ਲਖਨਊ ਹਵਾਈ ਅੱਡੇ ’ਤੇ ਕੁਝ ਦੇਰ ਧਰਨਾ ਦੇਣ ਮਗਰੋਂ ਰਾਹੁਲ ਆਪਣੇ ਵਾਹਨ ਤੋਂ ਲਖੀਮਪੁਰ ਰਵਾਨਾ
Wednesday, Oct 06, 2021 - 04:30 PM (IST)
ਲਖਨਊ— ਲਖੀਮਪੁਰ ਖੀਰੀ ਜਾਣ ਲਈ ਲਖਨਊ ਹਵਾਈ ਅੱਡੇ ’ਤੇ ਪਹੁੰਚੇ ਰਾਹੁਲ ਗਾਂਧੀ ਪਹਿਲਾਂ ਇਜਾਜ਼ਤ ਨਾ ਮਿਲਣ ਦੇ ਵਿਰੋਧ ਵਿਚ ਕੁਝ ਦੇਰ ਲਈ ਧਰਨੇ ’ਤੇ ਬੈਠੇ। ਹਾਲਾਂਕਿ ਬਾਅਦ ਵਿਚ ਮਨਜ਼ੂਰੀ ਮਿਲਣ ਮਗਰੋਂ ਕਾਂਗਰਸ ਨੇਤਾ ਆਪਣੇ ਵਾਹਨ ਵਿਚ ਸਵਾਰ ਹੋ ਕੇ ਲਖੀਮਪੁਰ ਲਈ ਰਵਾਨਾ ਹੋ ਗਏ। ਰਾਹੁਲ, ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਅਤੇ ਛੱਤੀਸਗੜ੍ਹ ਦੇ ਮੁੱਖ ਮੰਤਰੀ ਭੂਪੇਸ਼ ਬਘੇਲ ਨਾਲ ਲਖਨਊ ਹਵਾਈ ਅੱਡੇ ਪਹੁੰਚੇ। ਇਸ ਦੌਰਾਨ ਅਧਿਕਾਰੀਆਂ ਨੇ ਉਨ੍ਹਾਂ ਨੂੰ ਆਪਣੇ ਵਾਹਨ ਦੀ ਵਰਤੋਂ ਕਰਨ ਦੀ ਥਾਂ ’ਤੇ ਦੂਜੇ ਰਸਤੇ ਤੋਂ ਪੁਲਸ ਦੀ ਗੱਡੀ ਤੋਂ ਜਾਣ ਨੂੰ ਕਿਹਾ। ਇਸ ਗੱਲ ਤੋਂ ਨਾਰਾਜ਼ ਰਾਹੁਲ ਹਵਾਈ ਅੱਡਾ ਕੰਪਲੈਕਸ ਵਿਚ ਹੀ ਧਰਨੇ ’ਤੇ ਬੈਠ ਗਏ। ਹਾਲਾਂਕਿ ਥੋੜ੍ਹੀ ਦੇਰ ਬਾਅਦ ਉਹ ਹਵਾਈ ਅੱਡੇ ਤੋਂ ਨਿਕਲ ਕੇ ਲਖੀਮਪੁਰ ਖੀਰੀ ਲਈ ਰਵਾਨਾ ਹੋ ਗਏ।
ਰਾਹੁਲ ਗਾਂਧੀ ਨੇ ਧਰਨੇ ਦੌਰਾਨ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਾਨੂੰ ਆਪਣੀ ਗੱਡੀ ਤੋਂ ਲਖੀਮਪੁਰ ਖੀਰੀ ਜਾਣਾ ਹੈ ਪਰ ਪਰ ਪੁਲਸ ਚਾਹੁੰਦੀ ਹੈ ਕਿ ਅਸੀਂ ਉਨ੍ਹਾਂ ਦੀ ਗੱਡੀ ’ਚ ਜਾਈਏ। ਪਹਿਲਾਂ ਇਨ੍ਹਾਂ ਨੇ ਕਿਹਾ ਕਿ ਤੁਸੀਂ ਆਪਣੀ ਗੱਡੀ ’ਚ ਜਾ ਸਕਦੇ ਹੋ, ਹੁਣ ਬੋਲ ਰਹੇ ਹਨ ਕਿ ਤੁਸੀਂ ਪੁਲਸ ਦੀ ਗੱਡੀ ’ਚ ਜਾਓਗੇ। ਇਹ ਕੁਝ ਨਾ ਕੁਝ ਬਦਮਾਸ਼ੀ ਕਰ ਰਹੇ ਹਨ। ਰਾਹੁਲ ਨੇ ਕਿਹਾ ਕਿ ਜਿਨ੍ਹਾਂ ਲੋਕਾਂ ਨੂੰ ਜੇਲ੍ਹ ਵਿਚ ਹੋਣਾ ਚਾਹੀਦਾ ਹੈ, ਉਨ੍ਹਾਂ ਨੂੰ ਜੇਲ੍ਹ ’ਚ ਨਹੀਂ ਸੁੱਟਿਆ ਜਾ ਰਿਹਾ ਹੈ ਪਰ ਸਾਨੂੰ ਮਿ੍ਰਤਕ ਕਿਸਾਨਾਂ ਦੇ ਪਰਿਵਾਰਾਂ ਨੂੰ ਮਿਲਣ ਤੋਂ ਰੋਕਿਆ ਜਾ ਰਿਹਾ ਹੈ।