁਲ ਗਾਂਧੀ ਨੇ ''ਛਾਤਰੋਂ ਕੀ ਗੂੰਜ'' ਪ੍ਰੋਗਰਾਮ ''ਚ ਬੁਲੰਦ ਕੀਤੀ ਵਿਦਿਆਰਥਣਾਂ ਦੀ ਆਵਾਜ਼
Saturday, Aug 22, 2026 - 08:23 PM (IST)
ਨੈਸ਼ਨਲ ਡੈਸਕ : ਲੋਕ ਸਭਾ 'ਚ ਵਿਰੋਧੀ ਧਿਰ ਦੇ ਨੇਤਾ ਤੇ ਸੰਸਦ ਮੈਂਬਰ ਰਾਹੁਲ ਗਾਂਧੀ ਸ਼ਨੀਵਾਰ ਨੂੰ ਪੁਣੇ 'ਚ ਆਯੋਜਿਤ 'ਛਾਤਰੋਂ ਕੀ ਗੂੰਜ' (ਵਿਦਿਆਰਥੀਆਂ ਦੀ ਗੂੰਜ) ਪ੍ਰੋਗਰਾਮ 'ਚ ਸ਼ਾਮਲ ਹੋਏ। ਇਸ ਦੌਰਾਨ ਉੱਥੇ ਮੌਜੂਦ ਵਿਦਿਆਰਥਣਾਂ ਨਾਲ ਗੱਲਬਾਤ ਕਰਦਿਆਂ ਉਨ੍ਹਾਂ ਨੇ ਕਿਹਾ ਕਿ ਭਾਰਤ ਦੀ ਸਭ ਤੋਂ ਵੱਡੀ ਤਾਕਤ ਦੇਸ਼ ਦੀਆਂ 70 ਕਰੋੜ ਔਰਤਾਂ ਹਨ। ਉਨ੍ਹਾਂ ਜ਼ੋਰ ਦੇ ਕੇ ਕਿਹਾ ਕਿ ਨਾਰੀ ਸ਼ਕਤੀ ਹੀ ਦੇਸ਼ ਦੀ ਅਸਲ ਤਾਕਤ ਹੈ।
ਰਾਹੁਲ ਗਾਂਧੀ ਨੇ ਔਰਤਾਂ ਦੀ ਸਮਾਜਿਕ ਸਥਿਤੀ 'ਤੇ ਚਿੰਤਾ ਜ਼ਾਹਰ ਕਰਦਿਆਂ ਕਿਹਾ ਕਿ ਅੱਜ ਸਮਾਜ 'ਚ ਇੱਕ ਵੱਡੀ ਸਮੱਸਿਆ ਇਹ ਹੈ ਕਿ ਜਦੋਂ ਵੀ ਔਰਤਾਂ ਬਾਰੇ ਗੱਲ ਹੁੰਦੀ ਹੈ, ਤਾਂ ਉਨ੍ਹਾਂ ਨੂੰ ਅਕਸਰ ਤਿੰਨ ਭੂਮਿਕਾਵਾਂ ਪਤਨੀ, ਧੀ ਅਤੇ ਮਾਂ ਤੱਕ ਹੀ ਸੀਮਤ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਕਿਹਾ ਕਿ ਇਹ ਭੂਮਿਕਾਵਾਂ ਆਪਣੇ ਆਪ ਵਿੱਚ ਗਲਤ ਨਹੀਂ ਹਨ, ਪਰ ਔਰਤਾਂ ਦੀ ਪਛਾਣ ਸਿਰਫ਼ ਇਨ੍ਹਾਂ ਤੱਕ ਹੀ ਸੀਮਤ ਨਹੀਂ ਹੋਣੀ ਚਾਹੀਦੀ।
ਪ੍ਰਾਚੀਨ ਗ੍ਰੰਥ 'ਮਨੂਸਮ੍ਰਿਤੀ' ਦਾ ਹਵਾਲਾ ਦਿੰਦਿਆਂ ਰਾਹੁਲ ਗਾਂਧੀ ਨੇ ਕਿਹਾ, "ਮਨੂਸਮ੍ਰਿਤੀ ਵਿੱਚ ਲਿਖਿਆ ਗਿਆ ਹੈ ਕਿ ਲੜਕੀ ਬਚਪਨ ਵਿੱਚ ਆਪਣੇ ਪਿਤਾ ਦੀ ਸੰਪਤੀ ਹੁੰਦੀ ਹੈ, ਜਵਾਨੀ ਵਿੱਚ ਪਤੀ ਦੀ ਹੁੰਦੀ ਹੈ ਅਤੇ ਬੁਢਾਪੇ ਵਿੱਚ ਆਪਣੇ ਬੱਚਿਆਂ ਦੇ ਆਸਰੇ ਜਿਊਂਦੀ ਹੈ। ਪਰ ਇਹ ਗੱਲਾਂ ਸ਼ਰਮਨਾਕ ਹਨ। ਸਾਡੀਆਂ ਔਰਤਾਂ ਦਾ ਪੂਰੀ ਤਰ੍ਹਾਂ ਆਜ਼ਾਦ ਹੋਣਾ ਬਹੁਤ ਜ਼ਰੂਰ ਹੈ, ਤੁਸੀਂ ਕਿਸੇ 'ਤੇ ਨਿਰਭਰ ਨਹੀਂ ਹੋ। ਪਿਤਾ, ਪਤੀ ਅਤੇ ਪੁੱਤਰ ਨਾਲ ਤੁਹਾਡੇ ਰਿਸ਼ਤੇ ਜ਼ਰੂਰ ਹਨ, ਪਰ ਤੁਹਾਡੀ ਪਛਾਣ ਇਨ੍ਹਾਂ ਰਿਸ਼ਤਿਆਂ ਨਾਲ ਤੈਅ ਨਹੀਂ ਹੁੰਦੀ, ਤੁਹਾਡੀ ਆਪਣੀ ਇੱਕ ਵੱਖਰੀ ਪਛਾਣ ਹੈ"।
ਪ੍ਰੋਗਰਾਮ ਦੌਰਾਨ ਰਾਹੁਲ ਗਾਂਧੀ ਨੇ ਸਪੱਸ਼ਟ ਕੀਤਾ ਕਿ ਉਹ ਉੱਥੇ ਰਾਜਨੀਤੀ ਕਰਨ ਨਹੀਂ ਆਏ, ਸਗੋਂ ਨੌਜਵਾਨਾਂ ਦੇ ਮਨ ਦੀ ਗੱਲ ਸੁਣਨ ਅਤੇ ਉਨ੍ਹਾਂ ਦੇ ਵਿਚਾਰਾਂ 'ਤੇ ਚਰਚਾ ਕਰਨ ਆਏ ਹਨ। ਉਨ੍ਹਾਂ ਵਿਦਿਆਰਥਣਾਂ ਨੂੰ ਸਵਾਲ ਕੀਤਾ ਕਿ ਪੁਰਸ਼ ਆਖਿਰ ਔਰਤਾਂ 'ਤੇ ਕੰਟਰੋਲ ਕਿਉਂ ਰੱਖਣਾ ਚਾਹੁੰਦੇ ਹਨ ਅਤੇ ਕੀ ਇਹ ਪਿੱਤਰਸੱਤਾਤਮਕ ਢਾਂਚੇ ਦੇ ਕਾਰਨ ਹੈ? ਇਸ ਦੇ ਜਵਾਬ ਵਿੱਚ ਇੱਕ ਵਿਦਿਆਰਥਣ ਨੇ ਆਪਣਾ ਦੁੱਖ ਸਾਂਝਾ ਕਰਦਿਆਂ ਦੱਸਿਆ ਕਿ ਜਦੋਂ ਲੋਕ ਉਸ ਨੂੰ ਕਹਿੰਦੇ ਹਨ ਕਿ 'ਤੂੰ ਤਾਂ ਬੱਸ ਇੱਕ ਔਰਤ ਹੈਂ' ਜਾਂ 'ਤੂੰ ਸੁੰਦਰ ਹੈਂ, ਕੋਈ ਤੇਰੇ ਨਾਲ ਵਿਆਹ ਕਰ ਲਵੇਗਾ ਅਤੇ ਤੂੰ ਚੰਗੀ ਜ਼ਿੰਦਗੀ ਜਿਊਂ ਲਵੇਗੀ', ਤਾਂ ਉਸ ਨੂੰ ਬਹੁਤ ਗੁੱਸਾ ਆਉਂਦਾ ਹੈ।
ਰਾਹੁਲ ਗਾਂਧੀ ਨੇ ਜਾਇਦਾਦ ਅਤੇ ਪਰਿਵਾਰਕ ਹੱਕਾਂ ਬਾਰੇ ਵੀ ਗੱਲ ਕੀਤੀ। ਉਨ੍ਹਾਂ ਪੁੱਛਿਆ ਕਿ ਜਦੋਂ ਕੋਈ ਭਰਾ ਆਪਣਾ ਹਿੱਸਾ ਮੰਗਦਾ ਹੈ ਤਾਂ ਉਸ ਨੂੰ ਉਸਦਾ 'ਅਧਿਕਾਰ' ਮੰਨਿਆ ਜਾਂਦਾ ਹੈ, ਪਰ ਜਦੋਂ ਕੋਈ ਲੜਕੀ ਹਿੱਸਾ ਮੰਗਦੀ ਹੈ ਤਾਂ ਉਸ ਨੂੰ ਸਿਰਫ਼ 'ਹਿੱਸਾ ਮੰਗਣਾ' ਕਿਉਂ ਕਿਹਾ ਜਾਂਦਾ ਹੈ? ਇਸ 'ਤੇ ਇੱਕ ਹੋਰ ਵਿਦਿਆਰਥਣ ਨੇ ਜਵਾਬ ਦਿੱਤਾ ਕਿ ਪਰਿਵਾਰ ਅਕਸਰ ਚਾਹੁੰਦੇ ਹਨ ਕਿ ਔਰਤ 9 ਤੋਂ 5 ਦੀ ਨੌਕਰੀ ਵੀ ਕਰੇ ਅਤੇ ਫਿਰ ਘਰ ਆ ਕੇ ਰਸੋਈ ਤੇ ਘਰ ਦੇ ਕੰਮ ਵੀ ਸੰਭਾਲੇ। ਅੱਜ ਦੇ ਸਮੇਂ ਵਿੱਚ ਵੀ ਔਰਤਾਂ ਨੂੰ ਉਨ੍ਹਾਂ ਦਾ ਬਣਦਾ ਹਿੱਸਾ ਦਿੱਤਾ ਜਾਣਾ ਇੱਕ 'ਅਹਿਸਾਨ' ਵਜੋਂ ਦੇਖਿਆ ਜਾਂਦਾ ਹੈ, ਜਦੋਂ ਕਿ ਅਜਿਹਾ ਬਿਲਕੁਲ ਨਹੀਂ ਹੋਣਾ ਚਾਹੀਦਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
